Punjab Weather News : ਮੌਸਮ ਨੇ ਤੋੜੇ ਰਿਕਾਰਡ, 55 ਸਾਲਾਂ 'ਚ ਦੂਜੀ ਵਾਰ ਸਭ ਤੋਂ ਵੱਧ ਪਿਆ ਮੀਂਹ, 3 ਜ਼ਿਲ੍ਹਿਆਂ 'ਚ ਮੀਂਹ ਦਾ ਰੈਡ ਅਲਰਟ ਜਾਰੀ
Punjab Weather Alert : ਪੰਜਾਬ 'ਚ ਮੌਸਮ ਦੀ ਮਾਰ ਅਜੇ ਰੁਕਦੀ ਵਿਖਾਈ ਨਹੀਂ ਦੇ ਰਹੀ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਮੌਸਮ ਨੂੰ ਲੈ ਕੇ ਹੋਰ ਖਤਰਨਾਕ ਚੇਤਾਵਨੀ ਦਿੱਤੀ ਹੈ।
ਉਨ੍ਹਾਂ ਨੇ ਦੱਸਿਆ ਕਿ ਇਸ ਵਾਰ ਮੌਸਮ ਨੇ ਇੱਕ ਵਾਰ ਫਿਰ ਰਿਕਾਰਡ ਤੋੜ ਦਿੱਤੇ ਹਨ। ਉਨ੍ਹਾਂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਭਾਰੀ ਮੀਂਹ ਦੀ ਚੇਤਾਵਨੀ ਹੈ। ਇਸ ਤੋਂ ਇਲਾਵਾ ਕਈ ਵਿਧਾਨ ਸਭਾ ਹਲਕਿਆਂ ਲਈ ਸੰਤਰੀ ਅਲਰਟ ਜਾਰੀ ਅਤੇ ਕਈਆਂ ਲਈ ਯੈਲੋ ਅਲਰਟ ਹੈ।
55 ਸਾਲ ਦਾ ਟੁੱਟਿਆ ਰਿਕਾਰਡ, 3 ਜ਼ਿਲ੍ਹਿਆਂ 'ਚ ਰੈਡ ਅਲਰਟ
ਮੌਸਮ ਵਿਗਿਆਨੀ ਪਵਨੀਤ ਕੌਰ ਕਿੰਗਰਾ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਨੇ ਪਿਛਲੇ 55 ਸਾਲਾਂ ਦੇ ਰਿਕਾਰਡ ਤੋੜ ਦਿੱਤੇ ਹਨ। ਅਤੇ ਕੱਲ੍ਹ 55 ਸਾਲਾਂ ਵਿੱਚ ਦੂਜੀ ਵਾਰ ਸਭ ਤੋਂ ਵੱਧ ਬਾਰਿਸ਼ ਦਰਜ ਕੀਤੀ ਗਈ। ਉਨ੍ਹਾਂ ਕਿਹਾ ਕਿ ਲਗਾਤਾਰ ਹੋ ਰਹੀ ਬਾਰਿਸ਼ ਨੇ ਤਾਪਮਾਨ ਨੂੰ ਜ਼ਰੂਰ ਹੇਠਾਂ ਲਿਆਂਦਾ ਹੈ, ਪਰ ਆਉਣ ਵਾਲੇ ਦਿਨਾਂ ਵਿੱਚ ਦੁਬਾਰਾ ਮੀਂਹ ਪੈਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਲੁਧਿਆਣਾ, ਜਲੰਧਰ ਅਤੇ ਕਪੂਰਥਲਾ ਵਿੱਚ ਅੱਜ ਅਤੇ ਕੱਲ੍ਹ ਲਈ ਲਾਲ ਅਲਰਟ ਜਾਰੀ ਕੀਤਾ ਗਿਆ ਹੈ, ਜਦੋਂ ਕਿ ਉੱਤਰੀ ਜ਼ਿਲ੍ਹਿਆਂ ਲਈ ਸੰਤਰੀ ਅਲਰਟ ਅਤੇ ਬਾਕੀ ਜ਼ਿਲ੍ਹਿਆਂ ਲਈ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀਆਂ ਫਸਲਾਂ ਵਿੱਚ ਪਾਣੀ ਦੇ ਨਿਕਾਸ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਅਤੇ ਮੌਸਮ ਨੂੰ ਧਿਆਨ ਵਿੱਚ ਰੱਖ ਕੇ ਆਪਣੀਆਂ ਬਾਹਰੀ ਗਤੀਵਿਧੀਆਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ।
ਜ਼ਿਕਰਯੋਗ ਹੈ ਕਿ ਪੂਰੇ ਪੰਜਾਬ ਵਿੱਚ ਮੀਂਹ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ। ਬੇਸ਼ੱਕ ਪਿਛਲੇ ਦੋ ਦਿਨਾਂ ਵਿੱਚ ਕੁਝ ਰਾਹਤ ਮਿਲੀ ਹੈ, ਪਰ ਕੱਲ੍ਹ ਤੋਂ ਦੁਬਾਰਾ ਸ਼ੁਰੂ ਹੋਈ ਬਾਰਿਸ਼ ਨੇ ਇੱਕ ਵਾਰ ਫਿਰ ਲੋਕਾਂ ਦੀ ਚਿੰਤਾ ਵਧਾ ਦਿੱਤੀ ਹੈ। ਜਿੱਥੇ ਪੰਜਾਬ ਦੇ ਹਜ਼ਾਰਾਂ ਪਿੰਡ ਹੜ੍ਹਾਂ ਦੀ ਲਪੇਟ ਵਿੱਚ ਆ ਗਏ ਹਨ। ਇਸ ਦੇ ਨਾਲ ਹੀ ਲਗਾਤਾਰ ਬਾਰਿਸ਼ ਕਾਰਨ ਇੱਕ ਵਾਰ ਫਿਰ ਦਰਿਆਵਾਂ ਦਾ ਪਾਣੀ ਦਾ ਪੱਧਰ ਵਧਣ ਲੱਗਾ ਹੈ। ਇੰਨਾ ਹੀ ਨਹੀਂ, ਮੌਸਮ ਵਿਗਿਆਨੀਆਂ ਨੇ ਆਉਣ ਵਾਲੇ ਦਿਨਾਂ ਲਈ ਚੇਤਾਵਨੀ ਵੀ ਜਾਰੀ ਕੀਤੀ ਹੈ।
- PTC NEWS