What Is Suicide Capsule : ਮਰਨਾ ਵੀ ਹੋਇਆ ਆਸਾਨ ! 2 ਮਿੰਟ 'ਚ ਬੇਹੋਸ਼, 5 ਮਿੰਟ 'ਚ ਮੌਤ !
What Is Suicide Capsule : ਮੀਡੀਆ ਰਿਪੋਰਟਾਂ ਮੁਤਾਬਕ ਸਵਿਟਜ਼ਰਲੈਂਡ 'ਚ ਪੁਲਿਸ ਨੇ ਕੁਝ ਲੋਕਾਂ ਨੂੰ ਹਿਰਾਸਤ 'ਚ ਲਿਆ ਹੈ ਅਤੇ ਇੱਕ ਸ਼ੱਕੀ ਮੌਤ 'ਚ ਅਪਰਾਧਿਕ ਮਾਮਲਾ ਸ਼ੁਰੂ ਕਰ ਦਿੱਤਾ ਹੈ। ਇਹ ਮੌਤ ਨਵੇਂ ਅਤੇ ਵਿਵਾਦਤ ਖੁਦਕੁਸ਼ੀ ਕੈਪਸੂਲ ਨਾਲ ਜੁੜੀ ਹੋਈ ਹੈ। ਇਹ ਖੁਦਕੁਸ਼ੀ ਕੈਪਸੂਲ ਪਹਿਲਾਂ ਕਦੇ ਨਹੀਂ ਵਰਤਿਆ ਗਿਆ ਸੀ। ਤਾਂ ਆਓ ਜਾਣਦੇ ਹਾਂ ਸਵਿਟਜ਼ਰਲੈਂਡ ਦਾ ਖੁਦਕੁਸ਼ੀ ਕੈਪਸੂਲ ਕੀ ਹੈ? ਅਤੇ ਕਿਵੇਂ ਕੰਮ ਕਰਦਾ ਹੈ?
ਦੱਸਿਆ ਜਾ ਰਿਹਾ ਹੈ ਕਿ ਸੋਮਵਾਰ ਨੂੰ ਪਹਿਲੀ ਵਾਰ ਇਸ ਖੁਦਕੁਸ਼ੀ ਕੈਪਸੂਲ ਦੀ ਵਰਤੋਂ ਕੀਤੀ ਗਈ ਸੀ। ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ 'ਚ ਕਈ ਲੋਕਾਂ ਨੂੰ ਹਿਰਾਸਤ 'ਚ ਲਿਆ ਗਿਆ ਹੈ ਅਤੇ ਇਸਤਗਾਸਾ ਪੱਖ ਨੇ ਖੁਦਕੁਸ਼ੀ ਲਈ ਮਦਦ ਕਰਨ ਅਤੇ ਉਕਸਾਉਣ ਦੇ ਸ਼ੱਕ 'ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਖੁਦਕੁਸ਼ੀ ਕੈਪਸੂਲ ਨੀਦਰਲੈਂਡ ਦੇ ਇੱਕ ਸਹਾਇਕ ਖੁਦਕੁਸ਼ੀ ਸਮੂਹ ਐਗਜ਼ਿਟ ਇੰਟਰਨੈਸ਼ਨਲ ਦੁਆਰਾ ਤਿਆਰ ਕੀਤਾ ਗਿਆ ਹੈ।
ਔਰਤ ਦੀ ਮੌਤ 'ਤੇ ਕੰਪਨੀ ਨੇ ਕੀ ਕਿਹਾ ?
ਇੱਕ 64 ਸਾਲਾ ਅਮਰੀਕੀ ਔਰਤ ਦੀ ਖੁਦਕੁਸ਼ੀ ਕੈਪਸੂਲ ਦੀ ਪਹਿਲੀ ਵਰਤੋਂ 'ਚ ਮੌਤ ਹੋ ਗਈ ਹੈ। ਇਸ ਬਾਰੇ 'ਚ ਐਗਜ਼ਿਟ ਇੰਟਰਨੈਸ਼ਨਲ ਵੱਲੋਂ ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਔਰਤ ਗੰਭੀਰ ਪ੍ਰਤੀਰੋਧਕ ਕਮਜ਼ੋਰੀ ਤੋਂ ਪੀੜਤ ਸੀ। ਜਿਸ ਦਾ ਮਤਲਬ ਹੈ ਕਿ ਉਸਦੀ ਇਮਿਊਨ ਸਿਸਟਮ ਬਹੁਤ ਕਮਜ਼ੋਰ ਹੋ ਗਈ ਸੀ। ਬਿਆਨ 'ਚ ਕਿਹਾ ਗਿਆ ਹੈ ਕਿ ਸੋਮਵਾਰ ਦੁਪਹਿਰ ਨੂੰ ਸਾਰਕੋ ਯੰਤਰ ਦੀ ਵਰਤੋਂ ਕਰਦੇ ਹੋਏ ਜਰਮਨ ਸਰਹੱਦ ਨੇੜੇ ਉਸ ਦੀ ਜਾਨ ਚਲੀ ਗਈ।
ਇਸ ਤੋਂ ਇਲਾਵਾ ਬਿਆਨ 'ਚ ਕਿਹਾ ਗਿਆ ਹੈ ਕਿ ਐਗਜ਼ਿਟ ਇੰਟਰਨੈਸ਼ਨਲ ਦੀ ਸਵਿਸ ਸਹਾਇਕ ਕੰਪਨੀ ਦਿ ਲਾਸਟ ਰਿਜੋਰਟ ਦੇ ਸਹਿ-ਪ੍ਰਧਾਨ ਫਲੋਰੀਅਨ ਵਿਲੇਟ, ਔਰਤ ਦੀ ਮੌਤ ਦੇ ਸਮੇਂ ਇਕੱਲੇ ਵਿਅਕਤੀ ਮੌਜੂਦ ਸਨ। ਫਲੋਰੀਅਨ ਨੇ ਔਰਤ ਦੀ ਮੌਤ ਨੂੰ ਸ਼ਾਂਤਮਈ, ਤੇਜ਼ ਅਤੇ ਸਨਮਾਨ ਨਾਲ ਭਰਪੂਰ ਦੱਸਿਆ। ਬਿਆਨ 'ਚ ਅੱਗੇ ਕਿਹਾ ਗਿਆ ਹੈ ਕਿ ਖੁਦਕੁਸ਼ੀ ਕੈਪਸੂਲ ਬਿਲਕੁਲ ਉਸੇ ਤਰ੍ਹਾਂ ਕੰਮ ਕਰਦਾ ਹੈ ਜਿਵੇਂ ਕਿ ਇਸਨੂੰ ਡਿਜ਼ਾਈਨ ਕੀਤਾ ਗਿਆ ਸੀ।
ਸਵਿਟਜ਼ਰਲੈਂਡ ਜਾ ਕੇ ਵਿਦੇਸ਼ੀ ਆਪਣੀ ਜਾਨ ਦਿੰਦੇ ਹਨ :
ਸਵਿਟਜ਼ਰਲੈਂਡ ਕਾਨੂੰਨ ਸਹਾਇਕ ਖੁਦਕੁਸ਼ੀ ਦੀ ਇਜਾਜ਼ਤ ਦਿੰਦਾ ਹੈ, ਪਰ ਸ਼ਰਤ ਇਹ ਹੈ ਕਿ ਇਹ ਬਿਨਾਂ ਕਿਸੇ ਬਾਹਰੀ ਮਦਦ ਦੇ ਕੀਤੀ ਜਾਵੇ। ਅਜਿਹੇ 'ਚ ਜੇਕਰ ਕੋਈ ਵਿਅਕਤੀ ਮਰਨਾ ਚਾਹੁੰਦਾ ਹੈ ਤਾਂ ਇਸ ਕੰਮ 'ਚ ਉਸ ਦੀ ਮਦਦ ਕਰਨ ਵਾਲੇ ਵਿਅਕਤੀ ਦਾ ਇਸ 'ਚ ਕੋਈ ਨਿੱਜੀ ਹਿੱਤ ਨਹੀਂ ਹੋਣਾ ਚਾਹੀਦਾ। ਵਰਣਨਯੋਗ ਹੈ ਕਿ ਸਵਿਟਜ਼ਰਲੈਂਡ 'ਚ ਇੱਛਾ ਮੌਤ ਦੀ ਇਜਾਜ਼ਤ ਨਹੀਂ ਹੈ, ਜਿਸ 'ਚ ਸਿਹਤ ਸੰਭਾਲ ਪ੍ਰੈਕਟੀਸ਼ਨਰ ਇਕ ਵਿਅਕਤੀ ਨੂੰ ਜ਼ਹਿਰੀਲਾ ਟੀਕਾ ਦੇ ਕੇ ਮਾਰ ਦਿੰਦੇ ਹਨ।
ਸਵਿਟਜ਼ਰਲੈਂਡ ਦੁਨੀਆ ਦੇ ਉਨ੍ਹਾਂ ਕੁਝ ਦੇਸ਼ਾਂ 'ਚੋਂ ਇਕ ਹੈ, ਜਿੱਥੇ ਵਿਦੇਸ਼ੀ ਲੋਕ ਕਾਨੂੰਨੀ ਤੌਰ 'ਤੇ ਆਪਣੀ ਜ਼ਿੰਦਗੀ ਖਤਮ ਕਰਨ ਲਈ ਯਾਤਰਾ ਕਰਦੇ ਹਨ। ਵੈਸੇ ਤਾਂ ਦੇਸ਼ 'ਚ ਬਹੁਤ ਸਾਰੀਆਂ ਸੰਸਥਾਵਾਂ ਹਨ ਜੋ ਲੋਕਾਂ ਨੂੰ ਆਪਣੀ ਜਾਨ ਲੈਣ ਤੋਂ ਬਚਣ 'ਚ 'ਚ ਮਦਦ ਕਰਨ ਲਈ ਕੰਮ ਕਰਦੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਖੁਦਕੁਸ਼ੀ ਦੇ ਕੈਪਸੂਲ ਨਾਲ ਮੌਤ ਦੇ ਪਹਿਲੇ ਮਾਮਲੇ ਨੇ ਵਿਵਾਦ ਪੈਦਾ ਕਰ ਦਿੱਤਾ ਹੈ ਕਿਉਂਕਿ ਇਲਜ਼ਾਮ ਲਗਾਇਆ ਗਿਆ ਹੈ ਕਿ ਔਰਤ ਨੂੰ ਖੁਦਕੁਸ਼ੀ ਲਈ ਉਕਸਾਇਆ ਗਿਆ ਸੀ।
ਖੁਦਕੁਸ਼ੀ ਕੈਪਸੂਲ ਕਿਵੇਂ ਕੰਮ ਕਰਦਾ ਹੈ?
ਸਾਰਕੋ ਪੋਡ ਯਾਨੀ ਖੁਦਕੁਸ਼ੀ ਕੈਪਸੂਲ ਵਿਅਕਤੀ ਨੂੰ ਸ਼ਾਂਤੀ ਨਾਲ ਮਰਨ ਦਾ ਵਿਕਲਪ ਦਿੰਦਾ ਹੈ। ਇਸ ਨੂੰ ਇਸ ਤਰ੍ਹਾਂ ਡਿਜ਼ਾਇਨ ਕੀਤਾ ਗਿਆ ਹੈ ਕਿ ਕੋਈ ਵਿਅਕਤੀ ਆਰਾਮ ਨਾਲ ਬੈਠਣ ਵਾਲੀ ਸੀਟ 'ਤੇ ਬੈਠ ਸਕਦਾ ਹੈ। ਫਿਰ ਇਹ ਕੈਪਸੂਲ ਸੀਲ ਹੋ ਜਾਂਦਾ ਹੈ। ਇਸ ਦੇ ਅੰਦਰ ਇੱਕ ਬਟਨ ਹੁੰਦਾ ਹੈ ਜਿਸ ਨੂੰ ਦਬਾਉਣ 'ਤੇ ਨਾਈਟ੍ਰੋਜਨ ਗੈਸ ਨਿਕਲਦੀ ਹੈ। ਕੁਝ ਸਮੇਂ ਬਾਅਦ ਅੰਦਰ ਬੈਠਾ ਵਿਅਕਤੀ ਸੌਂ ਜਾਂਦਾ ਹੈ ਅਤੇ ਕੁਝ ਹੀ ਮਿੰਟਾਂ 'ਚ ਉਸ ਦੀ ਮੌਤ ਹੋ ਜਾਂਦੀ ਹੈ।
ਇਹ ਵੀ ਪੜ੍ਹੋ : Panchayat Elections Date Announce : ਪੰਜਾਬ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ, 15 ਅਕਤੂਬਰ ਨੂੰ ਪੈਣਗੀਆਂ ਵੋਟਾਂ, Nota ਦਾ ਹੋਵੇਗਾ ਇਸਤੇਮਾਲ
- PTC NEWS