Fazilka ਦੇ ਰਾਹਤ ਸੈਂਟਰ 'ਚ ਇੱਕ ਮਹਿਲਾ ਨੇ ਬੱਚੇ ਨੂੰ ਦਿੱਤਾ ਜਨਮ ,ਨਾਮ ਰੱਖਿਆ ਮਨਕੀਰਤ ਸਿੰਘ, ਰਾਹਤ ਕੇਂਦਰ 'ਚ ਖੁਸ਼ੀਆਂ ਦਾ ਮਾਹੌਲ
Fazilka News : ਪੰਜਾਬ 'ਚ ਹੜ੍ਹਾਂ ਦੀ ਸਥਿਤੀ ਅਜੇ ਵੀ ਪੂਰੀ ਤਰ੍ਹਾਂ ਕਾਬੂ ਵਿੱਚ ਨਹੀਂ ਆਈ ਹੈ। ਸੂਬੇ ਦੇ 23 ਜ਼ਿਲ੍ਹੇ ਹੜ੍ਹਾਂ ਦੀ ਲਪੇਟ ਵਿੱਚ ਹਨ। ਡੈਮਾਂ ਦਾ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਤੋਂ ਹੇਠਾਂ ਜਾਣ ਦੇ ਬਾਵਜੂਦ 2 ਹਜ਼ਾਰ ਤੋਂ ਵੱਧ ਪਿੰਡ ਡੁੱਬ ਗਏ ਹਨ। ਸਰਕਾਰ, ਪ੍ਰਸ਼ਾਸਨ ਅਤੇ ਸਮਾਜ ਭਲਾਈ ਸੰਸਥਾਵਾਂ ਲਗਾਤਾਰ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਜੁਟੀਆਂ ਹੋਈਆਂ ਹਨ। ਫਸਲਾਂ ਦੇ ਨੁਕਸਾਨ ਦਾ ਸਹੀ ਮੁਲਾਂਕਣ ਕਰਨ ਲਈ ਵਿਸ਼ੇਸ਼ ਗਿਰਦਾਵਰੀ ਸ਼ੁਰੂ ਕਰ ਦਿੱਤੀ ਗਈ ਹੈ।
ਰਾਹਤ ਸੈਂਟਰ 'ਚ ਆਈਆਂ ਖੁਸ਼ੀਆਂ
ਪਾਸੇ ਫਾਜ਼ਿਲਕਾ ਦੇ ਰਾਹਤ ਸੈਂਟਰ 'ਚ ਰੌਣਕਾਂ ਲੱਗ ਚੁੱਕੀਆਂ ਹਨ ਕਿਉਕਿ ਰਾਹਤ ਸੈਂਟਰ ਵਿੱਚ ਇੱਕ ਨੰਨ੍ਹੇ ਬੱਚੇ ਨੇ ਜਨਮ ਲਿਆ ਹੈ, ਜਿਸ ਦੀਆਂ ਕਿਲਕਾਰੀਆਂ ਨਾਲ ਰਾਹਤ ਸੈਂਟਰ ਵਿੱਚ ਖੁਸ਼ੀ ਦਾ ਮਹੌਲ ਹੈ। ਦਰਅਸਲ 'ਚ ਫਾਜ਼ਿਲਕਾ ਦੇ ਹੜ੍ਹ ਪ੍ਰਭਾਵਿਤ ਇਲਾਕੇ ਵਿੱਚ ਇੱਕ ਔਰਤ ਨੇ ਸਕੂਲ ਵਿੱਚ ਸਥਾਪਤ ਰਾਹਤ ਸੈਂਟਰ ਵਿੱਚ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਔਰਤ ਦੇ ਪਹਿਲਾਂ ਹੀ 3 ਬੱਚੇ ਹਨ। ਉਸਨੇ ਬੱਚੇ ਦਾ ਨਾਮ ਮਨਕੀਰਤ ਸਿੰਘ ਰੱਖਿਆ ਹੈ।
ਰਾਹਤ ਸੈਂਟਰ ਦੇ ਇੰਚਾਰਜ ਜਗਦੀਪ ਅਰੋੜਾ ਦੱਸਿਆ ਕਿ ਉਨ੍ਹਾਂ ਦੇ ਰਾਹਤ ਸੈਂਟਰ ਫਾਜ਼ਿਲਕਾ ਵਿਖੇ ਮੁਹਾਰ ਜਮਸ਼ੇਰ ਪਿੰਡ ਦੇ ਬਹੁਤ ਸਾਰੇ ਪਰਿਵਾਰ ਰੁਕੇ ਹੋਏ ਹਨ ਅਤੇ ਇੱਕ ਔਰਤ ਗਰਭਵਤੀ ਸੀ, ਜਿਸ ਦਾ ਧਿਆਨ ਅਸੀਂ ਪਿਛਲੇ ਕਈ ਦਿਨ੍ਹਾਂ ਤੋਂ ਰੱਖ ਰਹੇ ਸੀ। ਉਨ੍ਹਾਂ ਕਿਹਾ ਕਿ ਅਸੀਂ ਉਸ ਮਹਿਲਾਂ ਨੂੰ ਡਾਕਟਰਾਂ ਦੇ ਕੋਲ ਭੇਜ ਕੇ ਸਮੇਂ-ਸਮੇਂ ਚੈੱਕਅਪ ਵੀ ਕਰਵਾ ਰਹੇ ਸੀ ਤਾਂ ਡਾਕਟਰ ਨੇ ਅੱਜ ਉਸ ਦੀ ਡਿਲੀਵਰੀ ਕਰਵਾਉਣ ਦੇ ਲਈ ਕਿਹਾ ਸੀ, ਜਿਸ ਕਰਕੇ ਉਨ੍ਹਾਂ ਹਸਪਤਾਲ ਲਿਜਾਇਆ ਗਿਆ ਅਤੇ ਉਥੇ ਉਸ ਨੇ ਇੱਕ ਬੱਚੇ ਨੂੰ ਜਨਮ ਦਿੱਤਾ ਹੈ। ਮਾਂ ਅਤੇ ਬੱਚਾ ਦੋਨੋਂ ਸਹੀ ਸਲਾਮਤ ਹਨ।
ਉਨ੍ਹਾਂ ਦੱਸਿਆ ਕਿ ਬੱਚਾ 3 ਦਿਨ ਪਹਿਲਾਂ ਹੋਇਆ ਹੈ ਅਤੇ ਅੱਜ ਮੁੜ ਉਨ੍ਹਾਂ ਨੂੰ ਫਾਜ਼ਿਲਕਾ ਦੇ ਰਾਹਤ ਕੈਂਪ ਵਿੱਚ ਦੁਬਾਰਾ ਲਿਆਂਦਾ ਗਿਆ ਹੈ। ਇੱਥੇ ਵੀ ਡਾਕਟਰਾਂ ਵੱਲੋਂ ਮਾਂ ਅਤੇ ਬੱਚਾ ਦੋਵਾਂ ਦੀ ਦੇਖਭਾਲ ਕੀਤੀ ਜਾ ਰਹਾ ਹੈ। ਰਾਹਤ ਕੈਂਪ ਵਿੱਚ ਆਏ ਬੱਚੇ ਨੂੰ ਦੇਖਣ ਲਈ ਲੋਕਾਂ ਦਾ ਤਾਂਤਾ ਲੱਗਿਆ ਹੋਇਆ ਸੀ। ਲੋਕ ਉੱਥੇ ਆ ਕੇ ਬੱਚੇ ਨੂੰ ਆਪਣਾ ਆਸ਼ਿਰਵਾਦ ਦੇ ਰਹੇ ਸਨ। ਬੱਚੇ ਦੇ ਆਉਣ ਦੀ ਖੁਸ਼ੀ ਵਿੱਚ ਰਾਹਤ ਕੈਂਪ ਦੇ ਦਰਵਾਜਿਆਂ ਉੱਤੇ ਨਿੰਮ ਬੰਨ੍ਹੇ ਗਏ ਅਤੇ ਗੁਬਾਰਿਆਂ ਨਾਲ ਸਜਾਇਆ ਗਿਆ।
ਦੱਸ ਦੇਈਏ ਕਿ ਪੰਜਾਬ ਅਗਸਤ ਮਹੀਨੇ ਤੋਂ ਹੜ੍ਹਾਂ ਦੀ ਮਾਰ ਝੱਲ ਰਿਹਾ ਹੈ। ਫਾਜ਼ਿਲਕਾ, ਤਰਨਤਾਰਨ ,ਪਠਾਨਕੋਟ ਅਤੇ ਅੰਮ੍ਰਿਤਸਰ ਦਾ ਅਜਨਾਲਾ ਹਲਕਾ ਸਭ ਤੋਂ ਵਧ ਪ੍ਰਭਾਵਿਤ ਇਲਾਕਿਆਂ 'ਚ ਆਉਂਦੇ ਹਨ। ਇਥੇ ਦੇ ਕਈ ਪਿੰਡ ਪੂਰੀ ਤਰ੍ਹਾਂ ਨਾਲ ਪਾਣੀ 'ਚ ਡੁੱਬ ਗਏ ਹਨ। ਜਿਸ ਕਾਰਨ ਲੋਕ ਆਪਣਾ ਘਰ ਬਾਰ ਛੱਡ ਕੇ ਰਾਹਤ ਕੇਂਦਰਾਂ ਦੇ ਵਿੱਚ ਬੈਠੇ ਹਨ ਅਤੇ ਉਨ੍ਹਾਂ ਦਾ ਘਰ ਅਤੇ ਫਸਲਾਂ ਤਬਾਹ ਹੋ ਚੁੱਕੀਆਂ ਹਨ।
- PTC NEWS