Youth Died in Police Custody : ਬਠਿੰਡਾ ਪੁਲਿਸ ਹਿਰਾਸਤ 'ਚ ਨੌਜਵਾਨ ਦੀ ਸ਼ੱਕੀ ਹਾਲਾਤ 'ਚ ਹੋਈ ਮੌਤ, 4 ਮੁਲਾਜ਼ਮਾਂ ਸਮੇਤ 2 ਲੋਕਾਂ ਖਿਲਾਫ਼ ਕੇਸ ਦਰਜ
Youth Died in Bathinda Police Custody : ਬਠਿੰਡਾ ਵਿਖੇ ਸ਼ੱਕ ਦੇ ਅਧਾਰ 'ਤੇ ਸੀਆਈਏ ਸਟਾਫ 2 ਵੱਲੋਂ ਹਿਰਾਸਤ ਵਿੱਚ ਲਏ ਗਏ ਨੌਜਵਾਨ ਦੀ ਸ਼ੱਕੀ ਹਾਲਾਤਾਂ ਵਿੱਚ ਮੌਤ ਹੋਣ ਦਾ ਮਾਮਲਾ ਗਰਮਾਉਂਦਾ ਜਾ ਰਿਹਾ ਹੈ। ਮ੍ਰਿਤਕ ਨੌਜਵਾਨ ਦੇ ਪਰਿਵਾਰ ਨੇ ਪੁਲਿਸ ਤੇ ਨੌਜਵਾਨ ਤੇ ਤਸ਼ੱਦਦ ਕਰਕੇ ਮਾਰਨ ਦੇ ਗੰਭੀਰ ਦੋਸ਼ ਲਗਾਏ ਹਨ ਅਤੇ ਇਸ ਮਾਮਲੇ ਵਿੱਚ ਇਨਸਾਫ ਦੀ ਮੰਗ ਕੀਤੀ ਹੈ। ਜਦੋਂ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਪਹਿਲਾਂ ਇੱਕ ਪੁਲਿਸ ਕਰਮਚਾਰੀ ਸਣੇ ਤਿੰਨ ਲੋਕਾਂ ਖਿਲਾਫ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਸੀ ਤੇ ਹੁਣ ਪੁਲਿਸ ਦੇ ਤਿੰਨ ਹੋਰ ਮੁਲਾਜ਼ਮਾਂ ਨੂੰ ਇਸ ਮਾਮਲੇ ਵਿੱਚ ਨਾਮਜਦ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਇਸ ਘਟਨਾ ਦੇ ਚਲਦਿਆਂ ਪੁਲਿਸ ਦੀ ਯੁੱਧ ਨਸ਼ਿਆਂ ਵਿਰੁੱਧ ਚੱਲ ਰਹੀ ਮੁਹਿੰਮ ਦੇ ਉੱਤੇ ਸਵਾਲ ਖੜੇ ਕੀਤੇ ਜਾ ਰਹੇ ਹਨ।
ਜਾਣਕਾਰੀ ਅਨੁਸਾਰ ਇਸ ਮਾਮਲੇ ਵਿੱਚ ਪਹਿਲਾਂ ਨਾਮ ਜਦ ਵਿਅਕਤੀ ਗਗਨਦੀਪ ਸਿੰਘ ਵਾਸੀ ਗੁਰੂ ਗੋਬਿੰਦ ਸਿੰਘ ਨਗਰ ਬਠਿੰਡਾ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੀ ਗਈ ਸੀ, ਜਿਸ ਵਿੱਚ ਉਸਨੇ ਸੀਆਈਏ ਸਟਾਫ 02 ਦੇ ਕੁਝ ਕਰਮਚਾਰੀਆਂ ਤੇ ਉਸ ਦੇ ਦੋਸਤ ਮ੍ਰਿਤਕ ਨਰਿੰਦਰ ਸਿੰਘ ਵਾਸੀ ਗੋਨਿਆਣਾ ਨੂੰ ਟਾਰਚਰ ਕਰਨ ਦੇ ਗੰਭੀਰ ਇਲਜ਼ਾਮ ਲਾਏ ਸਨ ਅਤੇ ਗੰਭੀਰ ਹਾਲਤ ਵਿੱਚ ਨਰਿੰਦਰ ਸਿੰਘ ਨੂੰ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਾਉਣ ਅਤੇ ਉਸ ਤੇ ਦਬਾਅ ਪਾ ਕੇ ਬਿਆਨ ਬਦਲਣ ਦੇ ਦੋਸ਼ ਲਗਾਏ ਗਏ ਸਨ।
ਵੀਡੀਓ ਵਾਇਰਲ ਹੋਣ ਤੋਂ ਬਾਅਦ ਪੁਲਿਸ ਵੱਲੋਂ ਜਦੋਂ ਇਸ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਵੀਡੀਓ ਬਣਾਉਣ ਵਾਲੇ ਗਗਨਦੀਪ ਸਿੰਘ ਸਣੇ ਪੁਲਿਸ ਕਰਮਚਾਰੀ ਅਵਤਾਰ ਸਿੰਘ ਅਤੇ ਹੈਪੀ ਲੁਥਰਾ ਨਾਮਕ ਵਿਅਕਤੀ ਖਿਲਾਫ ਗੈਰ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਲਿਆ ਹੈ। ਪਰ ਇਸ ਮਾਮਲੇ ਵਿੱਚ ਪਰਿਵਾਰ ਵੱਲੋਂ ਪੁਲਿਸ ਤੇ ਗੰਭੀਰ ਦੋਸ਼ ਲਗਾਉਂਦਿਆਂ ਉਹਨਾਂ ਦੇ ਪੁੱਤਰ ਨੂੰ ਟੋਰਚਰ ਕਰਕੇ ਮਾਰਨ ਦੇ ਦੋਸ਼ ਲਗਾਏ ਗਏ।
ਪਰਿਵਾਰ ਨੇ ਕੀ ਲਾਏ ਇਲਜ਼ਾਮ ?
ਮ੍ਰਿਤਕ ਦੇ ਪਰਿਵਾਰ ਨੇ ਕਿਹਾ ਕਿ ਪੁਲਿਸ ਨੇ ਆਪਣੀ ਨਸ਼ੇ ਵਿਰੁੱਧ ਚਲਾਈ ਮੁਹਿੰਮ ਯੁੱਧ ਨਸ਼ੇ ਵਿਰੁੱਧ ਵਿੱਚ ਆਪਣੀ ਪ੍ਰਾਪਤੀ ਦਿਖਾਉਣ ਲਈ ਬੇਕਸੂਰੇ ਨੌਜਵਾਨਾਂ ਨੂੰ 1984 ਦੀ ਤਰ੍ਹਾਂ ਚੁੱਕ ਕੇ ਮਾਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹਨਾਂ ਦੇ ਪੁੱਤਰ ਦਾ ਕਤਲ ਕਰਕੇ ਉਸ ਨੂੰ ਐਕਸੀਡੈਂਟ ਦਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਨੇ ਜਿੰਨਾ ਚਾਰ ਸੀਆਈਏ ਸਟਾਫ 02 ਦੇ ਮੁਲਾਜ਼ਮਾਂ ਖਿਲਾਫ ਮਾਮਲਾ ਦਰਜ ਕੀਤਾ ਹੈ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ ਤਾਂ ਜੋ ਹੋਰ ਵੀ ਵਿਅਕਤੀ ਜੇਕਰ ਸ਼ਾਮਿਲ ਹੈ, ਉਸ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਮ੍ਰਿਤਕ ਦੀ ਪਤਨੀ ਨੇ ਦੱਸਿਆ ਕਿ ਉਹਨਾਂ ਦੇ ਪਤੀ ਦਾ ਪੱਗ ਨਾਲ ਗਲਾ ਘੋਟ ਕੇ ਕਰੰਟ ਲਗਾ ਕੇ ਉਸਦੇ ਪਤੀ ਨੂੰ ਬੇਰਹਿਮੀ ਨਾਲ ਮਾਰਿਆ ਗਿਆ।
ਪੁਲਿਸ ਦਾ ਕੀ ਹੈ ਕਹਿਣਾ ?
ਉਧਰ, ਦੂਜੇ ਪਾਸੇ ਨਰਿੰਦਰ ਸਿੰਘ ਐਸਪੀ ਸਿਟੀ ਬਠਿੰਡਾ ਪੁਲਿਸ ਨੇ ਇਸ ਮਾਮਲੇ ਵਿੱਚ ਕਿਹਾ ਕਿ ਭਾਵੇਂ ਕਿ ਪਹਿਲਾਂ ਇੱਕ ਪੁਲਿਸ ਮੁਲਾਜ਼ਮ ਅਤੇ ਦੋ ਹੋਰ ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਸੀ ਪਰ ਹੁਣ ਪੁਲਿਸ ਨੇ ਇਸ ਮਾਮਲੇ ਜਾਂਚ ਪੜਤਾਲ ਤੋਂ ਬਾਅਦ ਤਿੰਨ ਹੋਰ ਪੁਲਿਸ ਮੁਲਾਜ਼ਮਾਂ ਨੂੰ ਨਾਮਜਦ ਕਰ ਦਿੱਤਾ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਕਿ ਮਾਮਲੇ ਦੀ ਗਹਿਰਾਈ ਨਾਲ ਜਾਂਚ ਕੀਤੀ ਜਾ ਰਹੀ।
- PTC NEWS