Amritsar 'ਚ ਮਾਮੂਲੀ ਤਕਰਾਰ ਨੂੰ ਲੈ ਕੇ ਨੌਜਵਾਨਾਂ ਨੇ ਘਰ ਦੇ ਬਾਹਰ ਖੜ੍ਹੇ ਨੌਜਵਾਨ 'ਤੇ ਚਲਾਈਆਂ ਗੋਲੀਆਂ
Amritsar News : ਅੰਮ੍ਰਿਤਸਰ ਵਿੱਚ ਸ਼ਰੇਆਮ ਗੋਲੀਆਂ ਚੱਲਣ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹਨ। ਅੱਜ ਅੰਮ੍ਰਿਤਸਰ ਦੇ ਲੋਹਗੜ ਗੇਟ ਖੇਤਰ ਵਿੱਚ ਇੱਕ ਘਰ ਦੇ ਬਾਹਰ ਸ਼ਰੇਆਮ ਫਾਇਰਿੰਗ ਦੇ ਮਾਮਲੇ ਨੇ ਲੋਕਾਂ ਵਿੱਚ ਡਰ ਦਾ ਮਾਹੌਲ ਪੈਦਾ ਕਰ ਦਿੱਤਾ ਹੈ। ਘਟਨਾ ਦੁਪਹਿਰ ਕਰੀਬ ਚਾਰ ਵਜੇ ਦੀ ਹੈ, ਜਦੋਂ ਦੋ ਨੌਜਵਾਨ ਐਕਟੀਵਾ ’ਤੇ ਸਵਾਰ ਹੋ ਕੇ ਗਲੀ ਵਿੱਚ ਪਹੁੰਚੇ ਅਤੇ ਇੱਕ ਘਰ ਦੇ ਬਾਹਰ ਖੜ੍ਹੇ 18 ਸਾਲ ਦੇ ਲੜਕੇ ਨੂੰ ਨਿਸ਼ਾਨਾ ਬਣਾ ਕੇ ਫਾਇਰਿੰਗ ਕੀਤੀ। ਘਰ ਵਿੱਚ ਮੌਜੂਦ ਪਰਿਵਾਰ ਦੀਆਂ ਮਹਿਲਾਵਾਂ ਨੇ ਇਹ ਘਟਨਾ ਸੀਸੀਟੀਵੀ ਵਿੱਚ ਵੀ ਰਿਕਾਰਡ ਹੋਣ ਦੀ ਪੁਸ਼ਟੀ ਕੀਤੀ ਹੈ।
ਲੜਕੇ ਦੇ ਪਰਿਵਾਰਿਕ ਮੈਂਬਰਾਂ ਨੇ ਰੋਸ ਜਤਾਉਂਦਿਆਂ ਕਿਹਾ ਕਿ ਸਾਡਾ ਲੜਕਾ ਘਰ ਦੇ ਬਾਹਰ ਖੜ੍ਹਾ ਸੀ। ਜੇ ਗੋਲੀ ਮੇਰੇ ਬੱਚੇ ਨੂੰ ਲੱਗ ਜਾਂਦੀ ਤਾਂ ਕੌਣ ਜ਼ਿੰਮੇਵਾਰ ਹੁੰਦਾ? ਕੋਈ ਰੰਜਿਸ਼ ਨਹੀਂ ਸੀ… ਸਿਰਫ਼ ਇਹ ਕਹਿ ਕੇ ਕਿ ਤੂੰ ਮੇਰੇ ਵੱਲ ਕਿਉਂ ਵੇਖਿਆ, ਮੁੰਡਿਆਂ ਨੇ ਗੋਲੀ ਚਲਾ ਦਿੱਤੀ।” ਉਸਨੇ ਦੱਸਿਆ ਕਿ ਗੋਲੀ ਘਰ ਦੇ ਦਰਵਾਜ਼ੇ ਬੰਦ ਕਰ ਰਹੀ ਦਾਦੀ ਦੇ ਕੋਲੋਂ ਲੰਘ ਗਈ ਅਤੇ ਉਹਨਾਂ ਦੇ ਭਰਾ ਨੂੰ ਬਚਦੇ–ਬਚਦੇ ਬਾਰਿਕੀ ਨਾਲ ਬਚਾਅ ਹੋਇਆ।
ਪਰਿਵਾਰ ਦਾ ਕਹਿਣਾ ਹੈ ਕਿ ਸ਼ੱਕੀ ਨੌਜਵਾਨ ਪਹਿਲਾਂ ਮੰਦਰ ਕੋਲ ਰੁਕੇ, ਫਿਰ ਐਕਟੀਵਾ ’ਤੇ ਉਨ੍ਹਾਂ ਦੇ ਘਰ ਦੇ ਦਰਵਾਜ਼ੇ ਤੱਕ ਆਏ। ਇੱਕ ਲੜਕਾ ਘਰ ਅੰਦਰੋਂ ਗੰਨ ਲੈ ਕੇ ਆਇਆ ਅਤੇ ਬਿਨ੍ਹਾਂ ਕਿਸੇ ਵੱਡੇ ਝਗੜੇ ਦੇ ਤਿੰਨ ਗੋਲੀਆਂ ਚਲਾ ਕੇ ਭੱਜ ਗਿਆ। ਪਰਿਵਾਰ ਨੇ ਸਖ਼ਤ ਕਾਰਵਾਈ ਦੀ ਮੰਗ ਕਰਦਿਆਂ ਪੁਲਿਸ ਤੋਂ ਸੁਰੱਖਿਆ ਦੀ ਵੀ ਮੰਗ ਕੀਤੀ ਹੈ। ਇਸੇ ਗਲੀ ਦੀ ਰਹਿਣ ਵਾਲੀ ਬਲਵਿੰਦਰ ਕੌਰ ਨੇ ਵੀ ਦੱਸਿਆ ਕਿ ਉਸਦਾ 18 ਸਾਲ ਦਾ ਪੁੱਤਰ ਵੀ ਇਸ ਘਟਨਾ ਦੌਰਾਨ ਬਾਹਰ ਸੀ। “ਮੇਰਾ ਬੱਚਾ ਰੇੜੀ ਚਲਾਉਂਦਾ ਹੈ… ਕੱਲ੍ਹ ਨੂੰ ਵੀ ਇਸ ਤਰ੍ਹਾਂ ਕਿਸੇ ਦੀ ਗੋਲੀ ਦਾ ਨਿਸ਼ਾਨਾ ਬਣ ਸਕਦਾ ਹੈ। ਸਾਨੂੰ ਇਨਸਾਫ ਚਾਹੀਦਾ ਹੈ।
ਘਟਨਾ ਬਾਰੇ ਏਸੀਪੀ ਸੈਂਟਰ ਜਸਪਾਲ ਸਿੰਘ ਨੇ ਮੀਡੀਆ ਨੂੰ ਦੱਸਿਆ ਕਿ “ਸਾਨੂੰ ਇੱਕ ਖੋਲ ਬਰਾਮਦ ਹੋਇਆ ਹੈ ਪਰ ਲੋਕਾਂ ਨੇ ਤਿੰਨ–ਚਾਰ ਗੋਲੀਆਂ ਚੱਲਣ ਦੀ ਗੱਲ ਕੀਤੀ ਹੈ। ਅਸੀਂ ਸੀਸੀਟੀਵੀ ਦੀ ਮਦਦ ਨਾਲ ਸ਼ੱਕੀਆਂ ਦੀ ਪਛਾਣ ਕਰ ਰਹੇ ਹਾਂ। ਅਜੇ ਤੱਕ ਪੁਰਾਣੀ ਰੰਜਿਸ਼ ਦੀ ਕੋਈ ਪੁਸ਼ਟੀ ਨਹੀਂ ਹੋਈ। ਉਨ੍ਹਾਂ ਕਿਹਾ ਕਿ ਵੈਪਨ ਬਰਾਮਦ ਹੋਣ ’ਤੇ ਹੀ ਇਹ ਪਤਾ ਲੱਗੇਗਾ ਕਿ ਗੰਨ ਲਾਇਸੰਸੀ ਸੀ ਜਾਂ ਨਜਾਇਜ਼। ਪੁਲਿਸ ਵੱਲੋਂ ਜਾਂਚ ਤੇਜ਼ੀ ਨਾਲ ਜਾਰੀ ਹੈ ਅਤੇ ਪਰਿਵਾਰ ਨੂੰ ਕਾਰਵਾਈ ਦਾ ਭਰੋਸਾ ਦਿਵਾਇਆ ਗਿਆ ਹੈ।
- PTC NEWS