ਪਟਵਾਰੀਆਂ ਦੀ ਹੜਤਾਲ ਦੂਜੇ ਦਿਨ ਵੀ ਜਾਰੀ, ਲੋਕ ਹੋ ਰਹੇ ਖੱਜਲ-ਖੁਆਰ
ਚੰਡੀਗੜ੍ਹ : ਪੰਜਾਬ ਦੇ ਸਾਰੇ ਪਟਵਾਰੀ15 ਮਈ ਤੱਕ ਜਨਤਕ ਛੁੱਟੀ 'ਤੇ ਚਲੇ ਗਏ ਹਨ। ਪਟਵਾਰੀਆਂ ਦੀ ਇਹ ਹੜਤਾਲ ਅੱਜ ਦੂਜੇ ਦਿਨ ਵੀ ਜਾਰੀ ਹੈ। ਅਜਿਹੀ ਸਥਿਤੀ ਵਿੱਚ ਪਟਵਾਰੀ ਸਰਕਲਾਂ ਵਿੱਚ ਕੋਈ ਕੰਮ ਨਹੀਂ ਹੋਵੇਗਾ। ਇਸ ਦੌਰਾਨ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਪਟਵਾਰੀਆਂ ਦੇ ਦਫ਼ਤਰ ਬਿਲਕੁਲ ਖ਼ਾਲੀ ਨਜ਼ਰ ਆਏ। ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਤਹਿਸੀਲ ਕੰਪਲੈਕਸਾਂ ਵਿੱਚ ਕੰਮਕਾਜ ਠੱਪ ਰਿਹਾ। ਪਟਵਾਰੀਆਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਮਲੇਰਕੋਟਲਾ ਮਾਮਲੇ 'ਚ ਕੇਸ ਵਾਪਸ ਨਾ ਲਿਆ ਤਾਂ ਉਹ ਲੰਬੀ ਹੜਤਾਲ ਕਰਨ ਲਈ ਮਜਬੂਰ ਹੋਣਗੇ।
ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਿਜੀਲੈਂਸ ਝੂਠੇ ਕੇਸ ਬਣਾ ਰਹੀ ਹੈ, ਉਸ ਨਾਲ ਮਾਲ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਦਫ਼ਤਰਾਂ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।
ਇਹ ਵੀ ਪੜ੍ਹੋ: ਪਟਿਆਲਾ ਹਿੰਸਾ ਮਾਮਲਾ: ਮੁੱਖ ਮੁਲਜ਼ਮ ਬਰਜਿੰਦਰ ਪਰਵਾਨਾ ਨੂੰ ਅੱਜ ਕੋਰਟ 'ਚ ਕੀਤਾ ਜਾਏਗਾ ਪੇਸ਼
ਇਸ ਕਾਰਨ ਪਟਵਾਰਖਾਨਿਆਂ ਵਿਚ ਕੰਮ ਕਰਵਾਉਣ ਲਈ ਪੁੱਜੇ ਲੋਕ ਖੱਜਲ-ਖੁਆਰ ਹੋ ਰਹੇ ਹਨ। ਅੰਮ੍ਰਿਤਸਰ ਵਿੱਚ ਵੱਖ-ਵੱਖ ਪਟਵਾਰਖਾਨਿਆਂ ਦੇ ਦਫਤਰ ਬਿਲਕੁਲ ਸੁੰਨੇ ਨਜ਼ਰ ਆਏ ਤੇ ਉਥੇ ਕੰਮ ਕਰਵਾਉਣ ਲਈ ਪੁੱਜੇ ਲੋਕ ਖ਼ਾਲੀ ਹੱਥ ਵਾਪਸ ਜਾ ਰਹੇ ਹਨ। ਇਸ ਤੋਂ ਇਲਾਵਾ ਜਲੰਧਰ ਵਿੱਚ ਬੀਤੇ ਦਿਨੀ ਜ਼ਿਲ੍ਹਾ ਤਹਿਸੀਲ ਕੰਪਲੈਕਸ ਵਿੱਚ ਪਟਵਾਰੀਆਂ/ਕਾਨੂੰਗੋਆਂ ਦੇ ਚੈਂਬਰ ਖ਼ਾਲੀ ਨਜ਼ਰ ਆਏ।
ਲੋਕਾਂ ਖੱਜਲ ਹੋਏ ਤੇ ਬਿਨਾਂ ਕੰਮ ਦੇ ਵਾਪਸ ਜਾ ਰਹੇ ਹਨ। ਇਸ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ ਕਿਉਂਕਿ ਪਹਿਲਾਂ ਕੋਰੋਨਾ ਕਾਰਨ ਕਾਫੀ ਸਮਾਂ ਪਟਵਾਰਖਾਨੇ ਬੰਦ ਰਹੇ। ਹੁਣ ਪਟਵਾਰ ਯੂਨੀਅਨ ਦੇ ਹੜਤਾਲ ਉਤੇ ਜਾਣ ਕਾਰਨ ਲੋਕਾਂ ਦੇ ਕੰਮ ਫਿਰ ਲਟਕ ਰਹੇ ਹਨ।
ਗੌਰਤਲਬ ਹੈ ਕਿ ਮਲੇਰਕੋਟਲਾ ਵਿੱਚ ਪਟਵਾਰੀ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਪਟਵਾਰ ਯੂਨੀਅਨਾਂ ਨੇ ਸਰਕਾਰ ਤੇ ਵਿਜੀਲੈਂਸ ਵਿਭਾਗ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਯੂਨੀਅਨ ਦਾ ਕਹਿਣਾ ਹੈ ਕਿ ਪਟਵਾਰੀਆਂ ਨੂੰ ਜਾਣਬੁੱਝ ਕੇ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਨੂੰ ਝੂਠੇ ਕੇਸ ਬਣਾ ਕੇ ਗ੍ਰਿਫ਼ਤਾਰ ਕੀਤਾ ਜਾ ਰਿਹਾ ਹੈ। ਮਲੇਰਕੋਟਲਾ 'ਚ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ ਦੇ ਆਧਾਰ 'ਤੇ ਯੂਨੀਅਨ ਨੇ ਪਟਵਾਰੀ ਦੀ ਗ੍ਰਿਫਤਾਰੀ ਨੂੰ ਗੈਰ-ਕਾਨੂੰਨੀ ਕਰਾਰ ਦਿੱਤਾ ਹੈ।
-PTC News