ਪਾਕਿਸਤਾਨੀ ਸ਼ਾਇਰਾ ਬੁਸ਼ਰਾ ਨਾਜ਼ ਦਾ ਲਾਹੌਰ 'ਚ ਫੁਲਕਾਰੀ ਸਨਮਾਨ
ਜਨਾਬ ਮੁਹੰਮਦ ਇਕਬਾਲ ਸਾਹਿਬ ਨਾਲ ਵਿਆਹੀ , ਇੱਕ ਪੁੱਤਰ ਤੇ ਤਿੰਨ ਧੀਆਂ ਦੀ ਮਾਂ ਬੁਸ਼ਰਾ ਨਾਜ਼ ਘਰ ਪਰਿਵਾਰ ਲਈ ਜ਼ੁੰਮੇਵਾਰ ਸਵਾਣੀ ਹੈ। ਲਿਖਣਾ ਪੜ੍ਹਨਾ ਉਸ ਦੇ ਸ਼ੌਕ ਦਾ ਹਿੱਸਾ ਹੈ।
ਵਿਸ਼ਵ ਪੰਜਾਬੀ ਕਾਂਗਰਸ ਦੇ ਭਾਰਤੀ ਕੋਆਰਡੀਨੇਟਰ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਦੱਸਿਆ ਕਿ ਬੁਸ਼ਰਾ ਨਾਜ਼ ਦੀਆਂ ਪੰਜਾਬੀ ਵਿੱਚ ਸ਼ਾਇਰੀ ਦੀਆਂ ਦੋ ਕਿਤਾਬਾਂ ਕੰਧ ਆਸਮਾਨਾਂ ਤੀਕ ਅਤੇ ਸੋਚ ਸਮਿਆਂ ਤੋਂ ਅੱਗੇ ਛਪ ਚੁਕੀਆਂ ਨੇ। ਉਨ੍ਹਾਂ ਕਿਹਾ ਕਿ ਕੰਧ ਆਸਮਾਨਾਂ ਤੀਕ ਨੂੰ ਮਸੂਦ ਖੱਦਰਪੋਸ਼ ਐਵਾਰਡ ਮਿਲ ਚੁਕਾ ਹੈ। ਉਰਦੂ ਵਿੱਚ ਵੀ ਉਸ ਦਾ ਇੱਕ ਕਵਿਤਾ ਸੰਗ੍ਰਹਿ ਇਲਹਾਮ ਛਪ ਚੁਕਾ ਹੈ। ਭਾਰਤ, ਬਹਿਰੀਨ, ਬੰਗਲਾਦੇਸ਼ ਅਤੇ ਮਲੇਸ਼ੀਆ ਵਿੱਚ ਹੋਏ ਕਵੀ ਦਰਬਾਰਾਂ ਵਿੱਚ ਉਹ ਹਿੱਸਾ ਲੈ ਚੁਕੀ ਹੈ। ਇਸ ਸਾਲ 2022 ਵਿੱਚ ਉਸ ਦੇ ਦੋ ਕਾਵਿ ਸੰਗ੍ਰਹਿ ਪ੍ਰਕਾਸ਼ਿਤ ਹੋਣ ਲਈ ਤਿਆਰ ਨੇ। ਔਰਤ ਸ਼ਕਤੀਕਰਨ ਨਾਲ ਸਬੰਧਿਤ ਲਾਇਲਪੁਰ ਦੀਆਂ ਕਈ ਸਵੈ ਸੇਵੀ ਜਥੇਬੰਦੀਆਂ ਦੀ ਉਹ ਮੈਂਬਰ ਤੇ ਉੱਘੀ ਕਾਰਕੁਨ ਹੈ।
ਬੁਸ਼ਰਾ ਨਾਜ਼ ਨੇ ਧੰਨਵਾਦ ਕਰਦਿਆਂ ਕਿਹਾ ਕਿ ਮੇਰਾ ਪੂਰਾ ਪਰਿਵਾਰ ਪੰਜਾਬੀ ਲੇਖਕਾਂ ਨੂੰ ਮਿਲਣ ਲਈ ਲਾਇਲਪੁਰੋਂ ਚੱਲ ਕੇ ਆਇਆ ਹੈ।
ਉਸ ਕਿਹਾ ਕਿ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਆਪਣੇ ਘਰਾਂ ਵਿੱਚ ਪੰਜਾਬੀ ਦੀ ਸਰਦਾਰੀ ਤੋਂ ਸਾਨੂੰ ਸਭ ਨੂੰ ਅੱਗੇ ਵਧਣਾ ਪਵੇਗਾ। ਸਾਲ ਚ ਇੱਕ ਦਿਨ ਮਾਂ ਬੋਲੀ ਦਿਹਾੜਾ ਮਨਾ ਕੇ ਅਸੀਂ ਰਸਮ ਤਾਂ ਪੂਰੀ ਕਰ ਲੈਂਦੇ ਹਾਂ ਪਰ ਲੋੜਵੰਦੇ ਨਤੀਜੇ ਨਹੀਂ ਹਾਸਲ ਕਰ ਸਕਦੇ। ਸਾਨੂੰ ਹਰ ਰੋਜ਼ ਹਰ ਵਿਅਕਤੀ ਨੂੰ ਇਸ ਦਿਸ਼ਾ ਵੱਲ ਤੁਰਨ ਤੇ ਸਰਗਰਮ ਹੋਣ ਦੀ ਲੋੜ ਹੈ। ਉਹ ਦੱਸਦੀ ਹੈ ਕਿ ਮੇਰੀ ਜਣਨਹਾਰੀ ਮਾਂ ਉਰਦੂ ਬੋਲਦੀ ਸੀ ਪਰ ਪੰਜਾਬੀ ਮੈਂ ਆਪਣੀ ਸੱਸ ਤੋਂ ਸਿੱਖੀ ਹੈ। ਉਨ੍ਹਾਂ ਦੀ ਸੱਸ ਆਪਣੇ ਪਰਿਵਾਰ ਚ ਸਭ ਨਾਲ ਵਧੀਆ ਮੁਹਾਵਰੇਦਾਰ ਪੰਜਾਬੀ ਚ ਗੱਲ ਕਰਦੀ ਸੀ। ਉਸ ਤੋਂ ਸਿੱਖ ਕੇ ਹੀ ਮੈਂ ਪੰਜਾਬੀ ਦੇ ਵੱਡੇ ਸ਼ਾਇਰਾਂ ਨੂੰ ਪੜ੍ਹਿਆ ਤੇ ਉਨ੍ਹਾਂ ਤੋਂ ਮੁਤਾਸਰ ਹੋ ਕੇ ਸ਼ਿਅਰ ਕਹਿਣੇ ਆਰੰਭੇ। ਬੁਸ਼ਰਾ ਨਾਜ਼ ਨੇ ਕਿਹਾ ਕਿ ਹੁਣ ਉਹ ਗੁਰਮੁਖੀ ਅੱਖਰ ਗਿਆਨ ਹਾਸਲ ਕਰਨ ਦੀ ਵੀ ਕੋਸ਼ਿਸ਼ ਕਰੇਗੀ ਤਾਂ ਜੋ ਰਾਵੀ ਪਾਰਲੇ ਪੰਜਾਬੀ ਅਦਬ ਨਾਲ ਸਾਂਝ ਪਾ ਸਕੇ।
ਇਹ ਵੀ ਪੜ੍ਹੋ:ਚੰਡੀਗੜ੍ਹ ਦੇ ਮੁਲਾਜ਼ਮਾਂ ’ਤੇ ਕੇਂਦਰੀ ਸੇਵਾ ਨਿਯਮ ਲਾਗੂ ਕਰਨੇ ਪੰਜਾਬ ਨਾਲ ਧੱਕਾ-ਐਡਵੋਕੇਟ ਧਾਮੀ
-PTC News