ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਵੱਲੋਂ ਬਿਜਲੀ (ਸੋਧ) ਬਿੱਲ-2021 ਖ਼ਿਲਾਫ਼ ਰੋਸ ਮੀਟਿੰਗ
ਮੋਹਾਲੀ : ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਮੋਹਾਲੀ (ਵੰਡ) ਇਕਾਈ ਦੇ ਇੰਜੀਨੀਅਰਾਂ ਨੇ ਕੇਂਦਰ ਸਰਕਾਰ ਵੱਲੋਂ ਬਿਜਲੀ ਖੇਤਰ ਦੇ ਨਿੱਜੀਕਰਨ ਵਾਲੇ ਬਿਜਲੀ (ਸੋਧ) ਬਿੱਲ-2021 ਨੂੰ ਸੰਸਦ ਦੇ ਮੌਨਸੂਨ ਸੈਸ਼ਨ ਦੌਰਾਨ ਪੇਸ਼ ਅਤੇ ਪਾਸ ਕਰਨ ਦੇ ਐਲਾਨ ਖ਼ਿਲਾਫ਼ ਰੋਸ ਮੀਟਿੰਗ ਕੀਤੀ ਹੈ। ਇਹ ਮੀਟਿੰਗ ਬਿਜਲੀ ਮੁਲਾਜ਼ਮਾਂ ਅਤੇ ਇੰਜਨੀਅਰਾਂ ਦੀ ਕੌਮੀ ਤਾਲਮੇਲ ਕਮੇਟੀ (ਐਨਸੀਸੀਈਦੀਵੀ) ਵੱਲੋਂ ਦਿੱਤੇ ਪ੍ਰੋਗਰਾਮ ਅਨੁਸਾਰ ਕੀਤੀ ਗਈ। ਇਸ ਮੀਟਿੰਗ ਵਿੱਚ ਇੰਜਨੀਅਰਾਂ ਨੇ ਕੇਂਦਰ ਸਰਕਾਰ ਵੱਲੋਂ ਬਿਜਲੀ (ਸੋਧ) ਬਿੱਲ-2021 ਨੂੰ ਪਾਸ ਕਰਨ ਦੀ ਪ੍ਰੀਕਿਰਿਆ ਵਿਚ ਬਿਜਲੀ ਖੇਤਰ ਦੇ ਮਾਹਿਰਾਂ ਦੀ ਸਲਾਹ ਨੂੰ ਅਨਦੇਖਾ ਕਰਨ ਅਤੇ ਬਿੱਲ ਨੂੰ ਪਾਸ ਕਰਨ ਲਈ ਦਿਖਾਈ ਜਾ ਰਹੀ ਬੇਲੋੜੀ ਜਲਦਬਾਜੀ ਪ੍ਰਤੀ ਰੋਸ ਜ਼ਾਹਰ ਕੀਤਾ। ਪੀਐੱਸਈਬੀ ਇੰਜੀਨੀਅਰਜ਼ ਐਸੋਸੀਏਸ਼ਨ ਦੇ ਖੇਤਰੀ ਸਕੱਤਰ ਇੰਜਨੀਅਰ ਟੁਰਸੇਵਕ ਸਿੰਘ ਸੰਧੂ ਵੱਲੋਂ ਦੱਸਿਆ ਗਿਆ ਕਿ ਬਿਜਲੀ (ਸੋਧ) ਬਿੱਲ-2021 ਪਾਸ ਹੋਣ ਨਾਲ ਬਿਜਲੀ ਦੀ ਵੰਡ ਪ੍ਰਣਾਲੀ ਨੂੰ ਪੂਰਨ ਤੌਰ 'ਤੇ ਕਾਰਪੋਰੇਟ/ਪ੍ਰਾਈਵੇਟ ਹੱਥਾਂ ਵਿਚ ਸੌਂਪਣ ਦਾ ਰਾਹ ਖੁੱਲ੍ਹ ਜਾਵੇਗਾ। ਇਸ ਨਾਲ ਸਰਕਾਰੀ ਕੰਪਨੀਆਂ ਦੀ ਕਾਰਜ ਕੁਸ਼ਲਤਾ ਤੇ ਸਿੱਧਾ ਅਸਰ ਪਵੇਗਾ ਕਿਉਂਕਿ ਪ੍ਰਾਈਵੇਟ ਕੰਪਨੀਆਂ ਸਰਕਾਰੀ ਖੇਤਰ ਦੁਆਰਾ ਵਿਕਸਿਤ ਕੀਤੇ ਢਾਂਚੇ ਦੀ ਵਰਤੋਂ ਕਰਦੀਆਂ ਹੋਈਆਂ ਸਿਰਫ਼ ਆਪਣੇ ਮੁਨਾਫੇ ਵਾਲੇ ਖੇਤਰਾਂ ਵਿੱਚ ਹੀ ਕੰਮ ਕਰਨਗੀਆਂ। ਇਸ ਤਰ੍ਹਾਂ ਸਰਕਾਰੀ ਬਿਜਲੀ ਕੰਪਨੀਆਂ ਦੀ ਵਿੱਤੀ ਹਾਲਤ ਹੋਰ ਖ਼ਰਾਬ ਹੋ ਜਾਵੇਗੀ, ਜੋ ਕਿ ਖਪਤਕਾਰਾਂ ਅਤੇ ਖਾਸ ਤੌਰ 'ਤੇ ਕਿਸਾਨਾਂ ਦੇ ਲਈ ਘਾਤਕ ਸਾਬਤ ਹੋਵੇਗਾ। ਪਿਛਲੇ ਇੰਜਨੀਅਰਾਂ ਵੱਲੋਂ ਮੰਗ ਕੀਤੀ ਜਾਂਦੀ ਹੈ ਕਿ ਇਸ ਬਿੱਲ ਨੂੰ ਜਲਦਬਾਜ਼ੀ ਵਿੱਚ ਪਾਸ ਕਰਨ ਦੀ ਥਾਂ ਬਿਜਲੀ ਮਾਮਲਿਆਂ ਦੀ ਸਟੇਰਿੰਗ ਕਮੇਟੀ ਨੂੰ ਭੇਜਿਆ ਜਾਵੇ ਤਾਂ ਕਿ ਬਿਜਲੀ ਉਪਭੋਗਤਾਵਾਂ ਅਤੇ ਬਿਜਲੀ ਕਰਮਚਾਰੀਆਂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਮੌਕਾ ਮਿਲ ਸਕੇ। ਇਸ ਤੋਂ ਇਲਾਵਾ ਪੀਐੱਸਈਬੀ ਇੰਜਨੀਅਰਜ਼ ਐਸੋਸੀਏਸ਼ਨ ਦੀ ਕੇਂਦਰੀ ਕਾਰਜਕਾਰਨੀ ਵੱਲੋਂ ਮੈਨਜਮੈਂਟ ਵੱਲੋਂ ਦਿੱਤੇ ਭਰੋਸੇ ਅਤੇ ਪੰਜਾਬ ਦੇ ਖਪਤਕਾਰਾਂ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਵੇਂ ਭਰਤੀ ਇੰਜਨੀਅਰਾਂ ਦੇ ਮੁੱਢਲੇ ਤਨਖਾਹ ਸਕੇਲ 18,030 ਫ਼ੀਸਦ ਸਬੰਧੀ ਚੱਲ ਰਹੇ ਸੰਘਰਸ ਨੂੰ 30 ਜੁਲਾਈ ਤੱਕ ਮੁਲਤਵੀ ਕੀਤੇ ਜਾਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਸਬੰਧੀ ਇਹ ਫੈਸਲਾ ਲਿਆ ਗਿਆ ਕਿ ਜੇਕਰ ਮੈਨੇਜਮੈਂਟ ਵੱਲੋਂ ਨਵੇਂ ਇੰਜਨੀਅਰਾਂ ਦੇ 18,030 - ਸਕੇਲ ਸਬੰਧੀ ਕੀਤੇ ਵਾਅਦੇ ਨੂੰ ਸਮੇਂ ਸਿਰ ਨਖਰੇ ਨਹੀਂ ਚੜ੍ਹਾਇਆ ਜਾਂਦਾ ਤਾਂ 30 ਜੁਲਾਈ ਉਪਰੰਤ ਸੰਘਰਸ਼ ਨੂੰ ਫਿਰ ਤੋਂ ਸ਼ੁਰੂ ਕਰਦੇ ਹੋਏ ਹੋਰ ਤੇਜ਼ ਕੀਤਾ ਜਾਵੇਗਾ। ਸੰਘਰਸ਼ ਦੌਰਾਨ ਜੇਕਰ ਬਿਜਲੀ ਸਪਲਾਈ ਪ੍ਰਭਾਵਿਤ ਹੁੰਦੀ ਹੈ ਤਾਂ ਇਸ ਦੀ ਪੂਰਨ ਜਿੰਮੇਵਾਰੀ ਪੀਐੱਸਪੀਸੀਐਲ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਵੇਗੀ। -PTCNews