ਮੁੱਖ ਖਬਰਾਂ

ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਅਜਨਾਲਾ ਵਿਖੇ ਕੈਪਟਨ ਸਰਕਾਰ ਖਿਲਾਫ਼ ਕੀਤਾ ਮੁਜ਼ਾਹਰਾ

By Shanker Badra -- August 13, 2021 4:28 pm


ਅਜਨਾਲਾ : ਕੈਪਟਨ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕੀਤੇ ਵਾਅਦਿਆਂ ਮੁਤਾਬਿਕ ਪੰਜਾਬ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਲੰਮੇ ਸਮੇਂ ਤੋਂ ਲਟਕਦੀਆਂ ਮੰਗਾਂ ਦੇ ਖਿਲਾਫ਼ ਅੱਜ 'ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ' ਦੀ ਅਗਵਾਈ ਵਿੱਚ ਅਜਨਾਲਾ ਤਹਿਸੀਲ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਤਹਿਸੀਲ ਕੰਪਲੈਕਸ ਵਿਖੇ ਰੈਲੀ ਕਰਨ ਤੋਂ ਬਾਅਦ ਸ਼ਹਿਰ ਦੇ ਬਜ਼ਾਰਾਂ ਵਿੱਚ ਰੋਸ ਮੁਜ਼ਾਹਰਾ ਕੀਤਾ ਗਿਆ।

ਇਸ ਮੌਕੇ ਤੇ ਸੰਬੋਧਨ ਕਰਦਿਆਂ ਪੰਜਾਬ -ਯੂਟੀ ਮੁਲਾਜਮ ਤੇ ਪੈਂਨਸ਼ਨਰ ਫਰੰਟ ਦੇ ਜ਼ਿਲ੍ਹਾ ਕਨਵੀਨਰ ਗੁਰਦੀਪ ਸਿੰਘ ਬਾਜਵਾ, ਬਿਕਰਜੀਤ ਸਿੰਘ ਸਾਹ , ਨਵਦੀਪਸਿੰਘ ਸੇਖੋਂ,ਗੁਰਬਿੰਦਰ ਖੈਹਰਾ , ਗੁਰਪ੍ਰੀਤ ਰਿਆੜ , ਹਰਜਿੰਦਰਪਾਲ ਪੰਨੂੰ ,ਮਲਕੀਤ ਸਿੰਘ ,ਅਮਰਜੀਤ ਕਲੇਰ , ਅਮਰਜੀਤ ਸਿੰਘ ਸਰਕਾਰੀਆ ਆਦਿ ਨੇ ਆਖਿਆ ਕਿ ਭਾਵੇਂ ਕੈਪਟਨ ਸਰਕਾਰ ਵੱਲੋਂ ਗਠਿਤ ਕੀਤੀ ਕੈਬਨਿਟ ਸਬ-ਕਮੇਟੀ ਨੇ ਪਿਛਲੇ ਦਿਨਾਂ ਦੌਰਾਨ ਪੰਜਾਬ-ਯੂ.ਟੀ. ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਨਾਲ ਚਾਰ ਮੀਟਿੰਗਾਂ ਕੀਤੀਆਂ ਸਨ, ਪਰ ਇਸ ਕਮੇਟੀ ਨੇ ਮੁਲਾਜ਼ਮਾਂ ਦੀ ਕਿਸੇ ਵੀ ਮੰਗ ਨੂੰ ਪ੍ਰਵਾਨ ਨਾ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਇਹ ਕਮੇਟੀ ਮੰਗਾਂ ਦੇ ਹੱਲ ਲਈ ਨਹੀਂ ਸਗੋਂ ਮੁਲਾਜ਼ਮਾ ਦੇ ਸੰਘਰਸਸ਼ਾਂ ਨੂੰ ਠੰਡਾ ਕਰਨ ਦੀ ਮਨਸ਼ਾ ਤਹਿਤ ਗਠਿਤ ਕੀਤੀ ਗਈ ਹੈ।

ਮੁਲਾਜ਼ਮ ਆਗੂਆਂ ਨੇ ਆਖਿਆ ਕਿ ਪੰਜਾਬ ਸਰਕਾਰ ਗੱਲਬਾਤ ਨੂੰ ਸਿਰਫ਼ ਤਨਖਾਹ ਕਮਿਸ਼ਨ ਤੱਕ ਸੀਮਿਤ ਕਰ ਰਹੀ ਹੈ ਅਤੇ ਬਾਕੀ ਮੰਗਾਂ ਨੂੰ ਸੁਣਨ ਲਈ ਵੀ ਤਿਆਰ ਨਹੀਂ ਹੈ। ਜਿਸ ਤੋਂ ਸਪੱਸ਼ਟ ਹੈ ਕਿ ਕੈਪਟਨ ਸਰਕਾਰ ਕੱਚੇ ਅਤੇ ਠੇਕਾ ਮੁਲਾਜਮਾਂ ਨੂੰ ਪੱਕੇ ਕਰਨ, ਮਾਣ ਭੱਤਾ ਵਰਕਰਾਂ 'ਤੇ ਘੱਟੋ-ਘੱਟ ਉਜਰਤਾਂ ਕਾਨੂੰਨ ਲਾਗੂ ਕਰਨ ਅਤੇ ਪੁਰਾਣੀ ਪੈਨਸ਼ਨ ਸਮੇਤ ਹੋਰ ਮੁਲਾਜ਼ਮ ਮੰਗਾਂ ਨੂੰ ਮੰਨਣ ਤੋਂ ਟਾਲਾ ਵੱਟ ਰਹੀ ਹੈ। ਮੁਲਾਜ਼ਮ ਆਗੂਆਂ ਨੇ ਐਲਾਨ ਕੀਤਾ ਕਿ 20 ਅਗਸਤ ਨੂੰ ਕਾਂਗਰਸ ਪਾਰਟੀ ਦੇ ਮੰਤਰੀਆਂ, ਵਿਧਾਇਕਾਂ ਅਤੇ ਹੋਰ ਮਹੱਤਵਪੂਰਨ ਆਗੂਆਂ ਦੇ ਘਰਾਂ ਵੱਲ ਕੀਤੇ ਜਾਣ ਵਾਲੇ ਜਿਲ੍ਹਾ ਪੱਧਰੀ ਰੋਸ ਮਾਰਚਾਂ ਵਿੱਚ ਅਜਨਾਲਾ ਤਹਿਸੀਲ ਦੇ ਸੈਂਕੜੇ ਮੁਲਾਜ਼ਮਾਂ ਵੱਲੋਂ ਵੱਡੇ ਪੱਧਰ 'ਤੇ ਸ਼ਮੂਲੀਅਤ ਕੀਤੀ ਜਾਵੇਗੀ।
-PTCNews

  • Share