ਕਿਸਾਨ ਜਥੇਬੰਦੀਆਂ ਮਾਰ ਸਕਦੀਆਂ ਨੇ ਸਿਆਸਤ 'ਚ ਐਂਟਰੀ, ਹੋ ਸਕਦੇ ਨੇ ਵੱਡੇ ਐਲਾਨ
ਚੰਡੀਗੜ੍ਹ: ਪੰਜਾਬ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਜਿਥੇ ਸਿਆਸੀ ਪਾਰਟੀਆਂ ਨੇ ਕਮਰ ਕਸੀ ਹੋਈ ਹੈ, ਉਥੇ ਹੀ ਹੁਣ ਕਿਸਾਨ ਜਥੇਬੰਦੀਆਂ ਵੱਡਾ ਧਮਾਕਾ ਕਰ ਸਕਦੀਆਂ ਹਨ। ਦਰਅਸਲ, ਖਬਰਾਂ ਨਿਕਲ ਕੇ ਸਾਹਮਣੇ ਆ ਰਹੀਆਂ ਹਨ ਕਿ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਕਿਸਾਨ ਅੱਜ ਸ਼ਨੀਵਾਰ ਨੂੰ ਆਪਣੇ ਸਿਆਸੀ ਫਰੰਟ ਜਾਂ ਸਿਆਸੀ ਪਾਰਟੀ ਦਾ ਐਲਾਨ ਕਰ ਸਕਦੇ ਹਨ। ਦੱਸਿਆ ਜਾ ਰਿਹਾ ਹੈ ਕਿ 20 ਤੋਂ 25 ਕਿਸਾਨ ਜਥੇਬੰਦੀਆਂ ਇਸ ਸਿਆਸੀ ਫਰੰਟ ਜਾਂ ਪਾਰਟੀ ਦਾ ਹਿੱਸਾ ਬਣਨਗੀਆਂ।
ਮੰਨਿਆ ਜਾ ਰਿਹਾ ਹੈ ਕਿ ਇਸ ਮੁਹਿੰਮ ਦੀ ਅਗਵਾਈ ਸੀਨੀਅਰ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਕਰਨਗੇ। ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਬਾਅਦ ਵਿਚ ਇਹ ਫਰੰਟ ਜਾਂ ਪਾਰਟੀ ਆਮ ਆਦਮੀ ਪਾਰਟੀ ਨਾਲ ਜੁੜ ਸਕਦੀ ਹੈ।
ਹੋਰ ਪੜ੍ਹੋ: ਪੰਜਾਬ ਸਰਕਾਰ ਵੱਲੋਂ ਵੱਡਾ ਐਲਾਨ, 27 ਦਸੰਬਰ ਨੂੰ ਜ਼ਿਲ੍ਹਾ ਫਤਹਿਗੜ੍ਹ ਸਾਹਿਬ ’ਚ ਰਹੇਗੀ ਛੁੱਟੀ
ਖੇਤੀ ਕਾਨੂੰਨਾਂ ਨੂੰ ਵਾਪਸ ਲੈਣ ਅਤੇ ਘੱਟੋ-ਘੱਟ ਸਮਰਥਨ ਮੁੱਲ 'ਤੇ ਕਮੇਟੀ ਬਣਾਉਣ ਵਰਗੀਆਂ ਮੰਗਾਂ ਨੂੰ ਲੈ ਕੇ ਕਿਸਾਨ ਭਾਵੇਂ ਆਪਣਾ ਅੰਦੋਲਨ ਮੁਲਤਵੀ ਕਰ ਕੇ ਘਰਾਂ ਨੂੰ ਪਰਤ ਗਏ ਹੋਣ, ਪਰ ਹੁਣ ਉਹ ਚੋਣਾਂ ਲੜਨ ਦੀ ਤਿਆਰੀ ਕਰ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਕਿਸਾਨਾਂ ਵੱਲੋਂ ਕਦੋਂ ਇਸ ਦਾ ਐਲਾਨ ਕੀਤਾ ਜਾਵੇਗਾ।
-PTC News