Uncategorized

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜ੍ਹਿਆ ਚੱਕੀ ਪੁਲ਼

By Ravinder Singh -- August 20, 2022 12:12 pm -- Updated:August 20, 2022 12:26 pm

ਕਾਂਗੜਾ : ਪਠਾਨਕੋਟ ਤੇ ਹਿਮਾਚਲ ਪ੍ਰਦੇਸ਼ ਨੂੰ ਜੋੜਨ ਵਾਲਾ ਰੇਲਵੇ ਪੁਲ ਭਾਰੀ ਮੀਂਹ ਕਾਰਨ ਰੁੜ ਗਿਆ ਹੈ। ਕੁਝ ਦਿਨ ਪਹਿਲਾਂ ਪੁਲ ਦੇ ਪਿੱਲਰਾਂ ਵਿੱਚ ਤਰੇੜਾਂ ਆਉਣ ਕਾਰਨ ਪਠਾਨਕੋਟ ਤੋਂ ਜੋਗਿੰਦਰਨਗਰ ਜਾਣ ਵਾਲੀਆਂ ਸਾਰੀਆਂ ਰੇਲਵੇ ਵਿਭਾਗ ਰੇਲਗੱਡੀਆਂ ਨੇ ਬੰਦ ਕਰ ਦਿੱਤੀਆਂ ਸਨ।

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜਿਆ ਚੱਕੀ ਪੁਲਹਿਮਾਚਲ ਪ੍ਰਦੇਸ਼ ਦੇ ਪਹਾੜੀ ਇਲਾਕਿਆਂ 'ਚ ਭਾਰੀ ਮੀਂਹ ਕਾਰਨ ਪਠਾਨਕੋਟ ਦੇ ਨਾਲ ਲੱਗਦੇ ਚੱਕੀ ਪੁਲ ਪਾਣੀ ਦੇ ਤੇਜ਼ ਵਹਾਅ ਕਾਰਨ ਰੁੜ੍ਹ ਗਿਆ। ਪੁਲ ਦੇ ਦੋ ਖੰਭੇ ਪਾਣੀ ਵਿੱਚ ਰੁੜ ਗਏ। ਪੁਲ ਦੇ ਰੁੜ ਜਾਣ ਮਗਰੋਂ ਹੁਣ ਘੱਟੋ-ਘੱਟ ਡੇਢ ਸਾਲ ਤੋਂ ਨੈਰੋ ਗੇਜ ਰੇਲ ਸੇਵਾ ਨੂੰ ਬਹਾਲ ਕਰਨਾ ਮੁਸ਼ਕਲ ਹੈ। ਜਾਣਕਾਰੀ ਅਨੁਸਾਰ ਪੰਜਾਬ ਵਾਲੇ ਪਾਸੇ ਤੋਂ ਪਹਿਲਾਂ ਹੀ ਨੁਕਸਾਨਿਆ ਹੋਇਆ ਹਿੱਸਾ ਹੁਣ ਹੜ੍ਹਾਂ ਦੀ ਲਪੇਟ ਵਿੱਚ ਆ ਗਿਆ ਹੈ।

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜਿਆ ਚੱਕੀ ਪੁਲਇਸ ਤੋਂ ਪਹਿਲਾਂ ਵੀ ਕਈ ਵਾਰ ਚੱਕੀ ਖੱਡ ਦਾ ਪਾਣੀ ਇਸ ਪੁਲ ਉਤੇ ਓਵਰਫਲੋਅ ਹੋ ਚੁੱਕਾ ਹੈ ਪਰ ਇਸ ਪੁਲ ਦੀ ਸਮੇਂ ਸਿਰ ਸੰਭਾਲ ਨਹੀਂ ਕੀਤੀ ਗਈ। ਹੁਣ ਪਿਛਲੇ 24 ਘੰਟਿਆਂ ਤੋਂ ਹੋ ਰਹੀ ਭਾਰੀ ਬਰਸਾਤ ਕਾਰਨ ਅੱਜ ਇਸ ਪੁਲ ਵਿੱਚ ਪਾਣੀ ਭਰ ਗਿਆ। ਰੇਲਵੇ ਇੰਜਨੀਅਰਿੰਗ ਟੀਮ ਨੇ 1 ਅਗਸਤ ਨੂੰ ਚੱਕੀ ਖੱਡ ਪੁਲ ਦਾ ਮੁਆਇਨਾ ਕੀਤਾ ਸੀ ਅਤੇ ਇਸ ਨੂੰ ਅਸੁਰੱਖਿਅਤ ਕਰਾਰ ਦਿੰਦਿਆਂ ਨਵਾਂ ਪੁਲ ਬਣਾਉਣ ਦੀ ਸਿਫ਼ਾਰਸ਼ ਕੀਤੀ ਤੇ ਰੇਲਮਾਰਗ ਨੂੰ ਅਣਮਿੱਥੇ ਸਮੇਂ ਲਈ ਬੰਦ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਵ੍ਰਿੰਦਾਵਨ : ਠਾਕੁਰ ਬਾਂਕੇ ਬਿਹਾਰੀ ਮੰਦਰ 'ਚ ਆਰਤੀ ਦੌਰਾਨ 50 ਸ਼ਰਧਾਲੂ ਹੋਏ ਬੇਹੋਸ਼, 2 ਦੀ ਮੌਤ

ਫ਼ਿਰੋਜ਼ਪੁਰ ਰੇਲ ਡਵੀਜ਼ਨ ਦੀ ਮੰਡਲ ਰੇਲਵੇ ਮੈਨੇਜਰ ਮੀਨਾ ਸ਼ਰਮਾ ਨੇ ਦੱਸਿਆ ਕਿ ਭਾਰੀ ਮੀਂਹ ਕਾਰਨ ਪਠਾਨਕੋਟ-ਜੋਗਿੰਦਰਨਗਰ ਰੇਲਵੇ ਲਾਈਨ ਉਪਰ ਪੈਂਦਾ ਚੱਕੀ ਪੁਲ ਢਹਿ ਗਿਾ ਹੈ। ਹੁਣ ਇਸ ਦੀ ਮੁੜ ਉਸਾਰੀ ਤੋਂ ਬਾਅਦ ਹੀ ਰੇਲ ਆਵਾਜਾਈ ਬਹਾਲ ਹੋਵੇਗੀ। ਕਾਬਿਲੇਗੌਰ ਹੈ ਕਿ ਪੰਜਾਬ ਨੂੰ ਹਿਮਾਚਲ ਨਾਲ ਜੋੜਨ ਵਾਲਾ ਇਹ ਇਕੋ-ਇਕ ਰੇਲਵੇ ਟਰੈਕ ਹੈ, ਜਿਸ ਨੂੰ ਚੌੜਾ ਕਰਨ ਲਈ ਮੌਜੂਦਾ ਸਰਕਾਰ ਨੇ ਕਈ ਹਵਾਈ ਸਰਵੇਖਣ ਕਰਵਾਏ ਅਤੇ ਬਾਅਦ ਵਿਚ ਇਸ ਨੂੰ ਇਤਿਹਾਸਕ ਵਿਰਾਸਤ ਐਲਾਨ ਕੇ ਆਪਣੇ ਹਾਲ 'ਤੇ ਛੱਡ ਦਿੱਤਾ। ਇਹ ਪੁਲ ਬ੍ਰਿਟਿਸ਼ ਸਰਕਾਰ ਦੇ ਕਾਰਜਕਾਲ ਦੌਰਾਨ ਬਣਾਇਆ ਗਿਆ ਸੀ।

ਪੰਜਾਬ-ਹਿਮਾਚਲ ਰੇਲ ਲਾਈਨ ਠੱਪ, ਭਾਰੀ ਮੀਂਹ ਕਾਰਨ ਰੁੜਿਆ ਚੱਕੀ ਪੁਲ

ਰੇਲਵੇ ਨੇ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਚੱਕੀ ਪੁਲ ਸਮੇਤ ਦਰਿਆਵਾਂ 'ਤੇ ਬਣੇ ਪੁਲਾਂ ਨੂੰ ਖ਼ਤਰੇ ਬਾਰੇ ਚਿੰਤਾ ਜ਼ਾਹਿਰ ਕੀਤੀ ਸੀ। ਰੇਲਵੇ ਨੇ ਸੂਬਾ ਸਰਕਾਰ ਨੂੰ ਚਿਤਾਵਨੀ ਦਿੱਤੀ ਸੀ ਕਿ ਜੇ ਸਮੇਂ ਸਿਰ ਨਾਜਾਇਜ਼ ਮਾਈਨਿੰਗ ਨੂੰ ਰੋਕਿਆ ਗਿਆ ਤਾਂ ਵੱਡਾ ਹਾਦਸਾ ਵਾਪਰ ਸਕਦਾ ਹੈ। ਸਰਹੱਦੀ ਪਠਾਨਕੋਟ ਵਿੱਚ ਚੱਕੀ ਦਰਿਆ ਉਤੇ ਬਣਿਆ ਪੁਲ ਨਾਜਾਇਜ਼ ਮਾਈਨਿੰਗ ਕਾਰਨ ਕਮਜ਼ੋਰ ਹੁੰਦਾ ਜਾ ਰਿਹਾ ਹੈ। ਫ਼ੌਜ ਦੀ ਆਵਾਜਾਈ ਹੋਣ ਕਾਰਨ ਯਾਤਰੀ ਗੱਡੀਆਂ ਤੇ ਮਾਲ ਗੱਡੀਆਂ ਦਾ ਆਉਣਾ ਜਾਣਾ ਸਭ ਤੋਂ ਜ਼ਿਆਦਾ ਰਹਿੰਦਾ ਹੈ। ਪੰਜਾਬ ਵਿੱਚ ਨਾਜਾਇਜ਼ ਮਾਈਨਿੰਗ ਹੋਣ ਕਾਰਨ ਪਿੱਲਰਾਂ ਦਾ ਨੁਕਸਾਨ ਹੋ ਰਿਹਾ ਹੈ। ਨਾਜਾਇਜ਼ ਮਾਈਨਿੰਗ ਦਾ ਕੰਮ ਨਹੀਂ ਰੋਕਿਆ ਗਿਆ ਤਾਂ ਨਦੀ ਉਤੇ ਬਣੇ ਸੜਕ ਪੁਲ਼ ਵੀ ਢਹਿ ਸਕਦੇ ਹਨ। ਕਾਬਿਲੇਗੌਰ ਹੈ ਕਿ ਸਰਹੱਦੀ ਜ਼ਿਲ੍ਹਿਆਂ ਗੁਰਦਾਸਪੁਰ, ਪਠਾਨਕੋਟ ਵਿੱਚ ਲਗਾਤਾਰ ਮਾਈਨਿੰਗ ਹੋ ਰਹੀ ਹੈ ਪਰ ਸਰਕਾਰ ਲਈ ਨਾਜਾਇਜ਼ ਮਾਈਨਿੰਗ ਨੂੰ ਰੋਕਣਾ ਅਸੰਭਵ ਹੁੰਦਾ ਜਾ ਰਿਹਾ ਹੈ।

-PTC News

 

  • Share