ਹੈਲੀਕਾਪਟਰ ਕ੍ਰੈਸ਼ 'ਚ ਸਵਾਰ ਸੀ ਪੰਜਾਬ ਦਾ ਨਾਇਕ ਗੁਰਸੇਵਕ, ਵੇਖੋ ਆਖਰੀ ਵੀਡੀਓ
ਤਰਨ ਤਾਰਨ: ਤਾਮਿਲਨਾਡੂ ਦੇ ਨੀਲਗਿਰੀ ਜ਼ਿਲ੍ਹੇ ਦੇ ਪੱਛਮੀ ਘਾਟ ਖੇਤਰ 'ਚ ਬੀਤੇ ਦਿਨੀ ਭਾਰਤੀ ਫੌਜ ਦਾ ਹੈਲੀਕਾਪਟਰ ਕ੍ਰੈਸ਼ ਹੋ ਗਿਆ। ਇਸ ਭਿਆਨਕ ਹਾਦਸੇ 'ਚ ਹੀ ਦੇਸ਼ ਦੇ ਸੀਡੀਐਸ ਜਨਰਲ ਬਿਪਿਨ ਰਾਵਤ, ਉਨ੍ਹਾਂ ਦੀ ਪਤਨੀ ਮਧੁਲਿਕਾ ਰਾਵਤ ਤੇ 11 ਅਧਿਕਾਰੀ ਸ਼ਹੀਦ ਹੋ ਗਏ। ਇਸ ਹਾਦਸੇ 'ਚ ਸ਼ਹੀਦ ਹੋਣ ਵਾਲਿਆਂ ਵਿੱਚ ਪੰਜਾਬ ਦੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡ ਦੋਦੇ ਸੋਢੀਆਂ ਦਾ ਰਹਿਣ ਵਾਲਾ ਨਾਇਕ ਗੁਰਸੇਵਕ ਸਿੰਘ ਪੁੱਤਰ ਕਾਬਲ ਸਿੰਘ ਵੀ ਸ਼ਾਮਲ ਸੀ।
ਹਾਸਲ ਜਾਣਕਾਰੀ ਮੁਤਾਬਕ 30 ਸਾਲਾ ਗੁਰਸੇਵਕ ਸਿੰਘ ਦੀ ਸ਼ਹਾਦਤ ਦੀ ਖ਼ਬਰ ਨਾਲ ਸਰਹੱਦੀ ਪਿੰਡ ਦੋਦੇ ਸੋਢੀਆਂ ਵਿੱਚ ਸੋਗ ਦਾ ਮਾਹੌਲ ਬਣ ਗਿਆ। ਗੁਰਸੇਵਕ ਸਿੰਘ ਦੋ ਬੱਚਿਆਂ ਦਾ ਪਿਤਾ ਹੈ। ਗੁਰਸੇਵਕ ਦੀ ਸ਼ਹਾਦਤ ਦੀ ਖ਼ਬਰ ਮਿਲਦਿਆਂ ਹੀ ਸਰਪੰਚ ਗੁਰਬਾਜ਼ ਸਿੰਘ ਨੇ ਪਰਿਵਾਰ ਨਾਲ ਸੰਪਰਕ ਕੀਤਾ।
ਪਰਿਵਾਰ ਨੇ ਸਾਢੇ ਦਸ ਵਜੇ ਜ਼ਿਲ੍ਹੇ ਦੇ ਡੀਸੀ ਰਾਹੀਂ ਭਾਰਤੀ ਫ਼ੌਜ ਤੋਂ ਇਹ ਸੂਚਨਾ ਮਿਲੀ। ਨਾਇਕ ਗੁਰਸੇਵਕ ਸਿੰਘ ਦੇ ਪਿਤਾ ਕਾਬਲ ਸਿੰਘ ਨੂੰ ਇਸ ਹਾਦਸੇ ਦਾ ਪਤਾ ਲੱਗਦਿਆਂ ਹੀ ਉਹ ਸਦਮੇ 'ਚ ਆ ਗਏ।
ਦੱਸ ਦੇਈਏ ਕਿ ਤਾਮਿਲਨਾਡੂ 'ਚ ਫੌਜ ਦੇ ਕ੍ਰੈਸ਼ ਹੋਏ ਹੈਲੀਕਾਪਟਰ ਵਿੱਚ ਦੇਸ਼ ਦੇ ਪਹਿਲੇ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ ਦੀ ਮੌਤ ਹੋ ਗਈ ਸੀ। ਉਨ੍ਹਾਂ ਦਾ ਸਟਾਫ ਤੇ ਕੁਝ ਪਰਿਵਾਰਕ ਮੈਂਬਰ ਵੀ ਇਸ ਵਿੱਚ ਸਵਾਰ ਸਨ। ਇਸ ਹਾਦਸੇ ਵਿੱਚ ਉਹਨਾਂ ਦੀ ਪਤਨੀ ਦੀ ਵੀ ਮੌਤ ਹੋ ਗਈ ਹੈ। ਅਧਿਕਾਰੀਆਂ ਮੁਤਾਬਿਕ ਹਾਦਸੇ 'ਚ 13 ਲੋਕਾਂ ਦੀ ਮੌਤ ਹੋਈ ਹੈ।
-PTC News