ਮੁੱਖ ਖਬਰਾਂ

ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਕਰਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼ ਤੇ ਤੇਜ਼ ਹਵਾਵਾਂ ਚੱਲੀਆਂ

By Ravinder Singh -- May 24, 2022 7:28 am -- Updated:May 24, 2022 7:43 am

ਚੰਡੀਗੜ੍ਹ :

ਪੰਜਾਬ ਵਿੱਚ ਸੋਮਵਾਰ ਸ਼ਾਮ ਨੂੰ ਪਏ ਮੀਂਹ ਨੇ ਲੋਕਾਂ ਨੂੰ ਠੰਢ ਦਾ ਅਹਿਸਾਸ ਕਰਵਾ ਦਿੱਤਾ। ਰਾਤ 10 ਵਜੇ ਦੇ ਕਰੀਬ ਮੀਂਹ ਕਾਰਨ ਤਾਪਮਾਨ ਵਿੱਚ ਗਿਰਾਵਟ ਨਜ਼ਰ ਆਈ ਜਿਸ ਕਾਰਨ ਲੋਕਾਂ ਨੂੰ ਸ਼ਿਮਲੇ ਦੀ ਠੰਢ ਦਾ ਅਹਿਸਾਸ ਹੋਇਆ। ਇਸ ਤੋਂ ਇਲਾਵਾ ਪੰਜਾਬ ਵਿੱਚ ਪਾਰਵਰਕਾਮ ਨੂੰ ਵੀ ਭਾਰੀ ਰਾਹਤ ਮਿਲੀ। ਪੰਜਾਬ ਵਿੱਚ ਸ਼ਾਮ ਵੇਲੇ ਭਾਰੀ ਮੀਂਹ ਦੇ ਨਾਲ ਕਈ ਜਗ੍ਹਾ ਬਿਜਲੀ ਵੀ ਡਿੱਗੀ। ਜ਼ਿਲ੍ਹਾ ਫਿਰੋਜ਼ਪੁਰ 'ਚ ਅਸਮਾਨੀ ਬਿਜਲੀ ਡਿੱਗਣ ਕਾਰਨ ਭਾਰਤ-ਪਾਕਿ ਸਰਹੱਦ 'ਤੇ ਤਾਇਨਾਤ ਬੀ.ਐੱਸ.ਐੱਫ. ਦੇ ਜਵਾਨ ਦੀ ਮੌਤ ਹੋ ਗਈ।ਜਾਣਕਾਰੀ ਅਨੁਸਾਰ ਗੱਟੀ ਹਯਾਤ ਇਲਾਕੇ 'ਚ ਜਵਾਨ ਤਾਇਨਾਤ ਸੀ। ਇਸ ਤੋਂ ਇਲਾਵਾ ਪੂਰੇ ਉੱਤਰੀ ਭਾਰਤ ਵਿੱਚ ਸੋਮਵਾਰ ਤੋਂ ਸ਼ੁਰੂ ਹੋਈ ਤੂਫ਼ਾਨੀ ਬਾਰਿਸ਼ ਨੇ ਮੌਸਮ ਨੂੰ ਬਦਲ ਦਿੱਤਾ ਹੈ। 75 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀ ਹਵਾ ਨਾਲ ਹੋਈ ਬਾਰਿਸ਼ ਨੇ ਦਿੱਲੀ ਤੇ ਐੱਨਸੀਆਰ ਵਿੱਚ ਸ਼ਿਮਲੇ ਵਰਗੀ ਠੰਢਕ ਦਾ ਅਹਿਸਾਸ ਕਰਵਾ ਦਿੱਤਾ।

ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਦਿਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼

ਇਸ ਦਾ ਅੰਦਾਜ਼ਾ ਇਸ ਤੋਂ ਲਾਇਆ ਜਾ ਸਕਦਾ ਹੈ ਕਿ ਘੱਟੋ-ਘੱਟ ਤਾਪਮਾਨ ਸਾਧਾਰਨ ਨਾਲੋਂ ਨੌਂ ਡਿਗਰੀ ਤਕ ਲੁੜਕ ਕੇ ਮਹਿਜ਼ 17.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉਧਰ ਦਿਨ ਭਰ ਬੱਦਲ ਤੇ ਸੂਰਜ ਦੀ ਲੁਕਣਮੀਟੀ ਚੱਲਦੀ ਰਹੀ। ਸ਼ਾਮ ਸਾਢੇ ਪੰਜ ਵਜੇ ਤਕ 12.6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਦਿੱਲੀ ਤੋਂ ਇਲਾਵਾ ਆਸਪਾਸ ਦੇ ਸੂਬਿਆਂ ਵਿੱਚ ਵੀ ਬਾਰਿਸ਼ ਕਾਰਨ ਮੌਸਮ ਖ਼ੁਸ਼ਗਵਾਰ ਹੋਇਆ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਹ ਇਸ ਮੌਸਮ ਦਾ ਪਹਿਲਾ ਮੱਧ ਤੋਂ ਉੱਚ ਤੀਬਰਤਾ ਵਾਲਾ ਤੂਫ਼ਾਨ ਰਿਹਾ। ਇਸ ਤੂਫ਼ਾਨ ਕਾਰਨ ਹੀ ਤਾਪਮਾਨ ਵਿੱਚ ਵੀ ਕਾਫ਼ੀ ਗਿਰਾਵਟ ਦਰਜ ਕੀਤੀ ਗਈ। ਮੰਗਲਵਾਰ ਨੂੰ ਵੀ ਅਜਿਹਾ ਹੀ ਮੌਸਮ ਰਹਿਣ ਦੇ ਆਸਾਰ ਹਨ। ਮੌਸਮ ਵਿਭਾਗ ਨੇ ਯੈਲੋ ਅਲਰਟ ਜਾਰੀ ਕੀਤਾ ਹੋਇਆ ਹੈ।

ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਦਿਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼

ਹਰਿਆਣੇ ਵਿੱਚ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਨਾਲ ਬਾਰਿਸ਼ ਦੇ ਨਾਲ-ਨਾਲ ਹਨੇਰੀ ਚੱਲਣ ਨਾਲ ਪਾਰਾ ਮੂਧੇ ਮੂੰਹ ਡਿੱਗ ਗਿਆ। ਅਜਿਹੇ ਵਿੱਚ ਗੁਰੂਗ੍ਰਾਮ ਵਿੱਚ 35 ਸਾਲ ਦਾ ਰਿਕਾਰਡ ਟੁੱਟ ਗਿਆ ਤੇ 24 ਘੰਟਿਆਂ ਵਿੱਚ 73.4 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਇਸ ਤੋਂ ਪਹਿਲਾਂ ਵੀ ਇਹ ਰਿਕਾਰਡ ਗੁਰੂਗ੍ਰਾਮ ਦੇ ਹੀ ਨਾਂ ਸੀ। ਇੱਥੇ ਸਾਲ 1987 ਵਿੱਚ 24 ਘੰਟਿਆਂ ਦੌਰਾਨ 53 ਐੱਮਐੱਮ ਬਾਰਿਸ਼ ਦਰਜ ਕੀਤੀ ਗਈ ਸੀ। ਮੌਸਮ ਵਿਭਾਗ ਅਨੁਸਾਰ ਅੱਜ ਵੀ ਧੂੜ ਭਰੀਆਂ ਹਵਾਵਾਂ ਤੇ ਗਰਜ-ਚਮਕ ਨਾਲ ਕਿਤੇ-ਕਿਤੇ ਬੂੰਦਾਬਾਂਦੀ ਜਾਂ ਹਲਕੀ ਬਾਰਿਸ਼ ਦੀ ਸੰਭਾਵਨਾ ਹੈ।

ਪੰਜਾਬ 'ਚ ਪਏ ਮੀਂਹ ਨੇ ਠੰਢ ਦਾ ਅਹਿਸਾਸ ਦਿਵਾਇਆ, ਉਤਰ-ਭਾਰਤ 'ਚ ਭਾਰੀ ਬਾਰਿਸ਼

ਉੱਤਰਾਖੰਡ ਤੇ ਹਿਮਾਚਲ ਵਿੱਚ ਵੀ ਤੇਜ਼ ਹਵਾਵਾਂ ਚੱਲਣ, ਗੜੇਮਾਰੀ ਤੇ ਭਾਰੀ ਬਾਰਿਸ਼ ਨਾਲ ਮੌਸਮ ਬਦਲ ਗਿਆ ਹੈ। ਉੱਤਰਾਖੰਡ ਵਿੱਚ ਚਾਰ ਧਾਮ ਤੇ ਹੇਮਕੁੰਟ ਸਾਹਿਬ ਦੀਆਂ ਪਹਾੜੀਆਂ ਉਤੇ ਬਰਫ਼ਬਾਰੀ ਤੇ ਹੇਠਲੇ ਇਲਾਕਿਆਂ ਵਿੱਚ ਬਾਰਿਸ਼ ਹੋਈ। ਐਤਵਾਰ ਰਾਤ ਤੋਂ ਹੀ ਬਾਰਿਸ਼ ਦਾ ਸਿਲਸਿਲਾ ਜਾਰੀ ਰਿਹਾ। ਉਧਰ ਹਿਮਾਚਲ ਵਿੱਚ ਸੋਮਵਾਰ ਨੂੰ ਲਾਹੌਲ-ਸਪਿਤੀ ਨੂੰ ਛੱਡ ਕੇ ਹੋਰਨਾਂ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਚੱਲਣ, ਗੜੇ ਪੈਣ ਤੇ ਭਾਰੀ ਬਾਰਿਸ਼ ਦਾ ਆਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਸ਼ਿਮਲਾ, ਧਰਮਸ਼ਾਲਾ ਤੇ ਮਨਾਲੀ ਵਿੱਚ ਬਾਰਿਸ਼ ਦਾ ਮੌਸਮ ਬਣਿਆ ਰਿਹਾ। ਜੰਮੂ ਵਿੱਚ ਵੀ ਕਈ ਥਾਈਂ ਬਾਰਿਸ਼ ਹੋਣ ਨਾਲ ਮੌਸਮ ਖ਼ੁਸ਼ਗਵਾਰ ਹੋ ਗਿਆ।

ਇਹ ਵੀ ਪੜ੍ਹੋ : ਪਟਿਆਲਾ ਤੋਂ ਆਪ ਵਿਧਾਇਕ ਬਲਬੀਰ ਸਿੰਘ ਨੂੰ ਹੋਈ 3 ਸਾਲ ਦੀ ਸਜ਼ਾ

  • Share