ਸ੍ਰੀ ਦਰਬਾਰ ਸਾਹਿਬ ਵਿਖੇ ਹੋਈ ਬੇਅਦਬੀ ਘਟਨਾ ਦੀ ਦੋ ਦਿਨਾਂ 'ਚ ਪੇਸ਼ ਕੀਤੀ ਜਾਵੇਗੀ ਰਿਪੋਰਟ: ਰੰਧਾਵਾ
ਅੰਮ੍ਰਿਤਸਰ: ਸ੍ਰੀ ਦਰਬਾਰ ਸਾਹਿਬ ਵਿਖੇ ਵਾਪਰੀ ਬੇਅਦਬੀ ਦੀ ਹਿਰਦੇਵੇਦਕ ਘਟਨਾ ਨੂੰ ਅਤਿ ਨਿੰਦਣਯੋਗ ਦੱਸਦਿਆਂ ਇਸ ਦੀ ਸਖਤ ਨਿੰਦਿਆ ਕਰਦਿਆਂ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਇਸ ਘਟਨਾ ਦੀ ਜਾਂਚ ਲਈ ਡੀ.ਸੀ.ਪੀ. ਲਾਅ ਐਡ ਆਰਡਰ ਦੀ ਅਗਵਾਈ ਵਿਚ ਸਿੱਟ ਬਣਾ ਦਿੱਤੀ ਹੈ ਅਤੇ ਇਹ ਸਿੱਟ ਇਸ ਘਟਨਾ ਸਬੰਧੀ ਦੋ ਦਿਨਾਂ ਦੇ ਅੰਦਰ-ਅੰਦਰ ਰਿਪੋਰਟ ਪੇਸ਼ ਕਰੇਗੀ।
ਸੁਖਜਿੰਦਰ ਸਿੰਘ ਰੰਧਾਵਾ ਜਿਨ੍ਹਾਂ ਕੋਲ ਗ੍ਰਹਿ ਵਿਭਾਗ ਵੀ ਹੈ, ਨੇ ਇਹ ਗੱਲ ਅੱਜ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਤੋਂ ਪਹਿਲਾਂ ਉਪ ਮੁੱਖ ਮੰਤਰੀ ਨੇ ਇਸ ਮੰਦਭਾਗੀ ਘਟਨਾ ਦੇ ਸੰਦਰਭ ਵਿੱਚ ਪੁਲਿਸ ਲਾਇਨ ਅੰਮ੍ਰਿਤਸਰ ਵਿਖੇ ਸਿਵਲ ਅਤੇ ਪੁਲਿਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਵਿੱਚ ਆਈ.ਜੀ. ਬਾਰਡਰ ਰੇਂਜ ਮੋਹਨੀਸ਼ ਚਾਵਲਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐਸ.ਐਸ.ਪੀ ਦਿਹਾਤੀ ਰਾਕੇਸ਼ ਕੌਸ਼ਲ ਸਮੇਤ ਹੋਰ ਵੀ ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਸ਼੍ਰੋਮਣੀ ਕਮੇਟੀ ਤਰਫੋਂ ਰਜਿੰਦਰ ਸਿੰਘ ਮਹਿਤਾ, ਹਰਜਾਪ ਸਿੰਘ ਸੁਲਤਾਨਵਿੰਡ ਤੇ ਸੁਖਦੇਵ ਸਿੰਘ ਭੂਰਾਕੋਨਾ ਵੀ ਹਾਜ਼ਰ ਸਨ।
ਰੰਧਾਵਾ ਨੇ ਕਿਹਾ ਕਿ ਇਹ ਬਹੁਤ ਮੰਦਭਾਗੀ ਘਟਨਾ ਹੈ ਅਤੇ ਇਸ ਘਟਨਾ ਦੀ ਡੂੰਘਾਈ ਤੱਕ ਪਹੁੰਚਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨਾਲ ਵੀ ਗੱਲਬਾਤ ਹੋਈ ਹੈ ਅਤੇ ਇਸ ਘਟਨਾ ਦੇ ਹਰ ਪਹਿਲੂ ਉਤੇ ਜਾਣਕਾਰੀ ਪ੍ਰਾਪਤ ਕੀਤੀ ਜਾਵੇਗੀ।
ਰੰਧਾਵਾ ਨੇ ਦੱਸਿਆ ਕਿ ਮੁੱਢਲੀ ਪੜਤਾਲ ਤੋਂ ਪਤਾ ਲੱਗਾ ਹੈ ਕਿ ਦੋਸ਼ੀ ਕਰੀਬ ਸਵੇਰੇ 11.30 ਵਜੇ ਤੋਂ ਹੀ ਸ੍ਰੀ ਦਰਬਾਰ ਸਾਹਿਬ ਅੰਦਰ ਸੀ ਅਤੇ ਪਰਿਕਰਮਾ ਵਿੱਚ ਲੇਟਿਆ ਰਿਹਾ ਜਿਸ ਤੋਂ ਲੱਗਦਾ ਹੈ ਕਿ ਉਹ ਕਿਸੇ ਨਿਸ਼ਾਨੇ ਨਾਲ ਹੀ ਇਥੇ ਆਇਆ ਹੋਇਆ ਸੀ। ਬੇਅਦਬੀ ਘਟਨਾ ਦੇ ਦੋਸ਼ੀ ਦੀ ਅਜੇ ਤੱਕ ਕੋਈ ਸ਼ਨਾਖਤ ਨਹੀ ਹੋਈ ਹੈ ਅਤੇ ਦੋਸ਼ੀ ਦਾ ਪੋਸਟ ਮਾਰਟਮ ਵੀ ਜਲਦ ਕਰਵਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਸ੍ਰੀ ਦਰਬਾਰ ਸਾਹਿਬ ਅਤੇ ਬਾਹਰ ਬਜ਼ਾਰਾਂ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਨੂੰ ਵੀ ਘੋਖਿਆ ਜਾ ਰਿਹਾ ਹੈ ਕਿ ਦੋਸ਼ੀ ਕਿਸ ਰਸਤੇ ਤੋਂ ਆਇਆ ਅਤੇ ਇਸ ਦੇ ਨਾਲ ਹੋਰ ਕੌਣ ਸੀ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਅਤੇ ਸਰਕਾਰ ਮਿਲ ਕੇ ਇਸ ਘਟਨਾ ਦੀ ਪੂਰੀ ਜਾਂਚ ਕਰੇਗੀ।