ਰੂਸ ਵੈਕਿਊਮ ਬੰਬ ਨਾਲ ਯੂਕਰੇਨ 'ਚ ਮਚਾ ਰਿਹਾ ਤਬਾਹੀ
ਚੰਡੀਗੜ੍ਹ : ਯੂਕਰੇਨ ਵਿੱਚ ਤਬਾਹੀ ਮਚਾਉਣ ਲਈ ਰੂਸ ਹੁਣ ਖ਼ਤਰਨਾਕ ਕਦਮ ਚੁੱਕਣ ਲੱਗ ਗਿਆ ਹੈ। ਅਮਰੀਕਾ ਸਥਿਤ ਯੂਕਰੇਨੀ ਸਫੀਰ ਨੇ ਦੋਸ਼ ਲਾਇਆ ਹੈ ਕਿ ਰੂਸ ਯੂਕਰੇਨ ਉਤੇ ਵੈਕਿਊਮ ਬੰਬ ਸੁੱਟ ਕੇ ਤਬਾਹੀ ਮਚਾ ਰਿਹਾ ਹੈ। ਇਸ ਕਾਰਨ ਉਥੇ ਦੇ ਹਾਲਾਤ ਕਾਫੀ ਤਬਾਹਕੁੰਨ ਹੋ ਚੁੱਕੇ ਹਨ। ਇਹ ਬੰਬ ਯੂਕਰੇਨ ਦੇ ਕਈ ਸ਼ਹਿਰਾਂ ਵਿੱਚ ਖਤਰਨਾਕ ਰੂਪ ਵਿਚ ਗਰਮੀ ਫੈਲਾ ਰਿਹਾ ਹੈ।
ਲੋਕਾਂ ਦੇ ਸਾਹ ਰੁਕ ਰਹੇ ਹਨ। ਇਸ ਨੂੰ ਫਾਦਰ ਆਫ ਆਲ ਬਾਂਬਸ ਵੀ ਕਿਹਾ ਜਾਂਦਾ ਹੈ। ਇਸ ਦਾ ਭਾਰ 7100 ਕਿਲੋਗ੍ਰਾਮ ਹੈ ਤੇ ਇਹ ਇੱਕ ਹੀ ਵਾਰ ਵਿੱਚ ਲਗਭਗ 44 ਟਨ ਟੀ.ਐਨ.ਟੀ. ਦੀ ਤਾਕਤ ਦਾ ਧਮਾਕਾ ਕਰ ਸਕਦਾ ਹੈ। ਇਸ ਬੰਬ ਦੀ ਵਿਨਾਸ਼ਕਾਰੀ ਤਾਕਤ ਦਾ ਅੰਦਾਜ਼ਾ ਇਸੇ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਇਹ ਇੱਕ ਵਾਰ ਦੇ ਇਸਤੇਮਾਲ ਵਿੱਚ ਲਗਭਗ 300 ਮੀਟਰ ਦੇ ਇਲਾਕੇ ਨੂੰ ਸੁਆਹ ਕਰ ਸਕਦਾ ਹੈ।
ਫਾਦਰ ਆਫ ਆਲ ਬੰਬ ਥਰਮੋਬੇਰਿਕ ਹਥਿਆਰ ਹੈ। ਇਸ ਨੂੰ ਵੈਕਿਊਮ ਬੰਬ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਬੰਬ ਚੌਗਿਰਦੇ ਤੋਂ ਆਕਸੀਜਨ ਸੋਖ ਲੈਂਦਾ ਹੈ ਤੇ ਖੁਦ ਨੂੰ ਜ਼ਿਆਦਾ ਤਾਕਤਵਰ ਬਣਾ ਕੇ ਜ਼ਮੀਨ ਤੋਂ ਉਪਰ ਹੀ ਧਮਾਕਾ ਕਰਦਾ ਹੈ। ਇਸ ਧਮਾਕੇ ਨਾਲ ਕਿਸੇ ਆਮ (ਘੱਟ ਤਾਕਤ ਦੇ) ਪਰਮਾਣੂ ਬੰਬ ਵਾਂਗ ਹੀ ਗਰਮੀ ਪੈਦਾ ਹੁੰਦੀ ਹੈ।
ਇਸ ਦੇ ਨਾਲ ਹੀ ਧਮਾਕੇ ਨਾਲ ਇੱਕ ਅਲਟ੍ਰਾਸੋਨਿਕ ਸ਼ਾਕਵੇਵ ਵੀ ਨਿਕਲਦਾ ਹੈ ਜੋ ਹੋਰ ਜ਼ਿਆਦਾ ਤਬਾਹੀ ਲਿਆਉਂਦਾ ਹੈ। ਇਹੀ ਕਾਰਨ ਹੈ ਕਿ ਇਸ ਹਥਿਆਰ ਨੂੰ ਕਿਸੇ ਵੀ ਹੋਰ ਰਵਾਇਤੀ ਹਥਿਆਰ ਤੋਂ ਵੱਧ ਤਾਕਤਵਰ ਮੰਨਿਆ ਜਾਂਦਾ ਹੈ। ਇਸ ਕਾਰਨ ਯੂਕਰੇਨ ਵਿਚ ਹਾਲਾਤ ਬਹੁਤ ਹੀ ਜ਼ਿਆਦਾ ਭਿਆਨਕ ਹੋ ਗਏ ਹਨ ਅਤੇ ਗਰਮੀ ਅਤੇ ਸਾਹ ਘੁੱਟਣ ਕਾਰਨ ਲੋਕਾਂ ਨੂੰ ਕਾਫੀ ਪਰੇਸ਼ਾਨੀ ਹੋ ਰਹੀ ਹੈ।
ਇਹ ਵੀ ਪੜ੍ਹੋ : ਖਾਰਕਿਵ ਵਿੱਚ ਗੋਲੀਬਾਰੀ ਦੌਰਾਨ ਇੱਕ ਭਾਰਤੀ ਵਿਦਿਆਰਥੀ ਦੀ ਮੌਤ