ਪੰਜਾਬ

ਮਜੀਠੀਆ ਦਾ ਅਕਸ ਵਿਗਾੜਨ ਲਈ ਜਾਣ ਬੁੱਝ ਕੇ ਚੋਣਵੀਂ ਜਾਣਕਾਰੀ ਮੀਡੀਆ ਨੂੰ ਲੀਕ ਕੀਤੀ ਜਾ ਰਹੀ ਹੈ: ਰੋਮਾਣਾ

By Riya Bawa -- December 28, 2021 12:24 pm -- Updated:December 28, 2021 12:24 pm

ਚੰਡੀਗੜ੍ਹ: ਯੂਥ ਅਕਾਲੀ ਦਲ ਨੇ ਅੱਜ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਵੱਲੋਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਅਕਸ ਖਰਾਬ ਕਰਨ ਲਈ ਚੋਣਵੀਂ ਜਾਣਕਾਰੀ ਮੀਡੀਆ ਨੁੰ ਲੀਕ ਕਰਨ ਦੀ ਨਿਖੇਧੀ ਕੀਤੀ ਤੇ ਪਾਰਟੀ ਨੇ ਸਰਕਾਰ ਨੁੰ ਇਸ ਘਟੀਆ ਹਰਕਤ ਲਈ ਮੁਆਫੀ ਮੰਗਣ ਵਾਸਤੇ ਆਖਿਆ।

ਪਰਮਬੰਸ ਸਿੰਘ ਰੋਮਾਣਾ ਵੱਲੋਂ ਯੂਥ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਵਿੱਚ ਹੋਰ ਵਾਧਾ

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਯੂਥ ਅਕਾਲੀ ਦਲ ਦੇ ਪ੍ਰਧਾਨ ਅਤੇ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਇੲ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਦਾ ਅਕਸ ਵਿਗਾੜਨ ਲਈ ਚੋਣਵੀਂ ਜਾਣਕਾਰੀ ਮੀਡੀਆ ਨੂੰ ਲੀਕ ਕੀਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਵਿਚ ਹਰ ਕੋਈ ਜਾਣਦਾ ਹੈ ਕਿ ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਉਸਦੇ ਮੌਜੂਦਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨਾਲ ਸੰਬੰਧਾਂ ਦੀ ਪੋਲ ਕਿਸਨੇ ਖੋਲ੍ਹੀ ਸੀ। ਉਹਨਾਂ ਕਿਹਾ ਕਿ ਪਿਛਲੇ ਪੰਜ ਸਾਲਾਂ ਤੋਂ ਸੂਬੇ ਦੀਆਂ ਜੇਲ੍ਹਾਂ ਇਹਨਾਂ ਗੈਂਗਸਟਰਾਂ ਲਈ ਸਵਰਗ ਬਣੀਆਂ ਹੋਈਆਂ ਹਨ ਤੇ ਇਹ ਆਪਣਾ ਨੈਟਵਰਕ ਇਹਨਾਂ ਜੇਲ੍ਹਾਂ ਵਿਚੋਂ ਚਲਾ ਰਹੇ ਹਨ।

ਉਹਨਾਂ ਕਿਹਾ ਕਿ ਉਹ ਜੱਗੂ ਭਗਵਾਨਪੁਰੀਆ ਦੇ ਸੰਬੰਧ ਮਜੀਠੀਆ ਨਾਲ ਸਾਬਤ ਕਰਨ ਵਾਸਤੇ ਚੋਣਵੀਂ ਜਾਣਕਾਰੀ ਮੀਡੀਆ ਨੁੰ ਲੀਕ ਕੀਤੇ ਜਾਣ ਦੇ ਕਾਰੇ ਵੇਖ ਕੇ ਹੈਰਾਨ ਹਨ। ਉਹਨਾਂ ਕਿਹਾ ਕਿ ਜਦੋਂ ਉਹਨਾਂ ਤੱਥਾਂ ਦੀ ਘੋਖ ਕੀਤੀ ਤਾਂ ਸਾਹਮਣੇ ਆਇਆ ਕਿ ਇਹ ਰਿਪੋਰਟ ਸਾਬਕਾ ਪੁਲਿਸ ਅਫਸਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਤਿਆਰ ਕੀਤੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਹਰ ਕੋਈ ਜਾਣਦਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਦੀ ਪੁਸ਼ਤ ਪਨਾਹੀ ਕਿਸਨੇ ਕੀਤੀ ਤੇ ਕਿਸਦੀਆਂ ਹਦਾਇਤਾਂ ’ਤੇ ਉਸਨੇ ਅਜਿਹੀਆਂ ਰਿਪੋਰਟਾਂ ਬਣਾਈਆਂ।

ਉਹਨਾਂ ਕਿਹਾ ਕਿ ਅਸਲੀਅਤ ਇਹ ਹੈ ਕਿ ਮੀਡੀਆ ਨੂੰ ਚੋਣਵੀਂ ਜਾਣਕਾਰੀ ਦੇ ਕੇ ਸਾਬਕਾ ਮੰਤਰੀ ਸਰਦਾਰ ਮਜੀਠੀਆ ਦਾ ਅਕਸ ਵਿਗਾੜਨ ਦਾ ਯਤਨ ਕੀਤਾ ਜਾ ਰਿਹਾ ਹੈ ਤੇ ਉਹਨਾਂ ਨੁੰ ਇਕ ਵਿਲੇਨ ਵਜੋਂ ਪੇਸ਼ ਕਰਨ ਦਾ ਯਤਨ ਕੀਤਾ ਜਾ ਰਿਹਾ ਹੈ ਜਦੋਂ ਕਿ ਹਰ ਕੋਈ ਜਾਣਦਾ ਹੈ ਕਿ ਉਹਨਾਂ ਨੇ ਹੀ ਜੱਗੂ ਭਗਵਾਨਪੁਰੀਆ ਦੇ ਗ੍ਰਹਿ ਮੰਤਰੀ ਨਾਲ ਸੰਬੰਧ ਬੇਨਕਾਬ ਕੀਤੇ ਸਨ। ਉਹਨਾਂ ਕਿਹਾ ਕਿ ਭਗਵਾਨਪੁਰੀਆ ਦੀ ਮਾਂ ਸੁਖਜਿੰਦਰ ਸਿੰਘ ਰੰਧਾਵਾ ਦੇ ਹਲਕੇ ਵਿਚ ਪੈਂਦੇ ਪਿੰਡ ਦੀ ਹੀ ਬਿਨਾਂ ਮੁਕਾਬਲਾ ਸਰਪੰਚ ਚੁਣੀ ਗਈ ਸੀ, ਇਹ ਸਭ ਜਾਣਦੇ ਹਨ। ਉਹਨਾਂ ਕਿਹਾ ਕਿ ਕਿਸ ਦੀਆਂ ਹਦਾਇਤਾਂ ’ਤੇ ਭਗਵਾਨਪੁਰੀਆ ਨੁੰ ਜੇਲ੍ਹ ਵਿਚ ਜਨਮ ਦਿਨ ਦੀਆਂ ਪਾਰਟੀਆਂ ਕਰਨ ਦੀ ਆਗਿਆ ਦਿੱਤੀ ਗਈ, ਇਹ ਵੀ ਸਭ ਜਾਣਦੇ ਹਨ।

ਯੂਥ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਸਰਦਾਰ ਬਿਕਰਮ ਸਿੰਘ ਮਜੀਠੀਆ ਦੀ ਅਗਵਾਈ ਹੇਠ ਅਕਾਲੀ ਦਲ ਨੇ ਡੀ ਜੀ ਪੀ ਕੋਲ ਭਗਵਾਨਪੁਰੀਆ ਤੇ ਹੋਰ ਗੈਂਗਸਟਰਾਂ ਦੇ ਖਿਲਾਫ ਸ਼ਿਕਾਇਤ ਦਾਇਰ ਕੀਤੀ ਸੀ ਪਰ ਹੁਣ ਤੱਕ ਇਸ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ। ਉਹਨਾਂ ਕਿਹਾ ਕਿ ਸਰਕਾਰ ਚੋਣਵੀ ਜਾਣਕਾਰੀ ਲੀਕ ਕਰ ਰਹੀ ਹੈ ਇਹ ਇਸ ਗੱਲ ਤੋਂ ਵੀ ਜ਼ਾਹਰ ਹੁੰਦਾ ਹੈ ਕਿਉਂਕਿ ਸਰਕਾਰ ਨੇ ਨਾਭਾ ਜੇਲ੍ਹ ਵਿਚ ਮਹਿੰਦਰ ਸਿੰਘ ਬਿੱਟੂ ਦੇ ਕਤਲ ਅਤੇ ਇਸੇ ਤਰੀਕੇ ਅੰਮ੍ਰਿਤਸਰ ਜੇਲ੍ਹ ਵਿਚ 2700 ਕਰੋੜ ਰੁਪਏ ਦੇ ਨਸ਼ਾ ਤਸਕਰੀ ਮਾਮਲੇ ਦੇ ਮੁਲਜ਼ਮ ਗੁਰਪਿੰਦਰ ਸਿੰਘ ਦੇ ਕਤਲ ਦੇ ਮਾਮਲੇ ਵਿਚ ਹਾਲੇ ਤੱਕ ਕੋਈ ਕਾਰਵਾਈ ਨਹੀਂ ਕੀਤੀ।

ਪਰਮਬੰਸ ਸਿੰਘ ਰੋਮਾਣਾ ਨੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੁੰ ਚੇਤੇ ਕਰਵਾਇਆ ਕਿ ਉਹਨਾਂ ਦੀ ਸਰਕਾਰ ਦੇ ਦਿਨ ਗਿਣਤੀ ਦੇ ਬਾਕੀ ਰਹਿ ਗਏ ਹਨ ਅਤੇ ਅਕਾਲੀ ਦਲ ਤੇ ਬਸਪਾ ਦੀ ਸਰਕਾਰ ਬਣਨ ਤੋਂ ਬਾਅਦ ਸਾਰੇ ਝੁਠੇ ਤੇ ਆਧਾਰਹੀਣ ਕੇਸਾਂ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਵੇਗਾ।

-PTC News

  • Share