ਗੁਰਗੱਦੀ ਦਿਵਸ: ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਰਾਏ ਸਾਹਿਬ ਜੀ
ਚੰਡੀਗੜ੍ਹ: ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦਾ ਜਨਮ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਸੰਨ 1630 ਨੂੰ ਬਾਬਾ ਗੁਰਦਿੱਤਾ ਜੀ ਦੇ ਘਰ ਮਾਤਾ ਨਿਹਾਲ ਕੌਰ ਜੀ ਦੀ ਕੁੱਖੋਂ ਹੋਇਆ। ਬਾਬਾ ਗੁਰਦਿੱਤਾ ਜੀ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਭ ਤੋਂ ਵੱਡੇ ਪੁੱਤਰ ਸਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਰਿਸ਼ਤੇ ਵਿੱਚ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਪੋਤਰੇ ਲੱਗਦੇ ਸਨ। ਗੁਰੂ ਹਰਿ ਰਾਇ ਸਾਹਿਬ ਸਿੱਖਾਂ ਦੇ ਸੱਤਵੇ ਗੁਰੂ ਸਨ।
ਸ੍ਰੀ ਗੁਰੂ ਹਰਿ ਗੋਬਿੰਦ ਸਾਹਿਬ ਜੀ ਨੇ ਮੀਰੀ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆ ਸਨ ਅਤੇ ਫ਼ੌਜਾਂ ਤਿਆਰ ਕਰਕੇ ਮੁਗਲ ਸਲਤਨਤ ਦੇ ਨਾਲ ਚਾਰ ਜੰਗਾਂ ਲੜੀਆਂ ਸਨ। ਸ੍ਰੀ ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਭਾਵੇਂ ਜੰਗਾਂ ਤਾਂ ਨਹੀਂ ਹੋਈਆਂ ਪਰ ਇਤਿਹਾਸ ਗਵਾਹ ਹੈ ਕਿ 2200 ਘੁੜ ਸਵਾਰ ਉਨ੍ਹਾਂ ਦੇ ਨਾਲ ਹਮੇਸ਼ਾ ਤਿਆਰ ਬਰ ਤਿਆਰ ਹੁੰਦੇ ਸਨ ਤਾਂ ਕਿ ਜੇ ਕਿਤੇ ਲੋੜ ਪੈ ਜਾਵੇ ਤਾਂ ਦੁਸ਼ਮਣ ਫ਼ੌਜਾਂ ਦੇ ਨਾਲ ਦੋ-ਦੋ ਹੱਥ ਕੀਤੇ ਜਾ ਸਕਣ।
ਗੁਰੂ ਹਰਿ ਰਾਇ ਸਾਹਿਬ ਜੀ ਦੇ ਸਮੇਂ ਗੁਰੂ ਘਰ ਦਾ ਦਵਾਖਾਨਾ ਵੀ ਬਹੁਤ ਮਸ਼ਹੂਰ ਸੀ। ਜਦੋਂ ਔਰੰਗਜ਼ੇਬ ਨੇ ਆਪਣੇ ਸਕੇ ਭਰਾ ਦਾਰਾ ਸ਼ਿਕੋਹ ਨੂੰ ਆਪਣੇ ਰਾਹ ਤੋਂ ਹਟਾਉਣ ਵਾਸਤੇ ਸ਼ੇਰ ਦੀ ਮੁੱਛ ਦਾ ਵਾਲ਼ ਭੋਜਨ ਵਿੱਚ ਪਾ ਕੇ ਖਵਾ ਦਿੱਤਾ ਸੀ ਤਾਂ ਦਾਰਾ ਸ਼ਿਕੋਹ ਬੇਹਦ ਜ਼ਿਆਦਾ ਬੀਮਾਰ ਹੋ ਗਿਆ ਸੀ। ਇਤਿਹਾਸਕਾਰ ਲਿਖਦੇ ਹਨ ਕਿ ਉਸ ਸਮੇਂ ਦਵਾਈ ਬਣਾਉਣ ਲਈ ਵਿਸ਼ੇਸ਼ ਤੌਰ ਤੇ ਹਰੜਾਂ ਦੀ ਲੋੜ ਸੀ ਜੋ ਕਿਸੇ ਵੀ ਥਾਂ ਤੋਂ ਨਹੀਂ ਮਿਲ ਰਿਹਾ ਸੀ। ਇਤਿਹਾਸਕਾਰ ਲਿਖਦੇ ਹਨ ਕਿ ਅਖੀਰ ਜਦੋਂ ਕੀਰਤਪੁਰ ਸਾਹਿਬ ਦੀ ਧਰਤੀ ’ਤੇ ਗੁਰੂ ਹਰਿ ਰਾਇ ਸਾਹਿਬ ਜੀ ਦੇ ਦਵਾਖਾਨੇ ਵਿੱਚ ਪਹੁੰਚੇ ਤਾਂ ਇੱਥੋਂ ਉਨ੍ਹਾਂ ਨੂੰ ਹਰੜਾਂ ਪ੍ਰਾਪਤ ਹੋਈਆਂ। ਜਿਸ ਤੋਂ ਬਾਅਦ ਦਾਰਾ ਸ਼ਿਕੋਹ ਠੀਕ ਹੋ ਗਏ ਅਤੇ ਗੁਰੂ ਸਾਹਿਬ ਦਾ ਧੰਨਵਾਦ ਕਰਨ ਲਈ ਉਹ ਕੀਰਤਪੁਰ ਸਾਹਿਬ ਵਿਖੇ ਆਏ ਸਨ।
ਇਹ ਵੀ ਪੜ੍ਹੋ:ਕਾਲੋਨੀ ਵਾਸੀਆ ਨੇ ਖੋਲ੍ਹਿਆ ਡਿਪੂ ਹੋਲਡਰਾਂ ਖਿਲਾਫ ਮੋਰਚਾ
-PTC News