ਫਰੀਦਕੋਟ ਵਿੱਚ ਦਿਨ ਦਿਹਾੜੇ ਵਾਪਰੀ ਵੱਡੀ ਵਾਰਦਾਤ, ਨਿੱਜੀ ਗੋਲਡ ਲੋਨ ਕੰਪਨੀ ਦੇ ਦਫਤਰ ਬਾਹਰ ਚੱਲੀ ਗੋਲੀ
ਫਰੀਦਕੋਟ: ਫਰੀਦਕੋਟ ਸ਼ਹਿਰ ਅੰਦਰ ਮਾੜੇ ਅਨਸਰ ਦੇ ਹੌਂਸਲੇ ਬੁਲੰਦ ਹਨ ਅਤੇ ਅੱਜ ਦਿਨ ਦਿਹਾੜੇ ਸ਼ਹਿਰ ਦੇ ਮੇਨ ਚੌਕ ਵਿੱਚ ਨਿੱਜੀ ਗੋਲਡ ਲੋਨ ਕੰਪਨੀ ਪੌਲ ਮਰਚੈਂਟ ਦੇ ਬਾਹਰ ਕੁੱਝ ਅਣਪਛਾਤੇ ਨੌਜਵਾਨਾਂ ਵੱਲੋਂ ਹੁਲੜਬਾਜ਼ੀ ਕਰਨ ਦੇ ਚਲਦੇ ਗੋਲੀ ਚਲਾਉਣ ਅਤੇ ਇਕ ਵਿਅਕਤੀ ਨੂੰ ਜਖਮੀਂ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਇਹ ਵੀ ਪੜ੍ਹੋ: ਭਗਵੰਤ ਮਾਨ 16 ਮਾਰਚ ਨੂੰ ਚੁੱਕਣਗੇ ਸਹੁੰ, ਨਵੇਂ ਚੁਣੇ ਗਏ ਵਿਧਾਇਕਾਂ ਦੀ ਪਲੇਠੀ ਮੀਟਿੰਗ ਸ਼ੁਰੂ
ਜਿਥੇ ਮੌਕੇ 'ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਅਗਲੇਰੀ ਕਾਰਵਾਈ ਕਰਨ ਦੀ ਵੀ ਗੱਲ ਕਹੀ ਗਈ ਹੈ। ਪੀਟੀਸੀ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਪੌਲ ਮਰਚੈਂਟ ਦੇ ਸਕਿਉਰਟੀ ਗਾਰਡ ਨੇ ਦੱਸਿਆ ਕਿ ਉਹਨਾਂ ਦੇ ਦਫਤਰ ਦੇ ਬਾਹਰ ਬ੍ਰਾਂਚ ਦੇ ਏ.ਐਮ. ਦਾ ਮੋਟਰਸਾਇਕਲ ਖੜ੍ਹਾ ਸੀ ਜਿਸ ਉਪਰ ਪੈਰ ਰੱਖ ਕੇ 2 ਅਣਪਛਾਤੇ ਨੌਜਵਾਨ ਬੈਠੇ ਸਨ। ਉਹਨਾਂ ਦੱਸਿਆ ਕਿ ਜਦ ਬ੍ਰਾਂਚ ਦੇ ਏ.ਐਮ. ਨੇ ਬਾਹਰ ਜਾ ਕੇ ਉਹਨਾਂ ਲੜਕਿਆ ਨੂੰ ਮੋਟਰਸਾਇਕਲ 'ਤੇ ਪੈਰ ਰੱਖ ਕੇ ਬੈਠਣ ਤੋਂ ਰੋਕਿਆ ਤਾਂ ਉਹਨਾਂ ਤੈਸ਼ ਵਿੱਚ ਆ ਕੇ ਆਪਣੇ ਸਾਥੀਆਂ ਨੂੰ ਫੋਨ ਕਰ ਕੇ ਬੁਲਾ ਲਿਆ ਅਤੇ ਬਾਹਰ ਖੜ੍ਹੇ ਮੋਟਰਸਾਇਕ ਦੀ ਭੰਨ ਤੋੜ ਕਰਨ ਲੱਗੇ।
ਇਸ 'ਤੇ ਬੈਂਕ ਵਾਲਿਆਂ ਉੱਤੇ ਅਣਪਛਾਤੇ ਲੜਕਿਆ ਨੇ ਹਮਲਾ ਬੋਲ ਦਿੱਤਾ ਅਤੇ ਇਸ ਖਿੱਚ ਧੁਹ ਦੌਰਾਨ ਗਾਰਡ ਦੀ ਹੀ ਬੰਦੂਕ ਤੋਂ ਗੋਲੀ ਚੱਲ ਗਈ ਜਿਸ ਕਾਰਨ ਕੰਪਨੀ ਦਾ ਏ.ਐਮ. ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਦਾਖਲ ਕਰਵਾਇਆ ਗਿਆ।
ਇਸ ਪੂਰੇ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ ਫਰੀਦਕੋੇਟ ਨੇ ਕਿਹਾ ਕਿ ਇਥੇ ਪੌਲ ਮਰਚੈਂਟ ਦੇ ਬਾਹਰ ਕੁੱਝ ਅਣਪਛਾਤੇ ਨੌਜਵਾਨ ਬੈਠੇ ਸਨ ਜਿੰਨਾਂ ਨੂੰ ਮੋਟਰਸਾਇਕਲ 'ਤੇ ਬੈਠਣ ਤੋਂ ਰੋਕਣ ਲਈ ਹਥੋਪਾਈ ਵਿੱਚ ਸਕਿਉਰਟੀ ਗਾਰਡ ਦੀ ਬੰਦੂਕ ਵਿੱਚੋਂ ਗੋਲੀ ਚੱਲ ਗਈ ਜਿਸ ਕਾਰਨ ਇੱਕ ਵਿਅਕਤੀ ਜਖਮੀਂ ਹੋ ਗਿਆ।
ਇਹ ਵੀ ਪੜ੍ਹੋ: ਜਿੱਤ ਤੋਂ ਬਾਅਦ ਕੇਜਰੀਵਾਲ ਨੂੰ ਮਿਲੇ ਭਗਵੰਤ ਮਾਨ, ਜਾਣੋ ਪੰਜਾਬ ਦੀ ਸੰਭਾਵਿਤ ਕੈਬਨਿਟ
ਉਹਨਾਂ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਮੁਜਰਮ ਜਲਦ ਹੀ ਪੁਲਿਸ ਦੀ ਗ੍ਰਿਫਤ ਵਿੱਚ ਹੋਣਗੇ ਕਿਉਕਿ ਜਾਂਦੇ ਹੋਏ ਉਕਤ ਹੁਲੜਬਾਜ਼ ਆਪਣਾ ਮੋਟਰਸਾਇਕਲ ਘਟਨਾਂ ਵਾਲੀ ਥਾਂ 'ਤੇ ਹੀ ਛੱਡ ਕੇ ਫਰਾਰ ਹੋ ਗਏ ਸਨ, ਜਿਸ ਦੀ ਮਦਦ ਨਾਲ ਉਹਨਾਂ ਦਾ ਪਤਾ ਲਗਾ ਕੇ ਕਾਬੂ ਕੀਤਾ ਜਾਵੇਗਾ ਅਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।
-PTC News