ਸੜਕ ਹਾਦਸੇ ਨੇ ਉਜਾੜ ਦਿੱਤੇ ਦੋ ਪਰਿਵਾਰ , ਰਿਸ਼ਤੇਦਾਰੀ 'ਚ ਲੱਗਦੇ ਭੈਣ -ਭਰਾ ਦੀ ਸੜਕ ਹਾਦਸੇ 'ਚ ਮੌਤ

By Shanker Badra - July 16, 2021 4:07 pm

ਸੁਲਤਾਨਪੁਰ ਲੋਧੀ : ਸੁਲਤਾਨਪੁਰ ਲੋਧੀ ਦੇ ਡੱਲਾ ਰੋਡ 'ਤੇ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਇਸ ਸੜਕ ਹਾਦਸੇ ਰਿਸ਼ਤੇਦਾਰੀ ਵਿੱਚ ਭੈਣ -ਭਰਾ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਦੋਵੇਂ ਪਰਿਵਾਰਾਂ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ।

ਮਿਲੀ ਜਾਣਕਾਰੀ ਅਨੁਸਾਰ ਸੁਲਤਾਨਪੁਰ ਲੋਧੀ ਦੇ ਨੇੜਲੇ ਪਿੰਡ ਮੇਵਾ ਸਿੰਘ ਵਾਲਾ ਦਾ ਨਿਵਾਸੀ ਜਸ਼ਣਪ੍ਰੀਤ ਸਿੰਘ (18) ਪੁੱਤਰ ਅਵਤਾਰ ਸਿੰਘ ਨਾਮਕ ਨੌਜਵਾਨ ਜਲੰਧਰ ਤੋਂ ਆਪਣੇ ਮਾਮੇ ਦੀ ਲੜਕੀ ਅਨਮੋਲ ਉਰਫ ਸਟੈਫੀ ਦੇ ਨਾਲ ਮੋਟਰਸਾਈਕਲ 'ਤੇ ਸਵਾਰ ਹੋ ਕੇ ਘਰ ਵਾਪਸ ਪਰਤ ਰਹੇ ਸੀ।

ਜਦੋਂ ਉਹ ਕਰੀਬ ਅੱਠ ਵਜੇ ਡੱਲਾ ਮਾਰਗ 'ਤੇ ਗੋਦਾਮਾਂ ਨੇੜੇ ਪੁੱਜੇ ਤਾਂ ਰਸਤੇ ਵਿਚ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਟੱਕਰ ਮਾਰੀ ਅਤੇ ਉਹ ਦੋਵੇਂ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ। ਜਦਕਿ ਅਣਪਛਾਤਾ ਵਾਹਨ ਚਾਲਕ ਮੋਟਰਸਾਈਕਲ ਨੂੰ ਟੱਕਰ ਮਾਰਨ ਮਗਰੋਂ ਮੌਕੇ ਤੋਂ ਫ਼ਰਾਰ ਹੋ ਗਿਆ।

ਉਕਤ ਦੋਵਾਂ ਰਾਹਗੀਰਾਂ ਦੀ ਮਦਦ ਨਾਲ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ ਵਿਚ ਲਿਆਂਦਾ ਗਿਆ ,ਜਿਥੇ ਡਾਕਟਰਾਂ ਨੇ ਉਨ੍ਹਾਂ ਦੋਵਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਜਿਸ ਤੋਂ ਬਾਅਦ ਹੀ ਉਨ੍ਹਾਂ ਦੇ ਪਰਿਵਾਰਿਕ ਮੈਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ। ਪਰਿਵਾਰਕ ਮੈਂਬਰਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਇਨਸਾਫ ਦੀ ਗੁਹਾਰ ਲਗਾਈ ਹੈ। ਉਧਰ ਦੂਜੇ ਪਾਸੇ ਪੁਲਿਸ ਵੱਲੋਂ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਚ ਸ਼ੁਰੂ ਕਰ ਦਿੱਤੀ ਗਈ ਹੈ।
-PTCNews

adv-img
adv-img