Sun, Jul 13, 2025
Whatsapp

ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀ ਚੋਣਵੇਂ ਵਿਸ਼ਿਆਂ ਵਜੋਂ ਸਿੱਖ ਸਕਣਗੇ ਵਿਦੇਸ਼ੀ ਭਾਸ਼ਾਵਾਂ 

Reported by:  PTC News Desk  Edited by:  Shanker Badra -- June 10th 2021 07:39 PM
ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀ ਚੋਣਵੇਂ ਵਿਸ਼ਿਆਂ ਵਜੋਂ ਸਿੱਖ ਸਕਣਗੇ ਵਿਦੇਸ਼ੀ ਭਾਸ਼ਾਵਾਂ 

ਹੁਣ ਪੰਜਾਬ ਦੇ ਸਰਕਾਰੀ ਸਕੂਲਾਂ 'ਚ ਵਿਦਿਆਰਥੀ ਚੋਣਵੇਂ ਵਿਸ਼ਿਆਂ ਵਜੋਂ ਸਿੱਖ ਸਕਣਗੇ ਵਿਦੇਸ਼ੀ ਭਾਸ਼ਾਵਾਂ 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਇੱਥੇ ਸਰਕਾਰੀ ਸਕੂਲਾਂ ਵਿੱਚ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਚਾਹਵਾਨ ਵਿਦਿਆਰਥੀਆਂ ਨੂੰ ਚੋਣਵੇਂ ਵਿਸ਼ਿਆਂ ਵਜੋਂ ਵਿਦੇਸ਼ੀ ਭਾਸ਼ਾਵਾਂ ਪੜ੍ਹਾਉਣ ਦਾ ਮੌਕਾ ਦੇਣ ਦੀ ਜ਼ਰੂਰਤ `ਤੇ ਜ਼ੋਰ ਦਿੱਤਾ। ਆਪਣੇ ਸੰਬੋਧਨ ਵਿਚ ਮੁੱਖ ਮੰਤਰੀ ਨੇ ਸਕੂਲ ਸਿੱਖਿਆ ਵਿਭਾਗ ਨੂੰ ਵਿਦਿਆਰਥੀਆਂ ਨੂੰ ਚੀਨੀ, ਅਰਬੀ ਅਤੇ ਫ੍ਰੈਂਚ ਜਿਹੀਆਂ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਯੋਗ ਬਣਾਉਣ ਲਈ ਰੂਪ-ਰੇਖਾ ਤਿਆਰ ਕਰਨ ਲਈ ਕਿਹਾ ਕਿਉਂਕਿ ਇਹ ਭਾਸ਼ਾਵਾਂ ਵਿਸ਼ਵ ਭਰ ਵਿਚ ਰੁਜ਼ਗਾਰ ਪ੍ਰਾਪਤ ਕਰਨ ਲਈ ਉਨ੍ਹਾਂ ਵਾਸਤੇ ਸਹਾਈ ਸਿੱਧ ਹੋ ਸਕਦੀਆਂ ਹਨ। ਉਨ੍ਹਾਂ ਕਿਹਾ ਕਿ ਹਾਲਾਂਕਿ, ਪੰਜਾਬੀ ਸਾਡੀ ਮਾਤ ਭਾਸ਼ਾ ਹੈ ਅਤੇ ਸਕੂਲਾਂ ਵਿਚ ਅੰਗਰੇਜ਼ੀ ਭਾਸ਼ਾ ਪਹਿਲਾਂ ਹੀ ਸਿਖਾਈ ਜਾ ਰਹੀ ਹੈ ਅਤੇ ਹੁਣ ਵਿਦੇਸ਼ੀ ਭਾਸ਼ਾਵਾਂ ਦਾ ਵਾਧੂ ਗਿਆਨ ਸਾਡੇ ਵਿਦਿਆਰਥੀਆਂ ਨੂੰ ਆਪਣਾ ਕਰੀਅਰ ਬਿਹਤਰ ਬਣਾਉਣ ਵਿਚ ਸਹਾਇਤਾ ਕਰੇਗਾ। ਸਾਡੇ ਲੋਕਾਂ ਦੀ ਕੁਝ ਨਵਾਂ ਕਰਨ ਦੀ ਭਾਵਨਾ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਫ਼ੀ ਸਮਾਂ ਪਹਿਲਾਂ ਕਪੂਰਥਲਾ ਜ਼ਿਲ੍ਹੇ `ਚੋਂ ਲੰਘਦਿਆਂ ਉਨ੍ਹਾਂ ਨੇ ਇੱਕ ਪੇਂਡੂ ਖੇਤਰ ਵਿੱਚ ਇੱਕ ਤਖ਼ਤੀ ਵੇਖੀ ,ਜਿਸ ਵਿੱਚ ਉਸ ਸਥਾਨ ਦੀ ਦਿਸ਼ਾ ਬਾਰੇ ਦੱਸਿਆ ਗਿਆ ਸੀ ਜਿੱਥੇ ਇਟਾਲੀਅਨ ਭਾਸ਼ਾ ਸਿਖਾਈ ਜਾਂਦੀ ਸੀ। ਉਨ੍ਹਾਂ ਕਿਹਾ ਕਿ ਇਹ ਵਾਕਿਆ ਦਰਸਾਉਂਦਾ ਹੈ ਕਿ ਸਾਡੇ ਲੋਕ ਖ਼ਾਸਕਰ ਨੌਜਵਾਨ ਵਿਦੇਸ਼ਾਂ ਵਿੱਚ ਵਸਣ ਲਈ ਵਿਦੇਸ਼ੀ ਭਾਸ਼ਾਵਾਂ ਸਿੱਖਣ ਦੇ ਚਾਹਵਾਨ ਹਨ ਅਤੇ ਸਕੂਲ ਸਿੱਖਿਆ ਵਿਭਾਗ ਦੀ ਅਜਿਹੀ ਪਹਿਲਕਦਮੀ ਵਿਦਿਆਰਥੀਆਂ ਨੂੰ ਉਨ੍ਹਾਂ ਦੀਆਂ ਇੱਛਾਵਾਂ ਪੂਰੀਆਂ ਕਰਨ ਵਿੱਚ ਸਹਾਇਤਾ ਕਰੇਗੀ। ਮੁੱਖ ਮੰਤਰੀ ਨੇ ਸਕੂਲ ਸਿੱਖਿਆ ਮੰਤਰੀ ਨੂੰ ਹਦਾਇਤ ਕੀਤੀ ਕਿ ਉਹ ਸਕੂਲਾਂ ਵਿਚ ਖੇਡ ਮੈਦਾਨ ਵਿਕਸਤ ਕਰਨ ਦੀਆਂ ਸੰਭਾਵਨਾਵਾਂ ਦੀ ਪੜਚੋਲ ਕਰਨ ਕਿਉਂਕਿ ਖੇਡਾਂ ਨਾਲ ਨਾ ਸਿਰਫ ਸਾਡੀ ਸਮੁੱਚੀ ਸ਼ਖਸੀਅਤ ਵਿੱਚ ਨਿਖ਼ਾਰ ਆਉਂਦਾ ਹੈ ਬਲਕਿ ਇਹ ਸਾਡੇ ਵਿੱਚ ਅਨੁਸ਼ਾਸਨ ਅਤੇ ਖੇਡ ਭਾਵਨਾ ਜਿਹੇ ਲੀਡਰਸ਼ਿਪ ਦੇ ਗੁਣ ਵੀ ਭਰਦੀਆਂ ਹਨ ਜਿਸ ਨਾਲ ਅਸੀਂ ਸਮਾਜ ਦੇ ਆਦਰਸ਼ ਨਾਗਰਿਕ ਬਣਦੇ ਹਾਂ। ਇਕ ਪ੍ਰਸਿੱਧ ਹਵਾਲੇ ਦਾ ਜ਼ਿਕਰ ਕਰਦਿਆਂ, “ਵਾਟਰਲੂ ਦੀ ਲੜਾਈ ਈਟਨ ਦੇ ਖੇਡ ਮੈਦਾਨਾਂ ਉੱਤੇ ਜਿੱਤੀ ਗਈ ਸੀ”, ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇਹ ਮੁੱਖ ਤੌਰ `ਤੇ ਉਨ੍ਹਾਂ ਜਰਨੈਲਾਂ ਬਾਰੇ ਹੈ ਜਿਨ੍ਹਾਂ ਨੇ ਇਸ ਪ੍ਰਸਿੱਧ ਲੜਾਈ ਦੀ ਕਮਾਨ ਸੰਭਾਲੀ ਸੀ ਅਤੇ ਉਨ੍ਹਾਂ ਨੂੰ ਆਪਣੇ ਸ਼ੁਰੂਆਤੀ ਸਕੂਲ ਦੇ ਦਿਨਾਂ ਦੌਰਾਨ ਯੂਕੇ ਦੇ ਈਟਨ ਦੇ ਖੇਡ ਮੈਦਾਨਾਂ ਵਿੱਚ ਸਿਖਲਾਈ ਦਿੱਤੀ ਗਈ ਸੀ। ਮੁੱਖ ਮੰਤਰੀ ਨੇ ਕਿਹਾ ਕਿ ਇਹ ਸੱਚਮੁਚ ਹੀ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬ ਨੇ ਇਹ ਮਾਣਮੱਤੀ ਪ੍ਰਾਪਤੀ ਹਾਸਲ ਕੀਤੀ ਹੈ ਜੋ ਕਿ ਉਨ੍ਹਾਂ ਦੇ ਸਮੂਹਿਕ ਯਤਨਾਂ, ਮਿਹਨਤ, ਲਗਨ ਅਤੇ ਇਮਾਨਦਾਰੀ ਦਾ ਨਤੀਜਾ ਹੈ। ਉਨ੍ਹਾਂ ਸਕੂਲ ਸਿੱਖਿਆ ਵਿਭਾਗ ਖ਼ਾਸਕਰ ਵਿਭਾਗ ਦੇ ਸਕੱਤਰ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਵੀ ਇਸ ਦਰਜੇ ਨੂੰ ਬਰਕਰਾਰ ਰੱਖਣ। ਉਨ੍ਹਾਂ ਨੇ ਆਨਲਾਈਨ ਅਧਿਆਪਕ ਤਬਾਦਲਾ ਨੀਤੀ, ਸਮਾਰਟ ਸਕੂਲ ਨੀਤੀ, ਪ੍ਰੀ-ਪ੍ਰਾਇਮਰੀ ਸਿੱਖਿਆ, ਡਿਜੀਟਲ ਸਿੱਖਿਆ ਅਤੇ ਸਰਹੱਦੀ ਖੇਤਰਾਂ ਵਿੱਚ ਕੰਮ ਕਰ ਰਹੇ ਅਧਿਆਪਕਾਂ ਦਾ ਵਿਸ਼ੇਸ਼ ਕਾਡਰ ਬਣਾਉਣ ਜਿਹੀਆਂ ਕੁਝ ਅਹਿਮ ਪਹਿਲਕਦਮੀਆਂ ਦੀ ਸ਼ਲਾਘਾ ਕੀਤੀ ,ਜਿਸ ਨਾਲ ਸੂਬੇ ਭਰ ਵਿੱਚ ਸਿੱਖਿਆ ਦੇ ਮਿਆਰ ਵਿੱਚ ਬਿਹਤਰੀਨ ਸੁਧਾਰ ਹੋਇਆ ਹੈ। ਵਿਜੈ ਇੰਦਰ ਸਿੰਗਲਾ ਨੇ ਮੁੱਖ ਮੰਤਰੀ ਨੂੰ ਭਰੋਸਾ ਦਿਵਾਇਆ ਕਿ ਵਿਭਾਗ ਵਿਦੇਸ਼ੀ ਭਾਸ਼ਾਵਾਂ ਵਿੱਚ ਆਨਲਾਈਨ ਕੋਰਸਾਂ ਦੀ ਸਹੂਲਤ ਵਾਲੇ ਡਿਜੀਟਲ ਪਲੇਟਫਾਰਮਾਂ ਨਾਲ ਨੇੜਿਓਂ ਕੰਮ ਕਰੇਗਾ ਤਾਂ ਜੋ ਸਾਡੇ ਵਿਦਿਆਰਥੀ ਆਪਣੀ ਪਸੰਦ ਦੀਆਂ ਵਿਦੇਸ਼ੀ ਭਾਸ਼ਾਵਾਂ ਸਿੱਖ ਸਕਣ। ਸਕੂਲਾਂ ਵਿਚ ਖੇਡ ਮੈਦਾਨਾਂ ਦੀ ਸਹੂਲਤ ਬਾਰੇ ਸ੍ਰੀ ਸਿੰਗਲਾ ਨੇ ਕਿਹਾ ਕਿ 250 ਖੇਡ ਮੈਦਾਨਾਂ ਲਈ ਬਜਟ ਦਾ ਪ੍ਰਬੰਧ ਕੀਤਾ ਜਾ ਚੁੱਕਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨਾ ਸਿਰਫ ਸਰਬੋਤਮ ਪੰਜ ਰਾਜਾਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚੋਂ ਇਕ ਹੈ, ਬਲਕਿ ਪੰਜਾਬ ਸਾਲ 2019-19 ਵਿਚ ਗਰੇਡ II ਤੋਂ 2018-19 ਵਿਚ ਗਰੇਡ I  ਹਾਸਲ ਕਰਕੇ ਟਾਪਰ ਵਜੋਂ ਵੀ ਸਾਹਮਣੇ ਆਇਆ ਹੈ। -PTCNews


Top News view more...

Latest News view more...

PTC NETWORK
PTC NETWORK