ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਪੌਜ਼ਟਿਵ, ਹੁਣ PM ਮੋਦੀ ਦੀ ਰੈਲੀ 'ਚ ਨਹੀਂ ਹੋਣਗੇ ਸ਼ਾਮਲ
ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਦੇ ਮਾਮਲੇ ਲਗਾਤਾਰ ਵਧਣ ਕਰਕੇ ਹੁਣ ਸਿਆਸੀ ਲੀਡਰ ਵੀ ਇਸ ਦੀ ਪਕੜ ਵਿਚ ਆ ਗਏ ਹਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਦੀ ਕੋਰੋਨਾ ਰਿਪੋਰਟ ਪੌਜੇਟਿਵ ਆਈ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫਿਰੋਜ਼ਪੁਰ ਰੈਲੀ ਵਿੱਚ ਸ਼ਾਮਲ ਨਹੀਂ ਹੋਣਗੇ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰੈਲੀ ਵਿੱਚ ਸ਼ਾਮਲ ਹੋਣਗੇ।
ਦੱਸ ਦਈਏ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਬੀਜੇਪੀ ਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਨਾਲ ਮਿਲ ਕੇ ਚੋਣਾਂ ਲੜ ਰਹੀ ਹੈ। ਅਹਿਮ ਗੱਲ ਹੈ ਕਿ ਢੀਂਡਸਾ ਨੇ ਵੈਕਸੀਨ ਦੀਆਂ ਦੋਵੇਂ ਖੁਰਾਕਾਂ ਲਈਆਂ ਹੋਈਆਂ ਹਨ। ਇਸ ਦੇ ਬਾਵਜੂਦ ਉਨ੍ਹਾਂ ਨੂੰ ਕੋਰੋਨਾ ਹੋ ਗਿਆ ਹੈ। ਇਹ ਵੀ ਅਹਿਮ ਹੈ ਕਿ ਢੀਂਡਸਾ ਵਿੱਚ ਕਰੋਨਾ ਦੇ ਕੋਈ ਲੱਛਣ ਨਹੀਂ ਦਿੱਸੇ, ਪਰ ਰੈਲੀ ਵਿੱਚ ਜਾਣ ਲਈ ਟੈਸਟ ਕਰਵਾਇਆ ਗਿਆ ਸੀ ਤੇ ਉਹ ਪੌਜੇਟਿਵ ਆ ਗਿਆ।
ਗੌਰਤਲਬ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅੱਜ ਪਹਿਲੀ ਵਾਰ ਪੰਜਾਬ ਦਾ ਦੌਰਾ ਕਰਨਗੇ। ਉਹ ਫਿਰੋਜ਼ਪੁਰ ਵਿੱਚ ਪੀਜੀਆਈ ਦੇ ਸੈਟੇਲਾਈਟ ਸੈਂਟਰ ਸਮੇਤ 42,750 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਉਦਘਾਟਨ ਕਰਨਗੇ। ਇਸ ਤੋਂ ਬਾਅਦ ਉਹ ਫਿਰੋਜ਼ਪੁਰ ਵਿੱਚ ਹੀ ਚੋਣ ਰੈਲੀ ਨੂੰ ਸੰਬੋਧਨ ਕਰਨਗੇ। ਇਹ ਪੰਜਾਬ ਵਿੱਚ ਭਾਜਪਾ ਦੀ ਚੋਣ ਮੁਹਿੰਮ ਦੀ ਸ਼ੁਰੂਆਤ ਹੋਵੇਗੀ। ਭਾਜਪਾ ਦੇ ਪੰਜਾਬ ਚੋਣ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ ਦੀ ਅਗਵਾਈ ਹੇਠ ਰੈਲੀ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਚੱਲ ਰਹੀਆਂ ਹਨ। ਸਾਬਕਾ ਸੀਐਮ ਕੈਪਟਨ ਅਮਰਿੰਦਰ ਸਿੰਘ ਵੀ ਪੀਐਮ ਮੋਦੀ ਦੇ ਨਾਲ ਸਟੇਜ 'ਤੇ ਨਜ਼ਰ ਆਉਣਗੇ।
-PTC News