ਮੁੱਖ ਖਬਰਾਂ

ਸੁਨੀਲ ਜਾਖੜ ਭਾਜਪਾ 'ਚ ਹੋਏ ਸ਼ਾਮਲ, ਜੇਪੀ ਨੱਢਾ ਨੇ ਕੀਤਾ ਸਵਾਗਤ

By Ravinder Singh -- May 19, 2022 1:46 pm -- Updated:May 19, 2022 2:04 pm

ਨਵੀਂ ਦਿੱਲੀ : ਕਾਂਗਰਸ ਤੋਂ ਅਲਵਿਦਾ ਕਹਿਣ ਪਿਛੋਂ ਸੀਨੀਅਰ ਕਾਂਗਰਸੀ ਆਗੂ ਸੁਨੀਲ ਕੁਮਾਰ ਜਾਖੜ ਅੱਜ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋ ਗਏ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇਪੀ ਨੱਢਾ ਨੇ ਉਨ੍ਹਾਂ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਿੱਚ ਹਰ ਆਗੂ ਮਾਣ-ਸਨਮਾਨ ਕੀਤਾ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਜਪਾ ਵਿੱਚ ਹਰ ਉਹ ਨੇਤਾ ਜੋ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਉਂਦਾ ਹੈ, ਉਸ ਦਾ ਮਾਣ-ਸਨਮਾਨ ਕੀਤਾ ਜਾਂਦਾ ਹੈ। ਇਸ ਮੌਕੇ ਸੁਨੀਲ ਜਾਖੜ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ। ਪੰਜਾਬ ਹਮੇਸ਼ਾ ਅਗਾਂਹਵਧੂ ਸੂਬਾ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ 50 ਸਾਲ ਪੁਰਾਣਾ ਰਿਸ਼ਤਾ ਤੋੜਦੇ ਹੋਏ ਦੁੱਖ ਰਿਹਾ ਹੈ। ਜਦ ਅਸੀਂ ਆਪਣੇ ਸਿਧਾਂਤ ਨੂੰ ਭੁੱਲ ਜਾਈਏ ਤਾਂ ਇਸ ਤਰ੍ਹਾਂ ਦਾ ਸਖ਼ਤ ਫ਼ੈਸਲਾ ਲੈਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਪੰਜਾਬੀਆਂ ਨੇ ਹਮੇਸ਼ਾ ਕੁਰਬਾਨੀਆਂ ਦਿੱਤੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਚਾਹੁੰਦਾ ਹਾਂ ਕਿ ਪੰਜਾਬ ਨੂੰ ਖਾਸ ਸੂਬੇ ਦਾ ਦਰਜਾ ਦਿੱਤਾ ਜਾਵੇ। ਇਸ ਮੌਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ। ਉਨ੍ਹਾਂ ਨੇ ਕਿਹਾ ਕਿ ਕਾਂਗਰਸ ਪੁਰਾਣੀ ਪਾਰਟੀ ਹੈ ਪਰ ਹੁਣ ਇਹ ਪਾਰਟੀ ਉਹ ਨਹੀਂ ਰਹੀ। ਪੰਜਾਬ ਵਿੱਚ ਧਰਮ ਦੇ ਨਾਂ ਉਤੇ ਵੰਡੀਆਂ ਪਾਉਣ ਦਾ ਖਾਮਿਆਜ਼ਾ ਪਾਰਟੀ ਨੂੰ ਭੁਗਤਣਾ ਪਿਆ।

ਸੁਨੀਲ ਜਾਖੜ ਭਾਜਪਾ 'ਚ ਹੋਏ ਸ਼ਾਮਲ, ਜੇਪੀ ਨੱਢਾ ਨੇ ਕੀਤਾ ਸਵਾਗਤ

ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਬੀਤੇ ਦਿਨੀਂ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ। ਸੁਨੀਲ ਜਾਖੜ ਨੇ 14 ਮਈ ਨੂੰ ਕਾਂਗਸਸ ਨੂੰ ਅਲਵਿਦਾ ਕਹਿੰਦਿਆਂ ਦਿਲ ਦੀ ਗੱਲ ਲੋਕਾਂ ਨਾਲ ਸਾਂਝੀ ਕੀਤੀ ਸੀ। ਇਸ ਦੌਰਾਨ ਜਾਖੜ ਨੇ ਕਾਂਗਰਸ ਦੇ ਸੀਨੀਅਰ ਲੀਡਰਾਂ ਉੱਪਰ ਕਈ ਸਵਾਲ ਉਠਾਏ ਸੀ। ਜਾਖੜ ਨੇ ਕਾਂਗਰਸ ਨੂੰ ਗੁੱਡ ਲੱਕ ਐਂਡ ਗੁੱਡ ਬਾਏ ਆਖ ਕੇ ਆਪਣੇ ਫੇਸਬੁੱਕ ਪੇਜ ’ਤੇ ਦਿਲ ਦੀ ਗੱਲ ਰੱਖੀ ਸੀ। ਜਾਖੜ ਨੇ ਫੇਸਬੁੱਕ ਉਤੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਸੀ।

ਜਾਖੜ ਨੇ ਕਿਹਾ ਸੀ ਕਿ ਅੱਜ ਕਾਂਗਰਸ ਚਾਪਲੂਸਾਂ ਵਿਚ ਘਿਰੀ ਹੋਈ ਹੈ। ਜਾਖੜ ਨੇ ਸੋਨੀਆ ਗਾਂਧੀ ਨੂੰ ਕਿਹਾ ‘ਤੁਸੀਂ ਸਬੰਧ ਨਹੀਂ ਤੋੜੇ, ਮੇਰਾ ਦਿਲ ਤੋੜਿਆ ਹੈ।’ ਉਨ੍ਹਾਂ ਇਕ ਸ਼ੇਅਰ ਵੀ ਸੁਣਾਇਆ, ‘ਦਿਲ ਭੀ ਤੋੜਾ ਤੋ ਸਲੀਕੇ ਸੇ ਨਾ ਤੋੜਾ ਤੁਮ ਨੇ, ਬੇਵਫਾਈ ਕੇ ਭੀ ਆਦਾਬ ਹੁਆ ਕਰਤੇ ਹੈਂ।’ ਉਨ੍ਹਾਂ ਕਿਹਾ ਸੀ ਕਿ ਨੋਟਿਸ ਭੇਜਣ ਦੀ ਥਾਂ ਉਤੇ ਹਾਈਕਮਾਨ ਉਸ ਨਾਲ ਗੱਲ ਕਰ ਸਕਦੀ ਸੀ। ‘ਉਸ ਤਾਰਿਕ ਅਨਵਰ ਨੇ ਮੇਰੇ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਦੀ ਸਿਫਾਰਸ਼ ਕੀਤੀ ਜਿਸ ਨੇ 20 ਸਾਲ ਪਹਿਲਾਂ ਇਹ ਆਖ ਕੇ ਕਾਂਗਰਸ ਛੱਡ ਦਿੱਤੀ ਸੀ ਕਿ ਉਸ ਨੂੰ ਵਿਦੇਸ਼ੀ ਮਹਿਲਾ ਦੀ ਪ੍ਰਧਾਨਗੀ ਕਬੂਲ ਨਹੀਂ ਹੈ।’

ਸੁਨੀਲ ਜਾਖੜ ਭਾਜਪਾ 'ਚ ਹੋਏ ਸ਼ਾਮਲ, ਜੇਪੀ ਨੱਢਾ ਨੇ ਕੀਤਾ ਸਵਾਗਤ

ਮਾਹਿਰਾਂ ਅਨੁਸਾਰ ਸੁਨੀਲ ਜਾਖੜ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਕਾਂਗਰਸ ਨੂੰ ਅਲਵਿਦਾ ਕਹਿਣ ਦੀ ਸਕ੍ਰਿਪਟ ਉਦੋਂ ਲਿਖੀ ਸੀ, ਜਦੋਂ ਕਾਂਗਰਸ ਹਾਈਕਮਾਂਡ ਨੇ ਕੈਪਟਨ ਅਮਰਿੰਦਰ ਸਿੰਘ ਦੀ ਥਾਂ ਲੈ ਕੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਬਣਾਇਆ ਸੀ। ਫਰਵਰੀ ਦੇ ਪਹਿਲੇ ਮਹੀਨੇ ਉਨ੍ਹਾਂ ਨੇ ਸਰਗਰਮ ਰਾਜਨੀਤੀ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ। ਵਿਧਾਨ ਸਭਾ ਚੋਣਾਂ ਲੜਨ ਤੋਂ ਇਨਕਾਰ ਕਰ ਦਿੱਤਾ। ਪਰ ਭਤੀਜੇ ਦੀ ਚੋਣ ਮੁਹਿੰਮ ਦੌਰਾਨ ਜਾਖੜ ਨੇ ਦਾਅਵਾ ਕੀਤਾ ਕਿ ਪਿਛਲੇ ਸਾਲ ਅਮਰਿੰਦਰ ਸਿੰਘ ਦੇ ਅਚਾਨਕ ਅਸਤੀਫਾ ਦੇਣ ਤੋਂ ਬਾਅਦ 42 ਵਿਧਾਇਕ ਚਾਹੁੰਦੇ ਸਨ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣੇ।

ਸੁਨੀਲ ਜਾਖੜ ਭਾਜਪਾ 'ਚ ਹੋਏ ਸ਼ਾਮਲ, ਜੇਪੀ ਨੱਢਾ ਨੇ ਕੀਤਾ ਸਵਾਗਤਸੁਨੀਲ ਜਾਖੜ ਦਾ ਸਿਆਸੀ ਸਫਰ ਤੇ ਪਿਛੋਕੜ : ਸੁਨੀਲ ਜਾਖੜ ਦੇ ਪਿਤਾ ਬਲਰਾਮ ਜਾਖੜ ਦੋ ਵਾਰ ਲੋਕ ਸਭਾ ਦੇ ਸਪੀਕਰ ਅਤੇ ਕੇਂਦਰੀ ਖੇਤੀ ਮੰਤਰੀ ਰਹਿ ਸਨ। ਬਲਰਾਮ ਜਾਖੜ 2004 ਤੋਂ 2009 ਤੱਕ ਮੱਧ ਪ੍ਰਦੇਸ਼ ਦੇ ਰਾਜਪਾਲ ਵੀ ਰਹੇ। 1954 ਵਿਚ ਜਨਮੇ ਸੁਨੀਲ ਜਾਖੜ ਨੇ 2002 ਵਿਚ ਪੰਜਾਬ ਦੀ ਸਿਆਸਤ ਵਿਚ ਕਦਮ ਰੱਖਿਆ ਸੀ।

ਉਹ ਲਗਾਤਾਰ 2002, 2007, 2012 ਵਿਚ ਅਬੋਹਰ ਹਲਕੇ ਤੋਂ ਵਿਧਾਇਕ ਬਣੇ। 2012 ਵਿਚ ਵਿਰੋਧੀ ਧਿਰ ਦੇ ਨੇਤਾ ਚੁਣੇ ਗਏ ਸਨ। 2017 ਵਿੱਚ ਗੁਰਦਾਸਪੁਰ ਹਲਕੇ ਦੀ ਜ਼ਿਮਨੀ ਚੋਣ ਜਿੱਤ ਕੇ ਸੁਨੀਲ ਜਾਖੜ ਲੋਕ ਸਭਾ ਪਹੁੰਚੇ ਸਨ। ਉਹ ਪੰਜਾਬ ਕਾਂਗਰਸ ਦੇ ਪ੍ਰਧਾਨ ਵੀ ਰਹੇ।

ਇਹ ਵੀ ਪੜ੍ਹੋ : ਪੰਜਾਬ ਦੀਆਂ ਕਿਸਾਨ ਯੂਨੀਅਨ ਹੋਈਆਂ ਦੋ ਫਾੜ, ਦੁਬਾਰਾ ਸੰਘਰਸ਼ ਕਰਨ ਦਾ ਐਲਾਨ

  • Share