ਜੰਮੂ ਕਸ਼ਮੀਰ 'ਚ ਮੁੱਠਭੇੜ ਦੌਰਾਨ ਸ਼ਹੀਦ ਹੋਇਆ ਤਰਨਤਾਰਨ ਦਾ ਜਵਾਨ
ਤਰਨਤਾਰਨ: ਜੰਮੂ-ਕਸ਼ਮੀਰ ਵਿੱਚ ਸੁਰੱਖਿਆ ਬਲਾਂ ਨੂੰ ਵੱਡੀ ਸਫਲਤਾ ਮਿਲੀ ਹੈ। ਸੁਰੱਖਿਆ ਬਲਾਂ ਨੇ ਕੁਲਗਾਮ 'ਚ 6 ਅਣਪਛਾਤੇ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸੁਰੱਖਿਆ ਬਲਾਂ ਨੂੰ ਕੁਲਗਾਮ ਦੇ ਮਿਰਹਾਮਾ ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲੀ ਸੀ। ਉੱਥੇ ਹੀ ਪੰਜਾਬ ਦੇ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਵੇਈਂ ਪੂਈਂ ਦਾ ਜਵਾਨ ਜਸਬੀਰ ਸਿੰਘ ਵੀ ਸ਼ਹੀਦ ਹੋ ਗਿਆ। ਲਾਂਸ ਨਾਇਕ ਜਸਬੀਰ ਸਿੰਘ ਦੇ ਸ਼ਹੀਦ ਹੋਣ ਨਾਲ ਉਨ੍ਹਾਂ ਦੇ ਘਰ 'ਚ ਸੋਗ ਦਾ ਮਾਹੌਲ ਹੈ।
ਸ਼ਹੀਦ ਜਸਬੀਰ ਸਿੰਘ ਦੇ ਭਰਾ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਅੱਜ ਸਵੇਰੇ ਜੰਮੂ ਕਸ਼ਮੀਰ ਤੋਂ ਫੋਨ ਆਇਆ ਕਿ ਜੰਮੂ ਕਸ਼ਮੀਰ 'ਚ ਹੋਏ ਮੁਕਾਬਲੇ ਦੌਰਾਨ ਜਸਬੀਰ ਸਿੰਘ ਦੇ ਗਲੇ 'ਚ ਗੋਲੀ ਵੱਜੀ ਹੈ ਤੇ ਉਸ ਦੀ ਹਾਲਤ ਗੰਭੀਰ ਹੈ। ਉਸ ਤੋਂ ਬਾਅਦ ਪਰਿਵਾਰ ਨੂੰ ਫੋਨ ਕਰ ਕੇ ਦੱਸਿਆ ਗਿਆ ਕਿ ਜਸਬੀਰ ਸਿੰਘ ਦੀ ਸ਼ਹੀਦ ਹੋ ਗਿਆ ਹੈ।
-PTC News