ਮੁੱਖ ਮੰਤਰੀ ਚੰਨੀ ਨੇ ਕਈ ਮੰਗਾਂ 'ਤੇ ਜਤਾਈ ਸਹਿਮਤੀ, 29 ਦਸੰਬਰ ਨੂੰ ਫਿਰ ਹੋਵੇਗੀ ਕਿਸਾਨਾਂ ਦੀ ਮੀਟਿੰਗ
ਚੰਡੀਗੜ੍ਹ: ਪੰਜਾਬ ਵਿੱਚ ਕਿਸਾਨਾਂ ਵੱਲੋਂ ਬੰਦ ਕੀਤੇ ਟੋਲ ਪਲਾਜ਼ੇ ਦੋ ਦਿਨਾਂ ਬਾਅਦ ਖੁੱਲ੍ਹਣ ਦੀ ਸੰਭਾਵਨਾ ਹੈ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਮੁੱਖ ਮੰਤਰੀ ਨੇ ਉਨ੍ਹਾਂ ਦੀਆਂ ਕਈ ਮੰਗਾਂ 'ਤੇ ਸਹਿਮਤੀ ਜਤਾਈ ਹੈ ਅਤੇ ਹੁਣ 29 ਦਸੰਬਰ ਨੂੰ ਇਕ ਵਾਰ ਫਿਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਹੋਵੇਗੀ। ਉਨ੍ਹਾਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਹਿਲਾਂ ਮੰਨੀਆਂ ਹੋਈਆਂ ਮੰਗਾਂ ਬਾਰੇ ਮੁੱਖ ਮੰਤਰੀ ਨਾਲ ਵਿਚਾਰ ਵਟਾਂਦਰਾ ਹੋਇਆ ਹੈ ਅਤੇ ਇਸ ਦੇ ਇਲਾਵਾ ਸੰਪੂਰਨ ਕਰਜ਼ਾ ਮੁਆਫ਼ੀ ਸਮੇਤ ਹੋਰ ਮੰਗਾਂ 'ਤੇ ਵੀ ਵਿਚਾਰ ਹੋਇਆ ਹੈ।
ਇਸ ਤੋਂ ਬਾਅਦ ਮੁੱਖ ਮੰਤਰੀ ਨੇ ਦੱਸਿਆ ਹੈ ਕਿ ਪੰਜਾਬ ਸਰਕਾਰ ਦੇ ਟੋਲ 'ਤੇ ਪੁਰਾਣੇ ਰੇਟ 'ਤੇ ਪਰਚੀ ਵਸੂਲੀ ਜਾ ਰਹੀ ਹੈ। ਇਸ ਤੋਂ ਇਲਾਵਾ ਕੇਂਦਰ ਦੇ ਟੋਲ 'ਤੇ ਪੁਰਾਣੇ ਰੇਟਾਂ ਨੂੰ ਲੈ ਕੇ ਉਨ੍ਹਾਂ ਦੀ ਤਰਫੋਂ ਕੇਂਦਰੀ ਮੰਤਰੀ ਨਿਤਿਨ ਗਡਕਰੀ ਨਾਲ ਗੱਲਬਾਤ ਕੀਤੀ ਗਈ ਹੈ ਅਤੇ ਦੋ ਦਿਨਾਂ ਬਾਅਦ ਉਨ੍ਹਾਂ ਵੱਲੋਂ ਪੁਰਾਣੇ ਰੇਟਾਂ ਨੂੰ ਲਾਗੂ ਕਰਨ ਦਾ ਫੈਸਲਾ ਲਿਆ ਗਿਆ ਹੈ।
ਇਸ ਤੋਂ ਇਲਾਵਾ ਗੁਲਾਬੀ ਸੁੰਡੀ ਕਾਰਨ ਮਾਲਵੇ ਵਿੱਚ ਨਰਮੇ ਦੀ ਫ਼ਸਲ ਦੇ ਹੋਏ ਨੁਕਸਾਨ ਲਈ ਮੁੱਖ ਮੰਤਰੀ ਵੱਲੋਂ 17 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਣ ਦਾ ਭਰੋਸਾ ਦਿੱਤਾ ਗਿਆ ਹੈ। ਇਸ ਦੇ ਲਈ ਏਡੀਸੀ ਜਨਰਲ ਨੂੰ ਨੋਡਲ ਅਫਸਰ ਲਾਇਆ ਗਿਆ ਹੈ। ਸੰਘਰਸ਼ ਦੌਰਾਨ ਦਰਜ ਹੋਏ ਅਪਰਾਧਿਕ ਕੇਸਾਂ ਵਿੱਚੋਂ ਬਾਕੀ 23 ਕੇਸ ਵੀ ਜਲਦੀ ਹੀ ਰੱਦ ਕਰ ਦਿੱਤੇ ਜਾਣਗੇ।
ਇਸ ਦੇ ਨਾਲ ਹੀ ਇਹ ਵੀ ਭਰੋਸਾ ਦਿੱਤਾ ਗਿਆ ਹੈ ਕਿ ਮਾਨਸਾ ਵਿੱਚ ਬੇਰੁਜ਼ਗਾਰ ਅਧਿਆਪਕਾਂ ’ਤੇ ਲਾਠੀਚਾਰਜ ਕਰਨ ਵਾਲੇ ਡੀਐਸਪੀ ਗੁਰਮੀਤ ਸਿੰਘ ਨੂੰ ਦੋ ਦਿਨਾਂ ਵਿੱਚ ਮੁਅੱਤਲ ਕਰ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਹੁਣ ਖੰਡ ਮਿੱਲਾਂ 'ਚ ਕਿਸਾਨਾਂ ਨੂੰ ਗੰਨੇ ਦੇ ਵਧੇ ਹੋਏ ਰੇਟ 'ਤੇ ਸਿਰਫ 260 ਰੁਪਏ ਦੀ ਪਰਚੀ ਮਿਲੇਗੀ। 325 ਰੁਪਏ ਮਿੱਲ ਆਪਰੇਟਰ ਵੱਲੋਂ ਅਦਾ ਕੀਤੇ ਜਾਣਗੇ ਅਤੇ ਬਾਕੀ 35 ਰੁਪਏ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਦੀ ਤਰਫ਼ੋਂ ਦੋ ਦਿਨਾਂ ਵਿੱਚ ਬੈਂਕ ਖਾਤੇ ਵਿੱਚ ਜਮ੍ਹਾਂ ਕਰਵਾ ਦਿੱਤੇ ਜਾਣਗੇ।
ਸਥਾਨਕ ਯੂਨੀਅਨ ਆਗੂ ਗੁਰਪ੍ਰੀਤ ਸਿੰਘ ਅਨੁਸਾਰ ਸਰਕਾਰ ਨੇ ਸਾਰੀਆਂ ਮੁੱਖ ਮੰਗਾਂ ਮੰਨ ਲਈਆਂ ਹਨ ਅਤੇ ਜਥੇਬੰਦੀ ਤੋਂ ਦੋ ਦਿਨ ਦਾ ਸਮਾਂ ਮੰਗਿਆ ਹੈ। ਹੁਣ ਸਰਕਾਰ ਨਾਲ ਇੱਕ ਹਫ਼ਤੇ ਬਾਅਦ ਜਥੇਬੰਦੀ ਦੀ ਬੁੱਧਵਾਰ ਨੂੰ ਮੁੜ ਮੀਟਿੰਗ ਹੋਵੇਗੀ। ਪੰਜਾਬ ਵਿੱਚ ਜ਼ਿਲ੍ਹਾ ਪੱਧਰ ’ਤੇ ਚੱਲ ਰਹੇ ਧਰਨੇ 24 ਦਸੰਬਰ ਤੱਕ ਚੱਲਣੇ ਸਨ ਅਤੇ ਇਨ੍ਹਾਂ ਨੂੰ ਰੋਕਣ ਜਾਂ ਅੱਗੇ ਵਧਾਉਣ ਬਾਰੇ ਜਥੇਬੰਦੀ ਵੱਲੋਂ ਮੀਟਿੰਗ ਵਿੱਚ ਫੈਸਲਾ ਲਿਆ ਜਾਣਾ ਹੈ। ਇਸ ਤੋਂ ਬਾਅਦ ਕਿਸਾਨ ਅੱਜ ਚੌਥੇ ਦਿਨ ਵੀ ਜ਼ਿਲ੍ਹਾ ਸਕੱਤਰੇਤ ਵਿੱਚ ਬੈਠੇ ਹਨ ਅਤੇ ਧਰਨਾ ਦੇ ਰਹੇ ਹਨ।
-PTC News