ਦਿੱਲੀ 'ਚ ਇਮਾਰਤ ਡਿੱਗਣ ਕਾਰਨ ਦੋ ਦੀ ਮੌਤ, ਬਚਾਅ ਕਾਰਜ ਮੁਕੰਮਲ
ਨਵੀਂ ਦਿੱਲੀ, 25 ਅਪ੍ਰੈਲ: ਦਿੱਲੀ ਦੇ ਸੱਤਿਆ ਨਿਕੇਤਨ ਵਿੱਚ ਡਿੱਗਣ ਵਾਲੀ ਇੱਕ ਉਸਾਰੀ ਅਧੀਨ ਇਮਾਰਤ ਦੇ ਮਲਬੇ ਵਿੱਚੋਂ ਬਚਾਏ ਗਏ ਪੰਜ ਵਿਅਕਤੀਆਂ ਵਿੱਚੋਂ ਦੋ ਨੇ ਦਮ ਤੋੜ ਦਿੱਤਾ। ਏਜੇਂਸੀ ਨਾਲ ਗੱਲ ਕਰਦੇ ਹੋਏ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੇ ਅਧਿਕਾਰੀ ਗੋਵਰਧਨ ਬੈਰਵਾ ਨੇ ਦੋ ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ। ਇਹ ਵੀ ਪੜ੍ਹੋ: ਹਰਿਆਣਾ ਸਰਕਾਰ ਦਾ ਵੱਡਾ ਫੈਸਲਾ, 10ਵੀਂ ਅਤੇ 12ਵੀਂ ਦੇ ਵਿਦਿਆਰਥੀਆਂ ਨੂੰ ਦਿੱਤੇ ਜਾਣਗੇ ਟੈਬਲੇਟ ਐਨਡੀਆਰਐਫ ਅਧਿਕਾਰੀ ਨੇ ਅੱਗੇ ਦੱਸਿਆ ਕਿ ਐਨਡੀਆਰਐਫ ਦੀਆਂ 25 ਟੀਮਾਂ ਬਚਾਅ ਕਾਰਜ 'ਚ ਲੱਗੀਆਂ ਹੋਈਆਂ ਹਨ। ਦਿੱਲੀ ਫਾਇਰ ਸਰਵਿਸ ਦੇ ਮੁਖੀ ਅਤੁੱਲ ਗਰਗ ਨੇ ਦੱਸਿਆ ਕਿ ਬਚਾਅ ਕਾਰਜ ਪੂਰਾ ਕਰ ਲਿਆ ਗਿਆ ਹੈ। ਇਸ ਤੋਂ ਇਲਾਵਾ ਦੱਖਣੀ-ਪੱਛਮੀ ਪੁਲਿਸ ਦੇ ਡਿਪਟੀ ਕਮਿਸ਼ਨਰ ਮਨੋਜ ਸੀ ਨੇ ਕਿਹਾ ਕਿ ਇਮਾਰਤ ਵਿਚ ਕੁੱਲ ਛੇ ਵਿਅਕਤੀ ਕੰਮ ਕਰ ਰਹੇ ਸਨ ਜਦ ਕਿ ਇੱਕ ਮਜ਼ਦੂਰ ਭੱਜਣ ਵਿਚ ਕਾਮਯਾਬ ਹੋ ਗਿਆ। ਉਨ੍ਹਾਂ ਕਿਹਾ ਕਿ ਚਾਰ ਦਾ ਇਲਾਜ ਚੱਲ ਰਿਹਾ ਹੈ ਜਦ ਕਿ ਦੋ ਦੀ ਮੌਤ ਹੋ ਗਈ ਹੈ। ਉਨ੍ਹਾਂ ਕਿਹਾ ਕਿ ਦਿੱਲੀ ਫਾਇਰ ਸਰਵਿਸ, ਬੀਐਸਈਐਸ ਅਤੇ ਐਨਡੀਆਰਐਫ ਦੇ ਨਾਲ ਦੱਖਣ-ਪੱਛਮੀ ਜ਼ਿਲ੍ਹਾ ਪੁਲਿਸ ਵੀ ਬਚਾਅ ਕਾਰਜ ਵਿੱਚ ਸ਼ਾਮਲ ਸਨ। ਇਸ ਤੋਂ ਪਹਿਲਾਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਟਵਿੱਟਰ 'ਤੇ ਕਿਹਾ ਕਿ ਉਹ ਢਹਿਣ ਵਾਲੀ ਥਾਂ 'ਤੇ ਬਚਾਅ ਕਾਰਜਾਂ ਦਾ ਜਾਇਜ਼ਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਹਾਦਸਾ ਬਹੁਤ ਦੁਖਦਾਈ ਹੈ। ਜ਼ਿਲ੍ਹਾ ਪ੍ਰਸ਼ਾਸਨ ਰਾਹਤ ਅਤੇ ਬਚਾਅ ਕਾਰਜਾਂ ਵਿੱਚ ਲੱਗਾ ਹੋਇਆ ਹੈ। ਮੈਂ ਖ਼ੁਦ ਘਟਨਾ ਨਾਲ ਜੁੜੀ ਹਰ ਜਾਣਕਾਰੀ ਲੈ ਰਿਹਾ ਹਾਂ। ਦੱਖਣੀ ਦਿੱਲੀ ਨਗਰ ਨਿਗਮ ਦੇ ਮੇਅਰ ਮੁਕੇਸ਼ ਸੂਰਿਆਨ ਮੁਤਾਬਿਕ ਇਹ ਇਮਾਰਤ ਕਿਸੇ ਦਾ ਘਰ ਸੀ ਜੋ ਇਸ ਦੀ ਮੁਰੰਮਤ ਕਰਵਾਉਣਾ ਚਾਹੁੰਦਾ ਸੀ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਇਹ ਇਮਾਰਤ ਖ਼ਤਰੇ ਵਾਲੇ ਖੇਤਰ 'ਚ ਸੀ ਅਤੇ ਇਸ ਬਾਰੇ ਪੁਲਿਸ ਅਤੇ ਉਪ ਮੰਡਲ ਮੈਜਿਸਟਰੇਟ ਨੂੰ ਸੂਚਿਤ ਕੀਤਾ ਗਿਆ ਸੀ। ਉਨ੍ਹਾਂ ਅੱਗੇ ਦੱਸਿਆ ਕਿ ਉਨ੍ਹਾਂ 31 ਮਾਰਚ ਨੂੰ ਇੱਕ ਨੋਟਿਸ ਚਿਪਕਾਇਆ ਸੀ ਕਿ ਇਹ ਇਮਾਰਤ ਖ਼ਤਰੇ ਵਾਲੇ ਖੇਤਰ ਵਿੱਚ ਹੈ। 14 ਅਪ੍ਰੈਲ ਨੂੰ ਪੁਲਿਸ, ਐਸਡੀਐਮ ਨੂੰ ਵੀ ਸੂਚਿਤ ਕੀਤਾ ਸੀ। ਇਹ ਵੀ ਪੜ੍ਹੋ: ਡਾ.ਦਲਜੀਤ ਚੀਮਾ ਦਾ ਕੇਜਰੀਵਾਲ ਨੂੰ ਲੈ ਕੇ ਵੱਡਾ ਬਿਆਨ ਦਿੱਲੀ ਦਮਕਲ ਵਿਭਾਗ ਦੇ ਮੁਤਾਬਿਕ ਸੱਤਿਆ ਨਿਕੇਤਨ ਖੇਤਰ ਵਿੱਚ ਇੱਕ ਨਿਰਮਾਣ ਅਧੀਨ ਇਮਾਰਤ ਦੇ ਡਿੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਛੇ ਫਾਇਰ ਟੈਂਡਰ ਮੌਕੇ 'ਤੇ ਪਹੁੰਚ ਗਏ ਸਨ। -PTC News