adv-img
ਪੰਜਾਬ

ਪਰਾਲੀ ਨਾ ਸਾੜਨ ਵਾਲੇ ਪਿੰਡਾਂ ਦਾ ਕੀਤਾ ਜਾਵੇਗਾ ਵਿਸ਼ੇਸ਼ ਵਿਕਾਸ: ਧਾਲੀਵਾਲ

By Pardeep Singh -- October 16th 2022 06:40 PM -- Updated: October 16th 2022 06:45 PM

ਅਜਨਾਲਾ : ਪਰਾਲੀ ਨੂੰ ਬਿਨ੍ਹਾਂ ਸਾੜੇ ਖੇਤਾਂ ਵਿੱਚ ਵਾਹੁਣ ਜਾਂ ਪਸ਼ੂ ਧੰਨ ਲਈ ਸਾਂਭਣ ਵਾਸਤੇ ਜੋ ਪੰਚਾਇਤਾਂ ਅੱਗੇ ਆ ਕੇ ਸਾਰੇ ਪਿੰਡ ਦੇ ਖੇਤਾਂ ਨੂੰ ਅੱਗ ਤੋਂ ਦੂਰ ਰੱਖਣਗੀਆਂ ਉਨ੍ਹਾਂ ਪਿੰਡਾਂ ਦਾ ਵਿਕਾਸ ਤਰਜੀਹ ਅਧਾਰ ਉੱਤੇ ਕੀਤਾ ਜਾਵੇਗਾ। ਪੰਚਾਇਤ ਮੰਤਰੀ  ਕੁਲਦੀਪ ਸਿੰਘ ਧਾਲੀਵਾਲ ਨੇ ਅਜਨਾਲਾ ਦੇ ਸੂਰਾਪੁਰ ਪਿੰਡ ਦੇ ਨੌਜਵਾਨ ਕਿਸਾਨ ਅੰਮ੍ਰਿਤਪਾਲ ਸਿੰਘ ਅਤੇ ਜੋਬਨ, ਜੋ ਕਿ ਪਰਾਲੀ ਦੀ ਰੀਪਰ ਨਾਲ ਤੂੜੀ ਬਣਾ ਕੇ ਸਾਂਭ ਰਹੇ ਸਨ ਦਾ ਸਨਮਾਨ ਕਰਨ ਲਈ ਖੇਤ ਵਿੱਚ ਪੁੱਜਣ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਇਨ੍ਹਾਂ ਨੌਜਵਾਨਾਂ ਦੀ ਤਰ੍ਹਾਂ ਜੋ ਵੀ ਪਿੰਡ ਇਸ ਤਰ੍ਹਾਂ ਪਰਾਲੀ ਦੀ ਸੰਭਾਲ ਕਰੇਗਾ। ਉਨ੍ਹਾਂ ਪਿੰਡਾਂ ਨੂੰ ਵਧੇਰੇ ਗਰਾਂਟ ਦਿੱਤੀ ਜਾਵੇਗੀ ਅਤੇ ਪਿੰਡ ਸਮਾਰਟ ਵਿਲੇਜ਼ ਪ੍ਰੋਗਰਾਮ ਦਾ ਹਿੱਸਾ ਬਣਾਏ ਜਾਣਗੇ।

ਉਨ੍ਹਾਂ ਨੇ ਕਿਹਾ ਕਿ ਇਸ ਵਾਰ ਪੰਜਾਬ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਸਰਪੰਚ ਸਹਿਬਾਨ ਪਿੰਡਾਂ ਵਿੱਚ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਨਾ ਲਾਉਣ ਅਤੇ ਕਣਕ ਦੀ ਬਿਜਾਈ ਸੁਪਰ ਸੀਡਰ/ਸਮਾਰਟ ਸੀਡਰ ਨਾਲ ਕਰਨ ਲਈ ਪ੍ਰੇਰਿਤ ਕਰਨ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਇਲਾਵਾ ਝੋਨੇ ਦੀ ਪਰਾਲੀ ਨੂੰ ਕਿਸਾਨ ਪਸ਼ੂ ਧੰਨ ਲਈ ਚਾਰੇ ਵਜੋਂ ਵਰਤ ਸਕਦੇ ਹਨ ਜਿਵੇਂ ਕਿ ਸੂਰਾਪੁਰ ਪਿੰਡ ਦੇ ਜਵਾਨ ਕਰ ਰਹੇ ਹਨ। ਇਸ ਨਾਲ ਪਸ਼ੂਆਂ ਨੂੰ ਪੌਸ਼ਟਿਕ ਚਾਰਾ ਮਿਲੇਗਾ, ਜੋ ਕਿ ਡੇਅਰੀ ਉਤੇ ਆਉਣ ਵਾਲੇ ਖਰਚ ਵਿੱਚ ਕਟੌਤੀ ਕਰੇਗਾ।

ਮੰਤਰੀ ਧਾਲੀਵਾਲ ਦਾ ਕਹਿਣਾ ਹੈ ਕਿ ਇੱਕ ਟਨ ਪਰਾਲੀ ਖੇਤ ਵਿੱਚ ਦਬਾਉਣ ਨਾਲ 400 ਕਿਲੋ ਜੈਵਿਕ ਕਾਰਬਨ,5.5 ਕਿਲੋ ਨਾਈਟ੍ਰੋਜਨ,2.3 ਕਿਲੋ ਫਾਸਫੋਰਸ,25 ਕਿਲੋ ਪੋਟਾਸ਼,1.2 ਕਿਲੋ ਸਲਫਰ ਦਾ ਫਾਇਦਾ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਰਪੰਚ ਸਹਿਬਾਨ ਝੋਨੇ ਦੀ ਪਰਾਲੀ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੁਕ ਕਰਨ।

ਰਿਪੋਰਟ-ਪੰਕਜ ਮੱਲ੍ਹੀ

ਇਹ ਵੀ ਪੜ੍ਹੋ:ਕਾਨਪੁਰ ਦੇ ਮਸ਼ਹੂਰ ਜਾਦੂਗਰ ਓ.ਪੀ ਸ਼ਰਮਾ ਦਾ ਹੋਇਆ ਦਿਹਾਂਤ

-PTC News

 

  • Share