ਵੀਡੀਓ

ਵਾਇਰਲ ਵੀਡੀਓ: ਜੇਲ੍ਹ 'ਚੋਂ ਫਰਾਰ ਹੋਏ 6 ਕੈਦੀਆਂ 'ਚੋਂ 4 ਨੂੰ ਭੀੜ ਨੇ ਕੁੱਟ-ਕੁੱਟ ਕੇ ਉਤਾਰਿਆ ਮੌਤ ਦੇ ਘਾਟ

By Jasmeet Singh -- September 12, 2022 3:09 pm

ਸ਼ਿਲਾਂਗ, 12 ਸਤੰਬਰ: ਮੇਘਾਲਿਆ ਦੀ ਜੇਲ੍ਹ ਵਿੱਚੋਂ ਭੱਜੇ ਚਾਰ ਕੈਦੀਆਂ ਦੀ ਭੀੜ ਵੱਲੋਂ ਬੇਰਹਿਮੀ ਨਾਲ ਕੁੱਟ-ਕੁੱਟ ਕੇ ਹੱਤਿਆ ਕਰਨ ਦਾ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਹੀ ਇਸ ਪੂਰੀ ਘਟਨਾ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਦਰਅਸਲ ਮੇਘਾਲਿਆ ਦੇ ਪੱਛਮੀ ਜੈਂਤੀਆ ਹਿੱਲਜ਼ ਜ਼ਿਲ੍ਹੇ ਵਿੱਚ ਇੱਕ ਭੀੜ ਦੁਆਰਾ ਕਥਿਤ ਤੌਰ 'ਤੇ ਜੇਲ੍ਹ ਤੋਂ ਫਰਾਰ ਹੋਏ ਚਾਰ ਵਿਚਾਰ ਅਧੀਨ ਕੈਦੀਆਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ। ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ 10 ਸਤੰਬਰ ਨੂੰ 6 ਕੈਦੀਆਂ ਦਾ ਇਕ ਸਮੂਹ ਜੋਵਈ ਜੇਲ੍ਹ ਸਟਾਫ ਨੂੰ ਚਕਮਾ ਦੇ ਕੇ ਫਰਾਰ ਹੋ ਗਿਆ ਸੀ ਅਤੇ ਉਨ੍ਹਾਂ 'ਚੋਂ ਪੰਜ ਐਤਵਾਰ ਨੂੰ ਕਰੀਬ 70 ਕਿਲੋਮੀਟਰ ਦੂਰ ਸ਼ਾਂਗਪੁੰਗ ਪਿੰਡ ਪਹੁੰਚ ਗਏ ਸਨ।

ਪਿੰਡ ਦੇ ਮੁਖੀ ਆਰ ਰਾਬੋਨ ਨੇ ਦੱਸਿਆ ਕਿ ਐਤਵਾਰ ਦੁਪਹਿਰ ਕਰੀਬ 3 ਵਜੇ ਜਦੋਂ ਇਕ ਕੈਦੀ ਚਾਹ ਦੀ ਦੁਕਾਨ 'ਤੇ ਖਾਣ ਪੀਣ ਦਾ ਸਮਾਨ ਲੈਣ ਗਿਆ ਤਾਂ ਸਥਾਨਕ ਲੋਕਾਂ ਨੇ ਉਸ ਨੂੰ ਪਛਾਣ ਲਿਆ ਅਤੇ ਪੂਰੇ ਇਲਾਕੇ ਨੂੰ ਸੂਚਨਾ ਦਿੱਤੀ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋ ਗਏ ਅਤੇ ਕੈਦੀਆਂ ਨੂੰ ਨੇੜਲੇ ਜੰਗਲ ਵਿੱਚ ਲੈ ਗਏ। ਘਟਨਾ ਦੀ ਇੱਕ ਕਥਿਤ ਵੀਡੀਓ 'ਚ ਗੁੱਸੇ ਵਿੱਚ ਆਏ ਪਿੰਡ ਵਾਸੀ ਡੰਡਿਆਂ ਨਾਲ ਕੈਦੀਆਂ ਨੂੰ ਫੜਦੇ ਅਤੇ ਉਨ੍ਹਾਂ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ।

ਇਹ ਵੀ ਪੜ੍ਹੋ: ਮੂਸੇਵਾਲਾ ਕਤਲ ਕੇਸ: ਸੰਦੀਪ ਕੇਕੜਾ ਦਾ ਭਰਾ ਬਿੱਟੂ ਗ੍ਰਿਫ਼ਤਾਰ, ਰੇਕੀ ਕਰਨ ਦਾ ਹੈ ਇਲਜ਼ਾਮ

ਰਾਬੋਨ ਨੇ ਦੱਸਿਆ ਕਿ ਹਮਲੇ ਵਿੱਚ ਚਾਰ ਕੈਦੀ ਮਾਰੇ ਗਏ ਜਦਕਿ ਇੱਕ ਕੈਦੀ ਭੱਜ ਗਿਆ। ਜੇਲ੍ਹਾਂ ਦੇ ਇੰਸਪੈਕਟਰ ਜਨਰਲ ਜੇ.ਕੇ. ਮਾਰਕ ਨੇ ਕਿਹਾ ਕਿ ਇਹ ਸੱਚ ਹੈ ਕਿ ਪਿੰਡ ਵਾਸੀਆਂ ਦੇ ਇੱਕ ਸਮੂਹ ਨੇ ਚਾਰ ਫਰਾਰ ਕੈਦੀਆਂ ਨੂੰ ਫੜ ਕੇ ਕੁੱਟ-ਕੁੱਟ ਕੇ ਮਾਰ ਦਿੱਤਾ। ਅਧਿਕਾਰੀ ਮੌਕੇ 'ਤੇ ਪਹੁੰਚ ਗਏ ਹਨ ਅਤੇ ਮੈਂ ਹੋਰ ਜਾਣਕਾਰੀ ਦੀ ਉਡੀਕ ਕਰ ਰਿਹਾ ਹਾਂ। ਅਧਿਕਾਰੀਆਂ ਨੇ ਦੱਸਿਆ ਕਿ ਰਮੇਸ਼ ਦੀਖਰ ਨਾਮ ਦਾ ਇੱਕ ਕੈਦੀ ਭੀੜ ਵਿੱਚੋਂ ਫਰਾਰ ਹੋ ਗਿਆ ਜਦਕਿ ਛੇਵਾਂ ਕੈਦੀ ਹਮਲੇ ਦੌਰਾਨ ਕਿਤੇ ਨਜ਼ਰ ਨਹੀਂ ਆਇਆ।

ਪੁਲਿਸ ਨੇ ਦੱਸਿਆ ਕਿ ਅਗਸਤ 'ਚ ਟੈਕਸੀ ਡਰਾਈਵਰ ਦੀ ਹੱਤਿਆ ਦੇ ਮਾਮਲੇ 'ਚ ਦੋ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਵੈਸਟ ਜੈਂਤੀਆ ਹਿਲਜ਼ ਦੇ ਪੁਲਿਸ ਸੁਪਰਡੈਂਟ ਬੀਕੇ ਮਾਰਕ ਨੇ ਕਿਹਾ ਕਿ ਜੇਲ੍ਹ ਸਟਾਫ ਦੇ ਖਿਲਾਫ ਜੋਵਈ ਪੁਲਿਸ ਸਟੇਸ਼ਨ 'ਚ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਉਨ੍ਹਾਂ 'ਚੋਂ ਪੰਜ ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ। ਗ੍ਰਿਫ਼ਤਾਰ ਕੀਤੇ ਗਏ ਜੇਲ੍ਹ ਮੁਲਾਜ਼ਮਾਂ ਵਿੱਚ ਇੱਕ ਚੀਫ ਵਾਰਡਨ ਅਤੇ ਚਾਰ ਵਾਰਡਨ ਸ਼ਾਮਲ ਹਨ।


-PTC News

  • Share