ਚੰਮ ਸਾੜਦੀ ਗਰਮੀ ਵਿਖੇ ਚੰਡੀਗੜ੍ਹ 'ਚ ਬਾਰਸ਼ ਦੇ ਛਿਟਿਆਂ ਨਾਲ ਮੌਸਮ ਹੋਇਆ ਸੁਹਾਵਣਾ
ਚੰਡੀਗੜ੍ਹ, 4 ਮਈ: ਚੰਡੀਗੜ੍ਹ ਦੇ ਕੁੱਝ ਹਿੱਸਿਆਂ ਵਿਚ ਬੁੱਧਵਾਰ ਸਵੇਰੇ ਸ਼ੁਰੂ ਹੋਈ ਬਾਰਸ਼ ਨਾਲ ਸ਼ਹਿਰ ਵਾਸੀਆਂ ਨੂੰ ਚੰਮ ਸਾੜਦੀ ਗਰਮੀ ਤੋਂ ਰਾਹਤ ਮਿਲੀ ਹੈ, ਜੋ ਪਿਛਲੇ ਕੁੱਝ ਦਿਨਾਂ ਤੋਂ ਭਿਆਨਕ ਗਰਮੀ ਦੀ ਸਥਿਤੀ ਦਾ ਸਾਹਮਣਾ ਕਰ ਰਹੇ ਸਨ।
ਇਹ ਵੀ ਪੜ੍ਹੋ: ਕੈਪਟਨ ਦੀ ਪੁਕਾਰ 'ਤੇ ਭਾਜਪਾ ਦੀ ਮੋਹਰ, ਹੁਣ ਸਾਂਝੇ ਲੜਨਗੇ ਐਮ.ਸੀ. ਚੋਣਾਂ
ਭਾਰਤੀ ਮੌਸਮ ਵਿਭਾਗ ਨੇ ਮੰਗਲਵਾਰ ਨੂੰ ਪੱਛਮੀ ਹਿਮਾਲੀਅਨ ਖੇਤਰ ਵਿੱਚ 3 ਮਈ ਤੋਂ 5 ਮਈ ਤੱਕ 40-50 ਕਿੱਲੋ ਮੀਟਰ ਪ੍ਰਤੀ ਘੰਟਾ ਚੱਲਣ ਵਾਲੀਆਂ ਹਵਾਵਾਂ ਅਤੇ ਤੂਫ਼ਾਨ ਦੀ ਭਵਿੱਖਬਾਣੀ ਕੀਤੀ। ਇਸ ਦੇ ਨਾਲ ਹੀ ਖੇਤਰ ਵਿੱਚ ਗੜੇਮਾਰੀ ਦੀ ਸੰਭਾਵਨਾ ਹੈ।
ਸੋਮਵਾਰ ਨੂੰ ਦੇਸ਼ ਭਰ ਵਿੱਚ ਕਰੜੀ ਹੀਟਵੇਵ ਦੀ ਸਥਿਤੀ 'ਚ ਗਿਰਾਵਟ ਮਗਰੋਂ ਮੌਸਮ ਵਿਭਾਗ ਨੇ ਪੱਛਮੀ ਗੜਬੜ ਦੇ ਕਾਰਨ ਉੱਤਰ ਪੱਛਮੀ ਭਾਰਤ ਲਈ ਪੀਲੀ ਚੇਤਾਵਨੀ ਜਾਰੀ ਕੀਤੀ।
ਵਿਭਾਗ ਦੇ ਸੀਨੀਅਰ ਵਿਗਿਆਨੀ ਆਰ ਕੇ ਜੇਨਾਮਾਨੀ ਨੇ ਦੱਸਿਆ ਕਿ ਦਿੱਲੀ, ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਸਮੇਤ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹੀਟਵੇਵ ਦੀ ਸੰਭਾਵਨਾ ਖ਼ਤਮ ਹੋ ਚੁੱਕੀ ਹੈ, ਜਦਕਿ ਪੱਛਮੀ ਰਾਜਸਥਾਨ ਵਿੱਚ ਹੀਟਵੇਵ ਦੀ ਸੰਭਾਵਨਾ ਬਰਕਰਾਰ ਹੈ।
ਵਿਭਾਗ ਨੇ ਪਹਿਲਾਂ ਹੀ ਦਿੱਲੀ, ਲਖਨਊ ਅਤੇ ਜੈਪੁਰ ਵਿੱਚ ਸਰਗਰਮ ਪੱਛਮੀ ਗੜਬੜ ਅਤੇ ਹਵਾ ਦੇ ਪੈਟਰਨ ਦੀ ਭਵਿੱਖਬਾਣੀ ਕੀਤੀ ਸੀ ਅਤੇ ਕਿਹਾ ਸੀ ਕਿ ਅਗਲੇ 6-7 ਦਿਨਾਂ ਤੱਕ ਤਾਪਮਾਨ ਨਹੀਂ ਵਧੇਗਾ।
ਇਹ ਵੀ ਪੜ੍ਹੋ: ਸੰਘਰਸ਼ ਲਈ ਲਖੀਮਪੁਰ ਖੀਰੀ ਲਈ ਰਵਾਨਾ ਹੋਏ ਕਿਸਾਨ
7 ਮਈ ਤੱਕ ਹੀਟਵੇਵ ਬਣਨ ਦੀ ਸੰਭਾਵਨਾ ਨਹੀਂ ਹੈ। ਉਸ ਤੋਂ ਬਾਅਦ ਹੀ ਤਾਪਮਾਨ ਦਾ ਵਿਸ਼ਲੇਸ਼ਣ ਕਰਨ ਮਗਰੋਂ ਸਹੀ ਸਥਿਤੀ ਦਾ ਅੰਦਾਜ਼ਾ ਲੱਗ ਪਵੇਗਾ। ਪਰ ਫਿਲਹਾਲ ਲੋਕਾਂ ਨੂੰ ਕੁੱਝ ਰਾਹਤ ਜ਼ਰੂਰ ਮਿਲੀ ਹੈ।
- ਏਜੈਂਸੀ ਦੇ ਸਹਿਯੋਗ ਨਾਲ
-PTC News