ਕਦੇ ਬੇਅਦਬੀ, ਕਦੇ ਬਲਾਸਟ ਆਖਿਰ ਕੌਣ ਖੋਹਣਾ ਚਾਹੁੰਦਾ ਹੈ ਪੰਜਾਬ ਦੀ ਸਾਂਤੀ- ਜਸਵੀਰ ਸਿੰਘ ਗੜ੍ਹੀ
ਜੰਲਧਰ/ਚੰਡੀਗੜ੍ਹ: ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਨੇ ਲੁਧਿਆਣਾ ਕੋਰਟ ‘ਚ ਹੋਏ ਬੰਬ ਧਮਾਕਿਆਂ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦੇ ਹੋਏ ਇਸਨੂੰ ਪੰਜਾਬ ਦੀ ਕਾਂਗਰਸ ਸਰਕਾਰ ਦੀ ਨਾਕਾਮੀ ਦੱਸਿਆ ਹੈ ਅਤੇ ਲੁਧਿਆਣਾ ਬੰਬ ਬਲਾਸਟ ਬਾਰੇ ਬੋਲਦਿਆਂ ਕਿਹਾ ਕਿ ਮੈਨੂੰ ਇਸ ਘਟਨਾ ਦਾ ਬਹੁਤ ਦੁੱਖ ਪੁੱਜਾ ਹੈ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਨਜਦੀਕ ਆ ਰਹੀਆਂ ਹਨ, ਬੀਤੇ 10 ਦਿਨਾਂ ‘ਚ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਹੋ ਰਹੀਆ ਘਟਨਾਵਾਂ ਨਾਲ ਸੂਬੇ ਦਾ ਮਾਹੌਲ ਖ਼ਰਾਬ ਕਰਨ ਦੀ ਸਾਜਿਸ਼ ਕੀਤੀ ਜਾ ਰਹੀ ਹੈ।
ਗੜ੍ਹੀ ਨੇ ਕਿਹਾ ਕਿ ਪਹਿਲਾਂ ਅਮ੍ਰਿਤਸਰ ਦਰਬਾਰ ਸਾਹਿਬ ਤੇ ਫਿਰ ਕਪੂਰਥਲਾ ਵਿੱਚ ਬੇਅਦਬੀ ਤੇ ਬੇਹੁਰਮਤੀ ਦੀ ਘਟਨਾ ਨੂੰ ਅੰਜਾਮ ਦੇਣ ਦਾ ਘਿਨੌਣਾ ਕੰਮ ਕੀਤਾ ਗਿਆ ਅਤੇ ਹੁਣ ਲੁਧਿਆਣਾ ਸ਼ਹਿਰ ਵਿੱਚ ਹੋਏ ਬੰਬ ਬਲਾਸਟ ਦੀ ਘਟਨਾ ਤੋਂ ਸਪੱਸ਼ਟ ਹੋ ਗਿਆ ਹੈ ਕਿ ਸ਼ਰਾਰਤੀ ਲੋਕ ਪੰਜਾਬ ਦਾ ਮਾਹੌਲ ਵਿਗਾੜਨਾ ਚਾਹੁੰਦੇ ਹੈ। ਕਦੇ ਬੇਅਦਬੀ, ਕਦੇ ਬਲਾਸਟ ਆਖਿਰ ਕੌਣ ਖੋਹਣਾ ਚਾਹੁੰਦਾ ਹੈ ਪੰਜਾਬ ਦੀ ਸਾਂਤੀ? ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਸਥਿਰ ਕਰ ਪੰਜਾਬੀਆਂ ਨੂੰ ਡਰਾਇਆ ਜਾ ਰਿਹਾ ਹੈ। ਡਰ ਦੇ ਮਾਹੌਲ ਚੋ ਵੋਟ ਲੈਣ ਦੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਕਾਂਗਰਸ ਦੇ ਹਮਲਾ ਕਰਦਿਆਂ ਇਸ ਘਟਨਾ ਲਈ ਸਿੱਧੇ ਰੂਪ ‘ਚ ਪੰਜਾਬ ਦੀ ਕਾਂਗਰਸ ਸਰਕਾਰ ਅਤੇ ਮੁੱਖਮੰਤਰੀ ਚਰਨਜੀਤ ਸਿੰਘ ਚੰਨੀ ਜ਼ਿੰਮੇਦਾਰ ਹਨ।
ਉਨ੍ਹਾਂ ਕਿਹਾ ਕਿ ਜਦੋਂ ਤੋਂ ਕਾਂਗਰਸ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆਈ ਹੈ, ਉਦੋਂ ਤੋਂ ਹੀ ਸੂਬੇ ਵਿੱਚ ਅਸੁਰੱਖਿਆ ਦਾ ਮਾਹੌਲ ਹੈ । ਗੜ੍ਹੀ ਨੇ ਕਿਹਾ ਕਿ ਪੰਜਾਬ ਸਰਕਾਰ ਸਿਆਸੀ ਰੰਜਿਸ਼ ਕੱਢਣ‘ਚ ਰੂਝੀ ਹੋਈ ਹੈ ਅਤੇ ਬਿਨਾਂ ਕਿਸੇ ਆਧਾਰ ਦੇ ਆਪਣੇ ਵਿਰੋਧੀਆਂ ਉੱਤੇ ਸਿਆਸੀ ਬਦਲਾਖੋਰੀ ਤਹਿਤ ਕੇਸ ਦਰਜ ਕਰਨ ਵਿੱਚ ਲੱਗੀ ਹੈ। ਉਥੇ ਹੀ ਸਿੱਧੂ ਅਤੇ ਚੰਨੀ ਵਿਚਕਾਰ ਪੰਜਾਬ ਪੁਲਿਸ ਦੇ ਡੀਜੀਪੀ ਦੀ ਪੋਸਟ ਲਈ ਆਪਸੀ ਖੀਂਚਾਤਾਨ ਦਾ ਨੁਕਸਾਨ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ।
[caption id="attachment_559203" align="aligncenter" width="301"]
ਜਸਵੀਰ ਸਿੰਘ ਗੜ੍ਹੀ[/caption]
ਉਨ੍ਹਾਂ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਸੂਬਾ ਵਾਸੀਆਂ ਨੂੰ ਜਿਊਣ ਦਾ ਸੁਰੱਖਿਅਤ ਮਾਹੌਲ ਦੇਣ ਵਿੱਚ ਅਸਮਰਥ ਹੈ। ਗੜ੍ਹੀ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਮੰਗ ਕਰਦੇ ਹੋਏ ਕਿਹਾ ਕਿ ਬਲਾਸਟ ਦੇ ਪਿੱਛੇ ਕਿਹੜੀ ਏਜੰਸੀ ਜਾਂ ਗੈਂਗ ਹੈ, ਇਸ ਸਬੰਧੀ ਰਾਸ਼ਟਰੀ ਜਾਂਚ ਏਜੰਸੀ ਤੋਂ ਪੜਤਾਲ ਕਰਾਈ ਜਾਵੇ ਅਤੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਈ ਜਾਵੇ।
-PTC News