ਵਰਲਡ ਤਾਇਕਵਾਂਡੋ ਨੇ ਪੁਤਿਨ ਤੋਂ ਵਾਪਸ ਲਈ ਬਲੈਕ ਬੈਲਟ ਦੀ ਉਪਾਧੀ
ਚੰਡੀਗੜ੍ਹ : ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਰਾਸ਼ਟਰਪਤੀ ਵਾਲਦੀਮੀਰ ਪੁਤਿਨ ਦੀ ਪੂਰੇ ਵਿਸ਼ਵ ਵਿੱਚ ਨਿਖੇਧੀ ਹੋ ਰਹੀ ਹੈ। ਇਸ ਤਹਿਤ ਹੀ ਵਰਲਡ ਤਾਇਕਵਾਂਡੋ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਦਿੱਤੀ ਬਲੈਕ ਬੈਲਟ ਵਾਪਸ ਲੈ ਲਈ ਹੈ।
ਰੂਸ ਦੇ ਯੂਕਰੇਨ ਉਤੇ ਹਮਲੇ ਨੂੰ ਲੈ ਕੇ ਵਿਰੋਧ ਪ੍ਰਗਟਾਉਂਦਿਆਂ ਵਰਲਡ ਤਾਇਕਵਾਂਡੋ ਨੇ ਇਹ ਫੈਸਲਾ ਲਿਆ ਹੈ। ਵਰਲਡ ਤਾਇਕਵਾਂਡੋ ਨੇ ਰੂਸੀ ਫ਼ੌਜਾਂ ਦੇ ਯੂਕਰੇਨ ਉਤੇ ਹਮਲੇ ਦੀ ਸਖ਼ਤ ਨਿੰਦਾ ਕੀਤੀ ਤੇ ਇਸ ਨੂੰ ਵਿਸ਼ਵ ਸ਼ਾਂਤੀ ਲਈ ਗੰਭੀਰ ਸੰਕਟ ਦੱਸਿਆ। ਵਲਾਦੀਮੀਰ ਪੁਤਿਨ ਨੂੰ ਸਾਲ 2013 ਵਿੱਚ ਬਲੈਕ ਬੈਲਟ ਦੀ ਉਪਾਧੀ ਦਿੱਤੀ ਗਈ ਸੀ।
ਉਨ੍ਹਾਂ ਨੇ ਕਿਹਾ ਕਿ ਪੁਤਿਨ ਦਾ ਇਹ ਕਦਮ ਮਨੁੱਖਤਾ ਦੀ ਭਲਾਈ ਨਹੀਂ ਹੈ, ਬਲਕਿ ਅਸ਼ਾਂਤੀ ਅਤੇ ਹਿੰਸਾ ਨੂੰ ਉਤਸ਼ਾਹਤ ਕਰਦਾ ਹੈ। ਵਰਲਡ ਤਾਇਕਵਾਂਡੋ ਨੇ ਰੂਸ-ਯੂਕਰੇਨ ਜੰਗ ਨੂੰ ਲੈ ਕੇ ਜਾਰੀ ਕੀਤੇ ਬਿਆਨ ਵਿੱਚ ਕਿਹਾ ਹੈ ਕਿ ਵਿਸ਼ਵ ਤਾਇਕਵਾਂਡੋ ਯੂਕਰੇਨ ਉਤੇ ਰੂਸ ਦੇ ਹਮਲੇ ਦੀ ਸਖਤ ਨਿੰਦਾ ਕਰਦਾ ਹੈ। ਜਿਸ ਤਰ੍ਹਾਂ ਆਮ ਲੋਕਾਂ ਦੀ ਜਾਨ ਜਾ ਰਹੀ ਹੈ, ਉਹ ਬੇਰਹਿਮੀ ਹੈ ਅਤੇ ਪੂਰੇ ਵਿਸ਼ਵ ਲਈ ਖ਼ਤਰਨਾਕ ਹੈ।
ਵਿਸ਼ਵ ਤਾਇਕਵਾਂਡੋ ਦਾ ਉਦੇਸ਼ ਹਮੇਸ਼ਾ ਹੀ ਸ਼ਾਂਤੀ ਤੇ ਸਹਿਣਸ਼ੀਲਤਾ ਨੂੰ ਉਤਸ਼ਾਹਤ ਕਰਦੇ ਰਹਿਣਾ ਹੈ। ਵਿਸ਼ਵ ਤਾਇਕਵਾਂਡੋ ਨੂੰ ਲੱਗਦਾ ਹੈ ਕਿ ਜੋ ਯੂਕਰੇਨ ਵਿੱਚ ਹੋ ਰਿਹਾ ਹੈ, ਉਹ ਉਸ ਦੇ ਸਿਧਾਂਤਾਂ ਖਿਲਾਫ਼ ਹੈ। ਅਜਿਹੇ ਵਿਚ ਅਸੀਂ ਪੁਤਿਨ ਨੂੰ ਦਿੱਤੀ ਗਈ ਬਲੈਕ ਬੈਲਟ ਵਾਪਸ ਲੈਣ ਦਾ ਫੈਸਲਾ ਲਿਆ ਹੈ।
ਇਹ ਵੀ ਪੜ੍ਹੋ : ਮੋਦੀ ਵੱਲੋਂ ਯੂਕਰੇਨ 'ਚ ਗੋਲੀਬਾਰੀ ਦੌਰਾਨ ਮਾਰੇ ਗਏ ਨਵੀਨ ਦੇ ਪਰਿਵਾਰ ਨਾਲ ਗੱਲਬਾਤ