ਜ਼ੇਲੈਂਸਕੀ ਯੂਕਰੇਨ ਛੱਡ ਕੇ ਪੋਲੈਂਡ ਪੁੱਜੇ; ਰੂਸੀ ਮੀਡੀਆ ਦਾ ਦਾਅਵਾ
ਨਵੀਂ ਦਿੱਲੀ : ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜ ਗਏ ਹਨ, ਇਹ ਦਾਅਵਾ ਰੂਸੀ ਮੀਡੀਆ ਨੇ ਕੀਤਾ ਹੈ। ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਉਥੋਂ ਦੇ ਹਾਲਾਤ ਕਾਫੀ ਖ਼ਰਾਬ ਹੋ ਚੁੱਕੇ ਹਨ। ਰੂਸ ਨੇ ਯੂਕਰੇਨ ਦੇ ਕਈ ਸ਼ਹਿਰਾਂ ਉਤੇ ਕਬਜ਼ਾ ਕਰ ਲਿਆ ਹੈ ਅਤੇ ਕਈਆਂ ਨੂੰ ਤਬਾਹ ਕਰ ਦਿੱਤਾ ਹੈ।
ਰੂਸ ਨੇ ਸੈਂਕੜੇ ਯੂਕਰੇਨ ਦੇ ਫ਼ੌਜੀ ਮਾਰੇ ਜਾਣ ਦਾ ਦਾਅਵਾ ਕੀਤਾ ਹੈ। ਇਸ ਦੇ ਉਲਟ ਯੂਕਰੇਨ ਨੇ ਵੀ ਰੂਸ ਦੇ ਸੈਂਕੜੇ ਮਾਰੇ ਜਾਣ ਅਤੇ ਹਿਰਾਸਤ ਵਿੱਚ ਲਏ ਜਾਣ ਦਾ ਦਾਅਵਾ ਕੀਤਾ ਹੈ। ਇਸ ਵਿਚਕਾਰ ਰੂਸ ਨੇ ਪਰਮਾਣੂ ਹਥਿਆਰਾਂ ਦੀ ਵਰਤੋਂ ਦੀ ਵੀ ਚਿਤਾਵਨੀ ਦਿੱਤੀ ਸੀ। ਇਸ ਕਾਰਨ ਪੂਰੇ ਵਿਸ਼ਵ ਵਿੱਚ ਰੂਸ ਦੀ ਨਿਖੇਧੀ ਹੋ ਰਹੀ ਹੈ। ਨਾਟੋ ਦੇਸ਼, ਯੂਐਨ ਅਤੇ ਅਮਰੀਕਾ ਨੇ ਰੂਸ ਨੂੰ ਇਹ ਸਭ ਰੋਕਣ ਲਈ ਕਿਹਾ ਹੈ।
ਇਸ ਤੋਂ ਇਲਾਵਾ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਦੋ ਵਾਰ ਰੂਸ ਦੇ ਰਾਸ਼ਟਰਪਤੀ ਨਾਲ ਇਸ ਮਸਲੇ ਉਤੇ ਗੱਲਬਾਤ ਕਰ ਚੁੱਕੇ ਹਨ ਅਤੇ ਲੋਕਾਂ ਦੇ ਹੋ ਰਹੇ ਨੁਕਸਾਨ ਉਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਇਸ ਦਰਮਿਆਨ ਰੂਸ ਦੇ ਮੀਡੀਆ ਨੇ ਦਾਅਵਾ ਕੀਤਾ ਕਿ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਦੇਸ਼ ਛੱਡ ਕੇ ਪੋਲੈਂਡ ਪੁੱਜ ਗਏ ਹਨ।
ਇਸ ਤੋਂ ਪਹਿਲਾਂ ਜ਼ੇਲੈਂਸਕੀ ਨੇ ਦਾਅਵਾ ਕੀਤਾ ਸੀ ਕਿ ਉਹ ਦੇਸ਼ ਛੱਡ ਕੇ ਨਹੀਂ ਜਾਣਗੇ ਅਤੇ ਦੇਸ਼ ਵਾਸੀਆਂ ਦੀ ਸੁਰੱਖਿਆ ਲਈ ਹਮੇਸ਼ਾ ਅੜੇ ਰਹਿਣਗੇ। ਬੀਤੇ ਦਿਨੀਂ ਇਸ ਸਬੰਧੀ ਉਨ੍ਹਾਂ ਦੀ ਕਈ ਵੀਡੀਓ ਵੀ ਵਾਇਰਲ ਹੋ ਰਹੀਆਂ ਸਨ। ਜ਼ਿਕਰਯੋਗ ਹੈ ਕਿ ਰੂਸ ਵੱਲੋਂ ਯੂਕਰੇਨ ਉਤੇ ਕੀਤੇ ਗਏ ਹਮਲੇ ਕਾਰਨ ਪੂਰਾ ਵਿਸ਼ਵ ਦੋ ਹਿੱਸਿਆਂ ਵਿੱਚ ਵੰਡਿਆ ਗਿਆ ਹੈ ਅਤੇ ਕੁਝ ਦੇਸ਼ ਰੂਸ ਨੂੰ ਰੋਕਣ ਲਈ ਕਹਿ ਰਹੇ ਹਨ ਤੇ ਕੁਝ ਦੇਸ਼ ਰੂਸ ਦੀ ਪਿੱਠ ਉਤੇ ਹਨ।
ਇਹ ਵੀ ਪੜ੍ਹੋ : ਭਾਰਤੀ ਰੇਲਵੇ ਨੇ ਜਾਣਬੁੱਝ ਕੇ ਕਰਵਾਈ 2 ਟਰੇਨਾਂ ਦੀ ਟੱਕਰ, ਜਾਣੋ ਪੂਰੀ ਵਜਾ