Tue, May 21, 2024
Whatsapp

ਜੀ-20 ਸੰਮੇਲਨ ਲਈ ਪੁਖ਼ਤਾ ਇੰਤਜ਼ਾਮ ਸਮੇਂ 'ਤੇ ਯਕੀਨੀ ਬਣਾਉ: ਭਗਵੰਤ ਮਾਨ

Written by  Pardeep Singh -- January 16th 2023 06:15 PM
ਜੀ-20 ਸੰਮੇਲਨ ਲਈ ਪੁਖ਼ਤਾ ਇੰਤਜ਼ਾਮ ਸਮੇਂ 'ਤੇ ਯਕੀਨੀ ਬਣਾਉ: ਭਗਵੰਤ ਮਾਨ

ਜੀ-20 ਸੰਮੇਲਨ ਲਈ ਪੁਖ਼ਤਾ ਇੰਤਜ਼ਾਮ ਸਮੇਂ 'ਤੇ ਯਕੀਨੀ ਬਣਾਉ: ਭਗਵੰਤ ਮਾਨ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੋਮਵਾਰ ਨੂੰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮਾਰਚ ਤੇ ਜੂਨ ਮਹੀਨਿਆਂ ਵਿੱਚ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਹੋਣ ਵਾਲੇ ਜੀ-20 ਸੰਮੇਲਨ ਲਈ ਪੁਖ਼ਤਾ ਪ੍ਰਬੰਧ ਯਕੀਨੀ ਬਣਾਏ ਜਾਣ। 

ਇਸ ਵੱਡ-ਆਕਾਰੀ ਸਮਾਗਮ ਦੇ ਪ੍ਰਬੰਧਾਂ ਦੀ ਸਮੀਖਿਆ ਕਰਨ ਲਈ ਅੱਜ ਹੋਈ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਮੰਤਰੀ ਨੇ ਸਪੱਸ਼ਟ ਕੀਤਾ ਕਿ ਇਸ ਪ੍ਰੋਗਰਾਮ ਨੂੰ ਸਫ਼ਲ ਬਣਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਅਸੀਂ ਸਾਰੇ ਕਿਸਮਤ ਵਾਲੇ ਹਾਂ ਕਿ ਸੂਬੇ ਵਿੱਚ ਅਜਿਹਾ ਵੱਡ ਆਕਾਰੀ ਸਮਾਗਮ ਹੋ ਰਿਹਾ ਹੈ। ਭਗਵੰਤ ਮਾਨ ਨੇ ਉਮੀਦ ਪ੍ਰਗਟਾਈ ਕਿ ਸੂਬਾ ਸਰਕਾਰ ਪੰਜਾਬ ਵਿੱਚ ਜੀ-20 ਸੰਮੇਲਨ ਦੇ ਦੋ ਸੈਸ਼ਨ ਸਫ਼ਲਤਾ ਪੂਰਵਕ ਕਰਵਾ ਕੇ ਨਵੇਂ ਕੀਰਤੀਮਾਨ ਸਥਾਪਤ ਕਰੇਗੀ।


ਮੁੱਖ ਮੰਤਰੀ ਨੇ ਕਿਹਾ ਕਿ ਇਹ ਬੇਹੱਦ ਮਾਣ ਤੇ ਤਸੱਲੀ ਵਾਲੀ ਗੱਲ ਹੈ ਕਿ 15, 16 ਤੇ 17 ਮਾਰਚ ਨੂੰ ਸਿੱਖਿਆ ਅਤੇ 22 ਤੇ 23 ਜੂਨ ਨੂੰ ਕਿਰਤ ਦੇ ਮੁੱਦੇ ਉਤੇ ਦੋ ਸੈਸ਼ਨ ਪੰਜਾਬ ਵਿੱਚ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਆਪਣੀ ਨਿੱਘੀ ਮਹਿਮਾਨ ਨਿਵਾਜ਼ੀ ਲਈ ਦੁਨੀਆ ਭਰ ਵਿੱਚ ਜਾਣਿਆ-ਜਾਂਦਾ ਹੈ ਅਤੇ ਅਧਿਕਾਰੀ ਇਹ ਗੱਲ ਯਕੀਨੀ ਬਣਾਉਣ ਕਿ ਇਸ ਸੰਮੇਲਨ ਲਈ ਵਿਦੇਸ਼ਾਂ ਤੋਂ ਆਉਣ ਵਾਲੇ ਮਹਿਮਾਨਾਂ ਦੇ ਸਵਾਗਤ ਲਈ ਵਿਆਪਕ ਪ੍ਰਬੰਧ ਯਕੀਨੀ ਬਣਾਏ ਜਾਣ।

ਭਗਵੰਤ ਮਾਨ ਨੇ ਕਿਹਾ ਕਿ ਇਹ ਦੋ ਸੈਸ਼ਨ ਪਵਿੱਤਰ ਨਗਰੀ ਅੰਮ੍ਰਿਤਸਰ ਵਿੱਚ ਹੋ ਰਹੇ ਹਨ, ਜਿੱਥੇ ਰੋਜ਼ਾਨਾ ਲੱਖਾਂ ਸ਼ਰਧਾਲੂ ਸ੍ਰੀ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰ ਵਿੱਚ ਅਕੀਦਤ ਭੇਟ ਕਰਨ ਅਤੇ ਜਲ੍ਹਿਆਵਾਲਾ ਬਾਗ਼ ਤੇ ਹੋਰ ਥਾਵਾਂ ਉਤੇ ਹਾਜ਼ਰੀ ਭਰਨ ਆਉਂਦੇ ਹਨ।

ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ ਇਹ ਸੰਮੇਲਨ ਪੰਜਾਬ ਨੂੰ ਵਪਾਰ ਪੱਖੋਂ ਸਭ ਤੋਂ ਤਰਜੀਹੀ ਸਥਾਨ ਵਜੋਂ ਵਿਸ਼ਵ ਭਰ ਵਿੱਚ ਉਭਾਰੇਗਾ ਅਤੇ ਇਸ ਨਾਲ ਸਰਕਾਰ ਨੂੰ ਨਵੇਂ ਕਾਰੋਬਾਰਾਂ ਲਈ ਦਿੱਤੀਆਂ ਜਾ ਰਹੀਆਂ ਸਹੂਲਤਾਂ ਤੇ ਹਾਸਲ ਉਪਲਬਧੀਆਂ ਬਾਰੇ ਦੱਸਣ ਦਾ ਮੌਕਾ ਵੀ ਮਿਲੇਗਾ। ਉਨ੍ਹਾਂ ਕਿਹਾ ਕਿ ਇਹ ਸੁਨਹਿਰੀ ਮੌਕਾ ਹੈ, ਜਦੋਂ ਪੰਜਾਬ ਨੂੰ ਬਿਹਤਰੀਨ ਮੌਕਿਆਂ ਵਾਲੀ ਧਰਤੀ ਵਜੋਂ ਦਰਸਾਇਆ ਜਾ ਸਕਦਾ ਹੈ ਅਤੇ ਨੌਜਵਾਨਾਂ ਲਈ ਰੋਜ਼ਗਾਰ ਦੇ ਨਵੇਂ ਮੌਕੇ ਪੈਦਾ ਕਰਨ ਲਈ ਵੱਧ ਤੋਂ ਵੱਧ ਨਿਵੇਸ਼ ਖਿੱਚਿਆ ਜਾ ਸਕਦਾ ਹੈ। ਭਗਵੰਤ ਮਾਨ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਇਸ ਆਲਮੀ ਸਮਾਗਮ ਦੀ ਸਫ਼ਲਤਾ ਲਈ ਪ੍ਰਬੰਧਾਂ ਵਿੱਚ ਕੋਈ ਕਮੀ ਨਾ ਰਹਿਣ ਦੇਣ।

ਅੰਮ੍ਰਿਤਸਰ ਵਿੱਚ ਬੁਨਿਆਦੀ ਢਾਂਚੇ ਦੇ ਸੁਧਾਰ ਲਈ ਕੀਤੇ ਜਾਣ ਵਾਲੇ ਕੰਮਾਂ ਦੀ ਜਾਣਕਾਰੀ ਲੈਂਦਿਆਂ ਮੁੱਖ ਮੰਤਰੀ ਨੇ ਅਧਿਕਾਰੀਆਂ ਨੂੰ ਕਿਹਾ ਕਿ ਇਹ ਕੰਮ ਸਮਾਂਬੱਧ ਤਰੀਕੇ ਨਾਲ ਮੁਕੰਮਲ ਕੀਤੇ ਜਾਣ। ਉਨ੍ਹਾਂ ਕਿਹਾ ਕਿ ਜੋ ਵੀ ਕੰਮ ਕੀਤਾ ਜਾਵੇ, ਉਹ ਉੱਚ ਮਿਆਰ ਦਾ ਹੋਵੇ। ਭਗਵੰਤ ਮਾਨ ਨੇ ਕਿਹਾ ਕਿ ਬੁਨਿਆਦੀ ਢਾਂਚੇ ਦਾ ਨਵੀਨੀਕਰਨ ਤੇ ਵਿਕਾਸ ਸ਼ਹਿਰ ਵਾਸੀਆਂ ਲਈ ਲੰਮੇ ਸਮੇਂ ਤੱਕ ਲਾਭਦਾਇਕ ਰਹੇਗਾ।

ਇਸ ਮੌਕੇ ਕੈਬਨਿਟ ਮੰਤਰੀ ਡਾ. ਇੰਦਰਬੀਰ ਸਿੰਘ, ਕੁਲਦੀਪ ਸਿੰਘ ਧਾਲੀਵਾਲ ਅਤੇ ਹਰਭਜਨ ਸਿੰਘ ਈ.ਟੀ.ਓ., ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ, ਡੀ.ਜੀ.ਪੀ. ਗੌਰਵ ਯਾਦਵ ਤੇ ਹੋਰ ਅਧਿਕਾਰੀ ਹਾਜ਼ਰ ਸਨ।

- PTC NEWS

Top News view more...

Latest News view more...

LIVE CHANNELS
LIVE CHANNELS