CAPFs ਕਾਂਸਟੇਬਲ ਦੀ ਭਰਤੀ ਪ੍ਰੀਖਿਆ ਹੁਣ ਪੰਜਾਬੀ ਵਿੱਚ ਵੀ, ਜਾਣੋਂ ਹੋਰ ਕਿਹੜੀ ਭਾਸ਼ਾ ਸ਼ਾਮਲ ਹੋਈ
Punjab News: ਭਾਰਤੀ ਜਨਤਾ ਪਾਰਟੀ ਦੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਭਾਰਤ ਸਰਕਾਰ ਦੇ ਗ੍ਰਹਿ ਮੰਤਰਾਲੇ ਵੱਲੋਂ ਸੀ.ਏ.ਪੀ.ਐਫ.ਐਸ. ਲਈ ਕਾਂਸਟੇਬਲ ਦੀ ਪ੍ਰੀਖਿਆ ਪੰਜਾਬੀ ਭਾਸ਼ਾ ਵਿੱਚ ਕਰਵਾਉਣ ਲਈ ਦਿੱਤੀ ਗਈ ਸਹੂਲਤ 'ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਪੰਜਾਬੀ ਭਾਸ਼ਾ ਨੂੰ ਮਾਣ-ਸਨਮਾਨ ਮਿਲਿਆ ਹੈ। ਇਸ ਦੇ ਲਈ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਧੰਨਵਾਦ ਕੀਤਾ ਗਿਆ ਹੈ।
ਚੁੱਘ ਨੇ ਕਿਹਾ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਪਹਿਲਕਦਮੀ ’ਤੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਦੀ ਭਾਜਪਾ ਸਰਕਾਰ ਨੇ ਇਤਿਹਾਸਕ ਫੈਸਲਾ ਲਿਆ ਹੈ। ਇਸ ਤਹਿਤ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ 13 ਭਾਰਤੀ ਭਾਸ਼ਾਵਾਂ ਵਿੱਚ ਪ੍ਰੀਖਿਆ ਦੇਣ ਦੀ ਸਹੂਲਤ ਦਿੱਤੀ ਗਈ ਹੈ।
ਹੁਣ CRPF ਭਰਤੀ ਪ੍ਰੀਖਿਆ ਵਿੱਚ ਪ੍ਰਸ਼ਨ ਪੱਤਰ ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਅਸਾਮੀ, ਬੰਗਾਲੀ, ਗੁਜਰਾਤੀ, ਮਰਾਠੀ, ਮਲਿਆਲਮ, ਕੰਨੜ, ਤਾਮਿਲ, ਤੇਲਗੂ, ਉੜੀਆ, ਉਰਦੂ, ਪੰਜਾਬੀ, ਮਨੀਪੁਰੀ ਅਤੇ ਕੋਂਕਣੀ ਵਿੱਚ ਤਿਆਰ ਕੀਤੇ ਜਾਣਗੇ।
ਇਸ ਨਾਲ ਸਥਾਨਕ ਨੌਜਵਾਨਾਂ ਨੂੰ ਮੌਕੇ ਮਿਲਣਗੇ ਅਤੇ ਭਾਰਤੀ ਭਾਸ਼ਾਵਾਂ ਨੂੰ ਵੀ ਉਤਸ਼ਾਹਿਤ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਹੈ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਭਾਰਤੀ ਭਾਸ਼ਾਵਾਂ ਦੀ ਸੁਰੱਖਿਆ ਅਤੇ ਪ੍ਰਚਾਰ ਲਈ ਬਹੁਤ ਗੰਭੀਰ ਹਨ। ਇਸ ਦੇ ਨਤੀਜੇ ਵਜੋਂ ਭਾਰਤੀ ਭਾਸ਼ਾਵਾਂ ਵਿੱਚ ਮੈਡੀਕਲ ਅਤੇ ਇੰਜਨੀਅਰਿੰਗ ਦੀ ਪੜ੍ਹਾਈ ਕਰਨ ਦਾ ਮੌਕਾ ਹੈ। ਇਸ ਕਾਰਨ ਪੇਂਡੂ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ।
- PTC NEWS