ਯੂਏਈ ਦੇ ਰਾਸ਼ਟਰਪਤੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਦਾ ਦੇਹਾਂਤ, 40 ਦਿਨ ਦੇ ਸੋਗ ਦਾ ਐਲਾਨ
ਦੁਬਈ : ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਤੇ ਅਬੂਧਾਬੀ ਦੇ ਸ਼ਾਸਕ ਸ਼ੇਖ ਖ਼ਲੀਫ਼ਾ ਬਿਨ ਜਾਏਦ ਅਲ ਨਾਹਯਾਨ ਦਾ ਦੇਹਾਂਤ ਹੋ ਗਿਆ। ਉਹ 73 ਸਾਲ ਦੇ ਸਨ। ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਨੇ ਸ਼ੋਕ ਪ੍ਰਗਟ ਕਰਦੇ ਹੋਏ ਕਿਹਾ ਕਿ ਅਰਬ, ਇਸਲਾਮਿਕ ਦੇਸ਼ਾਂ ਸਮੇਤ ਦੁਨੀਆ ਦੀਆਂ ਮਸ਼ਹੂਰ ਹਸਤੀਆਂ ਨੇ ਸ਼ੇਖ ਖ਼ਲੀਫ਼ਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਇਦ ਦੇ ਦੇਹਾਂਤ 'ਤੇ ਦੁੱਖ ਪ੍ਰਗਟ ਕਰਦੇ ਹੋਏ ਉਨ੍ਹਾਂ ਨੂੰ ਇੱਕ ਮਹਾਨ ਰਾਜਨੇਤਾ ਅਤੇ ਦੂਰਦਰਸ਼ੀ ਨੇਤਾ ਕਿਹਾ, ਜਿਸ ਦੇ ਅਧੀਨ ਭਾਰਤ-ਯੂਏਈ ਸਬੰਧਾਂ ਵਿੱਚ ਤਰੱਕੀ ਹੋਈ।
ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਯਾਨ ਨੇ 3 ਨਵੰਬਰ, 2004 ਤੋਂ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਤੇ ਅਬੂ ਧਾਬੀ ਦੇ ਸ਼ਾਸਕ ਵਜੋਂ ਸੇਵਾ ਕੀਤੀ ਸੀ। ਰਾਸ਼ਟਰਪਤੀ ਮਾਮਲਿਆਂ ਦੇ ਮੰਤਰਾਲੇ ਨੇ ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜਾਏਦ ਅਲ ਨਾਹਯਾਨ ਦੀ ਮੌਤ ਉਤੇ ਦੇਸ਼ 'ਚ 40 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ।
ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਸ ਸਮੇਂ ਦੌਰਾਨ ਝੰਡਾ ਅੱਧਾ ਝੁਕਿਆ ਰਹੇਗਾ ਅਤੇ ਮੰਤਰਾਲੇ, ਵਿਭਾਗ, ਸੰਘੀ ਅਤੇ ਸਥਾਨਕ ਸੰਸਥਾਵਾਂ ਕੰਮ ਬੰਦ ਕਰ ਦੇਣਗੇ। ਸ਼ੇਖ ਖ਼ਲੀਫ਼ਾ ਬਿਨ ਜ਼ਾਯਦ ਅਲ ਨਾਹਯਾਨ ਨੂੰ ਉਸਦੇ ਪਿਤਾ, ਮਰਹੂਮ ਹਾਈਨੈਸ ਸ਼ੇਖ ਜ਼ੈਦ ਬਿਨ ਸੁਲਤਾਨ ਅਲ ਨਾਹਯਾਨ ਦੇ ਉੱਤਰਾਧਿਕਾਰੀ ਲਈ ਚੁਣਿਆ ਗਿਆ ਸੀ। ਸ਼ੇਖ ਜ਼ਾਇਦ ਬਿਨ ਸੁਲਤਾਨ ਨੇ 1971 ਵਿੱਚ ਯੂਨੀਅਨ ਦੇ ਗਠਨ ਤੋਂ ਬਾਅਦ, 2 ਨਵੰਬਰ 2004 ਤੱਕ ਯੂਏਈ ਦੇ ਪਹਿਲੇ ਰਾਸ਼ਟਰਪਤੀ ਵਜੋਂ ਸੇਵਾ ਕੀਤੀ।
1948 ਵਿੱਚ ਜਨਮੇ, ਸ਼ੇਖ ਖਲੀਫਾ (ਅਬੂ ਧਾਬੀ ਸ਼ੇਖ ਖ਼ਲੀਫ਼ਾ ਬਿਨ ਜ਼ਾਇਦ ਅਲ ਨਾਹਯਾਨ) ਯੂਏਈ ਦੇ ਦੂਜੇ ਰਾਸ਼ਟਰਪਤੀ ਅਤੇ ਅਬੂ ਧਾਬੀ ਦੀ ਅਮੀਰਾਤ ਦੇ 16ਵੇਂ ਸ਼ਾਸਕ ਸਨ। ਉਹ ਸ਼ੇਖ ਜਾਏਦ ਬਿਨ ਸੁਲਤਾਨ ਅਲ ਨਾਹਯਾਨ ਦਾ ਸਭ ਤੋਂ ਵੱਡਾ ਪੁੱਤਰ ਸੀ। ਸੰਯੁਕਤ ਅਰਬ ਅਮੀਰਾਤ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ, ਸ਼ੇਖ ਖਲੀਫਾ ਨੇ ਸੰਘੀ ਸਰਕਾਰ ਅਤੇ ਅਬੂ ਧਾਬੀ ਦੀ ਸਰਕਾਰ ਦੋਵਾਂ ਦੇ ਪੁਨਰਗਠਨ ਦੀ ਪ੍ਰਧਾਨਗੀ ਕੀਤੀ ਹੈ। ਜਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਸ਼ੇਖ ਖਲੀਫਾ ਦੇ ਸ਼ਾਸਨਕਾਲ ਦੌਰਾਨ ਯੂਏਈ ਨੇ ਤੇਜ਼ੀ ਨਾਲ ਵਿਕਾਸ ਕੀਤਾ। ਭਾਰਤ ਵਿੱਚ ਇਕ ਦਿਨ ਦਾ ਸੋਗ ਜ਼ਾਹਿਰ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਭਾਖੜਾ ਨਹਿਰ 'ਚ ਨਹਾਉਂਦੇ ਹੋਏ ਦੋ ਮੁੰਡੇ ਰੁੜੇ