ਖੇਤੀਬਾੜੀ

ਕਾਂਗਰਸ ਸਰਕਾਰ ਨਰਮੇ ਦੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇ: ਅਕਾਲੀ ਦਲ

By Joshi -- August 12, 2017 5:08 pm -- Updated:Feb 15, 2021

Akali Dal : ਕਾਂਗਰਸ ਸਰਕਾਰ ਨਰਮੇ ਦੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇ

ਮਹੇਸ਼ਇੰਦਰ ਗਰੇਵਾਲ ਨੇ ਕਿਹਾ ਕਿ ਅਫਸੋਸ ਦੀ ਗੱਲ ਹੈ ਕਿ ਮੁੱਖ ਮੰਤਰੀ ਨੇ ਫਸਲੀ ਨੁਕਸਾਨ ਦੇ ਦਾਅਵਿਆਂ ਉੱਤੇ ਸ਼ੱਕ ਕਰਕੇ ਕਿਸਾਨਾਂ ਦਾ ਅਪਮਾਨ ਕੀਤਾ ਹੈ।

ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਕੋਲੋਂ ਮਾਲਵੇ ਦੇ ਉਹਨਾਂ ਕਿਸਾਨਾਂ ਲਈ ਢੁੱਕਵੇਂ ਮੁਆਵਜ਼ੇ ਦੀ ਮੰਗ ਕੀਤੀ ਹੈ, ਜਿਹਨਾਂ ਦੀਆਂ ਫਸਲਾਂ ਚਿੱਟੀ ਮੱਖੀ ਦੇ ਹਮਲੇ ਨਾਲ ਤਬਾਹ ਹੋ ਗਈਆਂ ਹਨ। ਇਸ ਦੇ ਨਾਲ ਹੀ ਸਰਕਾਰ ਨੂੰ ਫਸਲੀ ਨੁਕਸਾਨ ਦੇ ਦਾਅਵਿਆਂ ਉੱਤੇ ਸ਼ੱਕ ਕਰਕੇ ਕਿਸਾਨਾਂ ਦਾ ਅਪਮਾਨ ਕਰਨ ਤੋਂ ਵੀ ਵਰਜਿਆ ਹੈ।

ਇਸ ਬਾਰੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਤਰਜਮਾਨ ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਖੁਲਾਸਾ ਕੀਤਾ ਕਿ ਕਾਂਗਰਸ ਸਰਕਾਰ ਵੱਲੋਂ ਕਰਜ਼ਾ ਮੁਆਫੀ ਦਾ ਵਾਅਦਾ ਪੂਰਾ ਨਾ ਕੀਤੇ ਜਾਣ ਕਰਕੇ ਕਿਸਾਨ ਪਹਿਲਾਂ ਹੀ ਭਾਰੀ ਤਣਾਅ ਹੇਠ ਹਨ। ਹੁਣ ਮਾਲਵੇ ਵਿਚ ਉਹਨਾਂ ਨੂੰ ਚਿੱਟੀ ਮੱਖੀ ਦੇ ਹਮਲੇ ਦੀ ਗੰਭੀਰ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿੰਨੇ ਦੁੱਖ ਦੀ ਗੱਲ ਹੈ ਕਿ ਪੀੜਤ ਕਿਸਾਨਾਂ ਲਈ ਤੁਰੰਤ ਵਿੱਤੀ ਰਾਹਤ ਦਾ ਐਲਾਨ ਕਰਕੇ ਉਹਨਾਂ ਨਾਲ ਹਮਦਰਦੀ ਜਤਾਉਣ ਦੀ ਥਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਇਹ ਕਹਿੰਦਿਆਂ ਕੋਈ ਰਾਹਤ ਦੇਣ ਤੋਂ ਇਨਕਾਰ ਕਰ ਦਿੱਤਾ ਹੈ ਕਿ ਕਿਸਾਨਾਂ ਦਾ ਬਹੁਤ ਹੀ ਘੱਟ ਨੁਕਸਾਨ ਹੋਇਆ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿੰਨਾ ਗਲਤ ਬਿਆਨ ਦਿੱਤਾ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲੱਗਦਾ ਹੈ ਕਿ ਕਿਸਾਨਾਂ ਨੇ ਮਾਨਸਾ ਦੇ ਸਾਹਨੇਵਾਲੀ ਪਿੰਡ ਵਿਚ ਮੁੱਖ ਮੰਤਰੀ ਦੀ ਹਾਜ਼ਰੀ ਵਿਚ ਹੀ ਆਪਣੀ ਨਰਮੇ ਦੀ ਫਸਲ ਉਖਾੜ ਸੁੱਟੀ। ਉਹਨਾਂ ਕਿਹਾ ਕਿ ਕਿਸਾਨਾਂ ਨੇ ਮੁੱਖ ਮੰਤਰੀ ਅਤੇ ਪੰਜਾਬ ਸਰਕਾਰ ਖਿਲਾਫ ਅਜਿਹਾ ਬੇਰੁਖੀ ਭਰਿਆ ਵਤੀਰਾ ਅਪਣਾਉਣ ਲਈ ਨਾਅਰੇਬਾਜ਼ੀ ਵੀ ਕੀਤੀ। ਇਹ ਬਹੁਤ ਹੀ ਮੰਦਭਾਗੀ ਘਟਨਾ ਹੈ। ਸੂਬੇ ਦੇ ਮੁਖੀ ਕੋਲੋਂ ਅਜਿਹੇ ਹਾਲਾਤਾਂ ਵਿਚ ਆਪਣੇ ਨਾਗਰਿਕਾਂ ਨੂੰ ਰਾਹਤ ਪ੍ਰਦਾਨ ਕਰਨ ਦੀ ਆਸ ਰੱਖੀ ਜਾਂਦੀ ਹੈ। ਉਸ ਨੂੰ ਲੋਕਾਂ ਦੇ ਦੁੱਖਾਂ ਦਾ ਮਜ਼ਾਕ ਨਹੀਂ ਉਡਾਉਣਾ ਚਾਹੀਦਾ।
Akali Dal : ਕਾਂਗਰਸ ਸਰਕਾਰ ਨਰਮੇ ਦੇ ਨੁਕਸਾਨ ਲਈ ਕਿਸਾਨਾਂ ਨੂੰ ਮੁਆਵਜ਼ਾ ਦੇਵੇਸਰਦਾਰ ਗਰੇਵਾਲ ਨੇ ਕੱਲ੍ਹ ਮੁੱਖ ਮੰਤਰੀ ਨਾਲ ਮਾਨਸਾ ਦਾ ਦੌਰਾ ਕਰਨ ਵਾਲੇ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਨੂੰ ਕਿਹਾ ਕਿ ਉਹ ਕਿਸਾਨਾਂ ਨੂੰ ਮੁਆਵਜ਼ਾ ਦਿਵਾਉੁਣ। ਅਜਿਹੀ ਬੇਨਤੀ ਤੁਹਾਡੇ ਅੱਗੇ ਇਸ ਲਈ ਕੀਤੀ ਜਾ ਰਹੀ ਹੈ, ਕਿਉਂਕਿ ਤੁਸੀਂ ਮੁੱਖ ਮੰਤਰੀ ਨੂੰ ਫਸਲੀ ਨੁਕਸਾਨ ਦਿਖਾਉਣ ਲਈ ਲੈ ਕੇ ਗਏ ਸੀ। ਤੁਸੀਂ ਕਿਸਾਨਾਂ ਲਈ ਉੱਚਿਤ ਮੁਆਵਜ਼ੇ ਲਈ ਸਭ ਤੋਂ ਵੱਧ ਆਵਾਜ਼ ਬੁਲੰਦ ਕਰਦੇ ਰਹੇ ਹੋ। ਅਕਾਲੀ-ਭਾਜਪਾ ਸਰਕਾਰ ਦੌਰਾਨ 2015 ਵਿਚ ਚਿੱਟੀ ਮੱਖੀ ਦੇ ਹਮਲੇ ਲਈ ਕਿਸਾਨਾਂ ਨੂੰ ਦਿੱਤੀ 8000 ਰੁਪਏ ਪ੍ਰਤੀ ਏਕੜ ਅਤੇ ਕੁੱਲ 644 ਕਰੋੜ ਰੁਪਏ ਦੀ ਰਾਹਤ ਤੁਸੀਂ ਰੱਦ ਕਰ ਦਿੱਤੀ ਸੀ। ਤੁਸੀਂ ਕਿਹਾ ਸੀ ਕਿ ਇਹ ਮੁਆਵਜ਼ਾ ਘੱਟੋ ਘੱਟ 40 ਹਜ਼ਾਰ ਰੁਪਏ ਪ੍ਰਤੀ ਏਕੜ ਹੋਣਾ ਚਾਹੀਦਾ ਹੈ। ਕਿਰਪਾ ਕਰਕੇ ਆਪਣੀ ਉਸੇ ਮੰਗ ਨੂੰ ਤੁਰੰਤ ਲਾਗੂ ਕਰੋ ਅਤੇ ਪੀੜਤ ਕਿਸਾਨਾਂ ਦੇ ਜ਼ਖਮਾਂ ਉੱਤੇ ਫੰਬਾ ਰੱਖੋ।

ਇਸ ਸੰਬੰਧੀ ਹੋਰ ਚੁੱਕੇ ਜਾ ਸਕਣ ਵਾਲੇ ਕਦਮਾਂ ਬਾਰੇ ਬੋਲਦਿਆਂ ਅਕਾਲੀ ਆਗੂ ਨੇ ਕਿਹਾ ਕਿ ਨਕਲੀ ਕੀਟਨਾਸ਼ਕਾਂ ਦੀ ਵਿਕਰੀ ਬਾਰੇ ਜਾਂਚ ਕਰਨ ਲਈ ਅਜੇ ਤੀਕ ਕੋਈ ਐਸਆਈਟੀ ਨਹੀਂ ਬਣਾਈ ਗਈ। ਨਾ ਹੀ ਨਕਲੀ ਬੀਟੀ ਕਾਟਨ ਦੇ ਬੀਜ ਫੜੇ ਗਏ ਹਨ। ਇਸ ਤੋਂ ਇਹੀ ਲੱਗਦਾ ਹੈ ਕਿ ਸੂਬਾਈ ਏਜੰਸੀਆਂ ਅਜੇ ਤੀਕ ਇਸ ਮਸਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀਆਂ ਹਨ।
ਸਰਦਾਰ ਗਰੇਵਾਲ ਨੇ ਇਹ ਵੀ ਪੁੱਛਿਆ ਕਿ ਉਹਨਾਂ ਖੇਤੀਬਾੜੀ ਅਧਿਕਾਰੀਆਂ ਖ਼ਿਲਾਫ ਕੀ ਕਾਰਵਾਈ ਕੀਤੀ ਗਈ ਹੈ, ਜਿਹੜੇ ਇਸ ਸਮੱਸਿਆ ਬਾਰੇ ਅੱਖਾਂ ਮੁੰਦੀ ਬੈਠੇ ਸਨ। ਉਹਨਾਂ ਕਿਹਾ ਕਿ ਲੰਘੇ ਸੀਜ਼ਨ ਵਿਚ ਠੀਕ ਠਾਕ ਸਰਦੀ ਪਈ ਸੀ, ਜਿਸ ਕਰਕੇ ਜ਼ਮੀਨ ਉੱਤੇ ਬਰਫ ਦੀ ਅਜਿਹੀ ਕੋਈ ਤਹਿ ਨਹੀਂ ਸੀ ਜੰਮੀ ਜਿਹੜੀ ਚਿੱਟੀ ਮੱਖੀ ਦੇ ਵਾਇਰਸ ਨੂੰ ਮੁੜ ਤੋਂ ਪਨਪਣ ਵਿਚ ਸਹਾਈ ਹੁੰਦੀ। ਇਹ ਜਾਣਦਿਆਂ ਕਿ ਚਿੱਟੀ ਮੱਖੀ ਦੁਬਾਰਾ ਹਮਲਾ ਕਰ ਸਕਦੀ ਹੈ, ਖੇਤੀਬਾੜੀ ਵਿਭਾਗ ਵੱਲੋ ਇਸ ਦੀ ਰੋਕਥਾਮ ਲਈ ਪੁਖਤਾ ਇੰਤਜ਼ਾਮ ਕੀਤੇ ਜਾਣੇ ਚਾਹੀਦੇ ਸਨ।

ਕਾਂਗਰਸ ਸਰਕਾਰ ਨੂੰ ਫੋਟੋ-ਸੈਸ਼ਨ ਕਰਵਾਉਣ ਦੀ ਥਾਂ ਠੋਸ ਕੰਮ ਕਰਨ ਲਈ ਤਾਕੀਦ ਕਰਦਿਆਂ ਅਕਾਲੀ ਆਗੂ ਨੇ ਕਿਹਾ ਕਿ ਕਿਰਪਾ ਕਰਕੇ ਫਸਲਾਂ ਉਖਾੜ ਸੁੱਟਣ ਵਾਲੇ ਕਿਸਾਨਾਂ ਨੂੰ ਤੁਰੰਤ ਉਸੇ ਤਰ੍ਹਾਂ ਰਾਹਤ ਪ੍ਰਦਾਨ ਕਰੋ , ਜਿਵੇਂ ਅਕਾਲੀ ਭਾਜਪਾ ਸਰਕਾਰ ਨੇ ਗਿਰਦਵਾਰੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਵੀ ਪਹਿਲਾਂ ਅਜਿਹੇ ਕਿਸਾਨਾਂ ਨੂੰ ਮੁਆਵਜ਼ਾ ਦੇ ਕੇ ਉਹਨਾਂ ਦੀ ਮੱਦਦ ਕੀਤੀ ਸੀ। ਇਸ ਤੋਂ ਇਲਾਵਾ ਗਿਰਦਵਾਰੀ ਕਰਵਾ ਕੇ ਸਾਰੇ ਨੁਕਸਾਨ ਦਾ ਜਾਇਜ਼ਾ ਲਓ ਅਤੇ ਉਸ ਮੁਤਾਬਿਕ ਵੱਡਾ ਰਾਹਤ ਪੈਕਜ ਜਾਰੀ ਕਰੋ।

—PTC News

  • Share