ਆਕਸਫੈਮ ਦੀ ਰਿਪੋਰਟ 'ਚ ਹੈਰਾਨ ਕਰਦਾ ਖੁਲਾਸਾ, ਦੁਨੀਆ ’ਚ ਹਰ ਮਿੰਟ ਭੁੱਖ ਨਾਲ ਮਰਦੇ ਹਨ 11 ਲੋਕ

By  Baljit Singh July 9th 2021 04:44 PM

ਨਵੀਂ ਦਿੱਲੀ: ਗਰੀਬੀ ਦੇ ਖਾਤਮੇ ਲਈ ਕੰਮ ਕਰਨ ਵਾਲੇ ਸੰਗਠਨ ‘ਆਕਸਫੈਮ’ ਨੇ ਕਿਹਾ ਹੈ ਕਿ ਦੁਨੀਆ ਭਰ ’ਚ ਭੁੱਖਮਰੀ ਕਾਰਨ ਹਰ ਇਕ ਮਿੰਟ ’ਚ 11 ਲੋਕਾਂ ਦੀ ਮੌਤ ਹੁੰਦੀ ਹੈ ਤੇ ਬੀਤੇ ਇਕ ਸਾਲ ’ਚ ਪੂਰੀ ਦੁਨੀਆ ਵਿਚ ਅਕਾਲ ਵਰਗੇ ਹਾਲਾਤ ਦਾ ਸਾਹਮਣਾ ਕਰਨ ਵਾਲੇ ਲੋਕਾਂ ਦੀ ਗਿਣਤੀ ਛੇ ਗੁਣਾ ਵਧ ਗਈ ਹੈ।

ਪੜੋ ਹੋਰ ਖਬਰਾਂ: 6ਵੇਂ ਪੇਅ ਕਮਿਸ਼ਨ ਖਿਲਾਫ ਸਰਕਾਰੀ ਮੁਲਾਜ਼ਮਾਂ ਦਾ ਜਲੰਧਰ ਬੱਸ ਸਟੈਂਡ ‘ਚ ਧਰਨਾ, ਦਿੱਤਾ ਅਲਟੀਮੇਟਮ

ਆਕਸਫੈਮ ਨੇ ‘ਦਿ ਹੰਗਰ ਵਾਇਰਸ ਮਲਟੀਪਲਾਈਜ਼’ ਨਾਂ ਦੀ ਰਿਪੋਰਟ ’ਚ ਕਿਹਾ ਕਿ ਭੁੱਖਮਰੀ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਕੋਰੋਨਾ ਕਾਰਨ ਮਰਨ ਵਾਲੇ ਲੋਕਾਂ ਦੀ ਗਿਣਤੀ ਤੋਂ ਕਿਤੇ ਜ਼ਿਆਦਾ ਹੋ ਗਈ ਹੈ। ਕੋਰੋਨਾ ਕਾਰਨ ਦੁਨੀਆ ’ਚ ਹਰ ਇਕ ਮਿੰਟ ’ਚ ਤਕਰੀਬਨ 7 ਲੋਕਾਂ ਦੀ ਜਾਨ ਜਾਂਦੀ ਹੈ। ਆਕਸਫੈਮ ਅਮਰੀਕਾ ਦੇ ਪ੍ਰਧਾਨ ਤੇ ਸੀ. ਈ. ਓ. ਐਬੀ ਮੈਕਸਮੈਨ ਨੇ ਕਿਹਾ ਕਿ ਅੰਕੜੇ ਹੈਰਾਨ ਕਰਨ ਵਾਲੇ ਹਨ ਪਰ ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਅੰਕੜੇ ਉਨ੍ਹਾਂ ਲੋਕਾਂ ਤੋਂ ਬਣੇ ਹਨ, ਜੋ ਨਾ-ਕਲਪਨਾਯੋਗ ਪੀੜਾ ’ਚੋਂ ਲੰਘ ਰਹੇ ਹਨ।

ਪੜੋ ਹੋਰ ਖਬਰਾਂ: 'ਅਜੇ ਟਲਿਆ ਨਹੀਂ ਹੈ ਕੋਰੋਨਾ ਦਾ ਸੰਕਟ', PM ਮੋਦੀ ਨੇ ਦਿੱਤੀ ਚਿਤਾਵਨੀ

ਰਿਪੋਰਟ ’ਚ ਕਿਹਾ ਗਿਆ ਕਿ ਦੁਨੀਆ ’ਚ ਤਕਰੀਬਨ 15.5 ਕਰੋੜ ਲੋਕ ਖਾਧ ਅਸੁਰੱਖਿਆ ਦੇ ਭਿਆਨਕ ਸੰਕਟ ਦਾ ਸਾਹਮਣਾ ਕਰ ਰਹੇ ਹਨ ਤੇ ਇਹ ਅੰਕੜਾ ਪਿਛਲੇ ਸਾਲ ਦੇ ਅੰਕੜਿਆਂ ਦੀ ਤੁਲਨਾ ’ਚ ਦੋ ਕਰੋੜ ਵੱਧ ਹੈ। ਇਨ੍ਹਾਂ ’ਚੋਂ ਤਕਰੀਬਨ ਦੋ-ਤਿਹਾਈ ਲੋਕ ਭੁੱਖਮਰੀ ਦੇ ਸ਼ਿਕਾਰ ਹਨ ਤੇ ਇਸ ਦਾ ਕਾਰਨ ਹੈ ਉਨ੍ਹਾਂ ਦੇ ਦੇਸ਼ ’ਚ ਚੱਲ ਰਿਹਾ ਫੌਜੀ ਸੰਘਰਸ਼। ਮੈਕਸਮੈਨ ਨੇ ਕਿਹਾ ਕਿ ਕੋਰੋਨਾ ਦੇ ਜ਼ਿਆਦਾ ਮਾੜੇ ਪ੍ਰਭਾਵ ਤੇ ਬੇਰਹਿਮ ਸੰਘਰਸ਼ਾਂ, ਵਿਗੜਦੇ ਜਲਵਾਯੂ ਸੰਕਟ ਨੇ 5,20,000 ਤੋਂ ਵੱਧ ਲੋਕਾਂ ਨੂੰ ਭੁੱਖਮਰੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ। ਵਿਸ਼ਵ ਪੱਧਰੀ ਮਹਾਮਾਰੀ ਨਾਲ ਮੁਕਾਬਲਾ ਕਰਨ ਦੀ ਬਜਾਏ ਵਿਰੋਧੀ ਧੜੇ ਇਕ-ਦੂਜੇ ਨਾਲ ਲੜ ਰਹੇ ਹਨ, ਜਿਸ ਦਾ ਅਸਰ ਆਖਿਰ ਉਨ੍ਹਾਂ ਲੱਖਾਂ ਲੋਕਾਂ ’ਤੇ ਪੈਂਦਾ ਹੈ, ਜੋ ਪਹਿਲਾਂ ਹੀ ਮੌਸਮ ਸਬੰਧੀ ਆਫਤਾਂ ਤੇ ਆਰਥਿਕ ਝਟਕਿਆਂ ਨਾਲ ਬੇਹਾਲ ਹਨ। ਆਕਸਫੈਮ ਨੇ ਕਿਹਾ ਕਿ ਵਿਸ਼ਵ ਪੱਧਰੀ ਮਹਾਮਾਰੀ ਵਾਇਰਸ ਦੇ ਬਾਵਜੂਦ ਵਿਸ਼ਵ ਭਰ ’ਚ ਫੌਜਾਂ ’ਤੇ ਹੋਣ ਵਾਲਾ ਖਰਚ ਮਹਾਮਾਰੀ ਕਾਲ ’ਚ 51 ਅਰਬ ਡਾਲਰ ਵਧ ਗਿਆ, ਇਹ ਰਕਮ ਭੁੱਖਮਰੀ ਨੂੰ ਖਤਮ ਕਰਨ ਲਈ ਸੰਯੁਕਤ ਰਾਸ਼ਟਰ ਨੂੰ ਜਿੰਨੇ ਪੈਸਿਆਂ ਦੀ ਲੋੜ ਹੈ, ਉਸ ਦੇ ਮੁਕਾਬਲੇ ਘੱਟ ਤੋਂ ਘੱਟ ਛੇ ਗੁਣਾ ਜ਼ਿਆਦਾ ਹੈ।

ਪੜੋ ਹੋਰ ਖਬਰਾਂ: ਖਿੱਚ ਲਓ ਤਿਆਰੀ! ਭਾਰਤ ਤੋਂ ਦੁਬਈ ਲਈ ਜਲਦ ਸ਼ੁਰੂ ਹੋਣ ਵਾਲੀਆਂ ਹਨ ਫਲਾਈਟਾਂ

ਇਸ ਰਿਪੋਰਟ ’ਚ ਜਿਨ੍ਹਾਂ ਦੇਸ਼ਾਂ ਨੂੰ ‘ਭੁੱਖਮਰੀ ਤੋਂ ਸਭ ਤੋਂ ਵੱਧ ਪ੍ਰਭਾਵਿਤ’ ਦੀ ਸੂਚੀ ਵਿਚ ਰੱਖਿਆ ਗਿਆ ਹੈ, ਉਹ ਦੇਸ਼ ਹਨ ਅਫ਼ਗਾਨਿਸਤਾਨ, ਇਥੋਪੀਆ, ਦੱਖਣੀ ਸੂਡਾਨ, ਸੀਰੀਆ ਤੇ ਯਮਨ। ਇਨ੍ਹਾਂ ਸਾਰੇ ਦੇਸ਼ਾਂ ਵਿਚ ਸੰਘਰਸ਼ ਦੇ ਹਾਲਾਤ ਹਨ। ਮੈਕਸਮੈਨ ਨੇ ਕਿਹਾ ਕਿ ਆਮ ਨਾਗਰਿਕਾਂ ਨੂੰ ਭੋਜਨ ਤੇ ਪਾਣੀ ਤੋਂ ਵਾਂਝੇ ਰੱਖ ਕੇ ਤੇ ਉਨ੍ਹਾਂ ਤਕ ਮਨੁੱਖੀ ਰਾਹਤ ਨਾ ਪਹੁੰਚਣ ਦੇ ਕੇ ਭੁੱਖਮਰੀ ਨੂੰ ਯੁੱਧ ਦੇ ਹਥਿਆਰ ਵਜੋਂ ਵਰਤਿਆ ਜਾ ਰਿਹਾ ਹੈ। ਬਾਜ਼ਾਰਾਂ ’ਤੇ ਬੰਬ ਵਰ੍ਹਾਏ ਜਾ ਰਹੇ ਹੋਣ, ਫ਼ਸਲਾਂ ਤੇ ਪਸ਼ੂਆਂ ਨੂੰ ਖ਼ਤਮ ਕੀਤਾ ਜਾ ਰਿਹਾ ਹੋਵੇ ਤਾਂ ਲੋਕ ਸੁਰੱਖਿਅਤ ਨਹੀਂ ਰਹਿ ਸਕਦੇ ਤੇ ਨਾ ਹੀ ਭੋਜਨ ਦੀ ਭਾਲ ਕਰ ਸਕਦੇ ਹਨ। ਸੰਗਠਨ ਨੇ ਸਰਕਾਰਾਂ ਨੂੰ ਬੇਨਤੀ ਕੀਤੀ ਕਿ ਉਹ ਸੰਘਰਸ਼ਾਂ ਨੂੰ ਰੋਕਣ, ਨਹੀਂ ਤਾਂ ਭੁੱਖਮਰੀ ਦੇ ਹਾਲਾਤ ਤਬਾਹਕੁੰਨ ਹੋ ਜਾਣਗੇ।

-PTC News

Related Post