Punjab Governor vs CM Mann: ਪੰਜਾਬ ਵਿਧਾਨ ਸਭਾ ਦੇ ਦੋ ਦਿਨੀਂ ਵਿਸ਼ੇਸ਼ ਇਜਲਾਸ ਨੂੰ ਲੈ ਕੇ ਛਿੜੀ ਜੰਗ, ਜਾਣੋ ਪੂਰਾ ਮਾਮਲਾ
Governor And CM Mann Tussle: ਪੰਜਾਬ ਵਿਧਾਨ ਸਭਾ ਦਾ 2 ਦਿਨਾਂ ਦਾ ਸਪੈਸ਼ਲ ਸੈਸ਼ਨ ਕਾਨੂੰਨੀ ਤੌਰ ’ਤੇ ਠੀਕ ਸੀ ਜਾਂ ਫਿਰ ਇਹ ਗੈਰ ਕਾਨੂੰਨੀ ਸੀ। ਇਸ ਸਬੰਧੀ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਦੇ ਅਧਿਕਾਰੀਆਂ ਵਲੋਂ ਅੰਦਰਖਾਤੇ ਜਾਂਚ ਕਰਨੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਨੂੰ ਲੈ ਕੇ ਸੰਵਿਧਾਨ ਅਤੇ ਲੋਕ ਸਭਾ ਦੇ ਨਿਯਮਾਂ ਨੂੰ ਵੀ ਦੇਖਿਆ ਜਾ ਰਿਹਾ ਹੈ।
ਦੋ ਦਿਨਾਂ ਦਾ ਸੱਦਿਆ ਗਿਆ ਸੀ ਵਿਸ਼ੇਸ਼ ਇਜਲਾਸ
ਦੱਸ ਦਈਏ ਕਿ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਵਲੋਂ 19 ਅਤੇ 20 ਜੂਨ ਨੂੰ ਦੋ ਦਿਨਾਂ ਦਾ ਸਪੈਸ਼ਲ ਸੈਸ਼ਨ ਸੱਦਿਆ ਸੀ ਅਤੇ ਇਸ ਦੀ ਤਾਰੀਖ਼ਾਂ ਸਬੰਧੀ ਪੰਜਾਬ ਮੰਤਰੀ ਮੰਡਲ ਦੀ ਮੀਟਿੰਗ ਵਿੱਚ ਚਰਚਾ ਕਰਨ ਤੋਂ ਬਾਅਦ ਫੈਸਲਾ ਕੀਤਾ ਗਿਆ ਸੀ।
ਰਾਜਪਾਲ ਵੱਲੋਂ ਪੁੱਛੇ ਗਏ ਸੀ ਸਵਾਲ
ਜਿਸ ਤੋਂ ਬਾਅਦ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵਲੋਂ ਇਸ ਸੈਸ਼ਨ ਨੂੰ ਸੱਦਣ ਤੋਂ ਪਹਿਲਾਂ ਇਜਾਜ਼ਤ ਨਹੀਂ ਲੈਣ ਸਬੰਧੀ ਸਵਾਲ ਪੁੱਛੇ ਗਏ ਸੀ ਤਾਂ ਵਿਧਾਨ ਸਭਾ ਵਲੋਂ ਇਸ ਨੂੰ ਬਜਟ ਸੈਸ਼ਨ ਦਾ ਹਿੱਸਾ ਕਰਾਰ ਦਿੰਦੇ ਹੋਏ ਇਜਾਜ਼ਤ ਲੈਣ ਦੀ ਜਰੂਰਤ ਤੋਂ ਇਨਕਾਰ ਕਰ ਦਿੱਤਾ ਗਿਆ ਸੀ।
ਵੈਧਤਾ ਨੂੰ ਲੈ ਕੇ ਜਾਂਚ ਹੋਈ ਸ਼ੁਰੂ
ਹੁਣ ਪੰਜਾਬ ਦੇ ਰਾਜਪਾਲ ਦਫ਼ਤਰ ਵਲੋਂ ਇਸ ਦੋ ਦਿਨਾਂ ਵਿਧਾਨ ਸਭਾ ਸੈਸ਼ਨ ਦੀ ਵੈਧਤਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਵਿਧਾਨ ਸਭਾ ਅਤੇ ਪੰਜਾਬ ਸਰਕਾਰ ਦਰੁਸਤ ਕਾਰਵਾਈ ਕਰ ਰਹੇ ਹਨ ਜਾਂ ਫਿਰ ਇਹ ਵਿਧਾਨ ਸਭਾ ਦਾ ਸੈਸ਼ਨ ਹੀ ਗੈਰ ਕਾਨੂੰਨੀ ਹੈ। ਇਸ ਮਾਮਲੇ ਵਿੱਚ ਲੋਕ ਸਭਾ ਅਤੇ ਵਿਧਾਨ ਸਭਾ ਦੇ ਨਿਯਮਾਂ ਸਣੇ ਸੰਵਿਧਾਨ ਨੂੰ ਵੀ ਦੇਖਿਆ ਜਾ ਰਿਹਾ ਹੈ।
ਕਾਬਿਲੇਗੌਰ ਹੈ ਕਿ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਤਲਖੀ ਲਗਾਤਾਰ ਵਧਦੀ ਜਾ ਰਹੀ ਹੈ। ਹੁਣ ਪੰਜਾਬ ਵਿਧਾਨਸਭਾ ਦੇ ਦਿਨੀਂ ਸੱਦੇ ਵਿਸ਼ੇਸ਼ ਇਜਲਾਸ ਨੂੰ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਰਿਪੋਰਟਰ ਰਵਿੰਦਰਮੀਤ ਦੇ ਸਹਿਯੋਗ ਨਾਲ...
ਇਹ ਵੀ ਪੜ੍ਹੋ: Punjab Land In Goa: ਗੋਆ ’ਚ ਜ਼ਮੀਨ ਦੀ ਲੀਜ਼ ਰੱਦ ਕਰਨ ਦੀ ਤਿਆਰੀ ‘ਚ ਪੰਜਾਬ ਸਰਕਾਰ, ਇਹ ਹੈ ਪੂਰਾ ਮਾਮਲਾ
- PTC NEWS