ਫਿਜ਼ਿਓਥਰੈਪੀ ਦੇ ਨਾਂ ਹੇਠ ਨਸ਼ੀਲਾ ਪਦਾਰਥ ਦੇ ਕੇ ਪਰਿਵਾਰਾਂ ਨੂੰ ਲੁੱਟਣ ਵਾਲੀ ਬੰਟੀ ਅਤੇ ਬਬਲੀ ਦੀ ਜੋੜੀ ਕਾਬੂ

By  Jasmeet Singh October 11th 2023 07:16 PM

ਧਾਰੀਵਾਲ: ਕਹਿੰਦੇ ਹਨ ਬੱਕਰੇ ਦੀ ਮਾਂ ਕਦੋਂ ਤੱਕ ਖੈਰ ਮਣਾਵੇਗੀ, ਫਿਜ਼ਿਓਥਰੈਪੀ ਦੇ ਨਾਂ 'ਤੇ ਲੋਕਾਂ ਨਾਲ ਪਿਆਰ ਅਤੇ ਵਿਸ਼ਵਾਸ਼ ਬਣਾ ਕੇ ਉਹਨਾਂ ਦੇ ਘਰ ਤੱਕ ਵੜਨਾ ਅਤੇ ਫੇਰ ਖਾਣ ਪੀਣ ਵਾਲੀ ਕਿਸੇ ਚੀਜ਼ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਪਰਿਵਾਰ ਨੂੰ ਲੁੱਟ ਕੇ ਲੈ ਜਾਣਾ, ਅਜਿਹੇ ਕੰਮ ਕਰਦਾ ਸੀ ਇਹ ਜੌੜਾ ਪਰ ਆਖਰਕਾਰ ਥਾਣਾ ਧਾਰੀਵਾਲ ਦੀ ਪੁਲਿਸ ਨੇ ਇਹਨਾਂ ਨੂੰ ਕਾਬੂ ਕਰ ਹੀ ਲਿਆ। 

ਹੁਣ ਤੱਕ ਇਸ ਜੋੜੇ ਦੇ ਖਿਲਾਫ ਫਿਜ਼ਿਓਥਰੈਪੀ ਦੇ ਬਹਾਨੇ ਪੰਜ ਘਰਾਂ ਨੂੰ ਸ਼ਿਕਾਰ ਬਣਾ ਕੇ ਲੁੱਟਣ ਦੇ ਮਾਮਲੇ ਦਰਜ ਹੋ ਚੁੱਕੇ ਹਨ। ਬੰਟੀ ਅਤੇ ਬੱਬਲੀ ਦੀ ਕਹਾਣੀ ਵਾਂਗ ਇਹ ਪਤੀ-ਪਤਨੀ ਲਗਾਤਾਰ ਵਾਰਦਾਤਾਂ ਕਰ ਰਹੇ ਸਨ। ਪਿਛਲੇ ਮਹੀਨੇ ਪਰਮਜੀਤ ਕੌਰ ਪਤਨੀ ਭੁਪਿੰਦਰ ਸਿੰਘ ਵਾਸੀ ਪਿੰਡ ਕਲਿਆਣਪੁਰ ਵੱਲੋਂ ਧਾਰੀਵਾਲ ਪੁਲਿਸ ਨੂੰ ਇੱਕ ਦਰਖਾਸਤ ਦਿੱਤੀ ਗਈ ਸੀ ਕਿ ਉਹਨਾਂ ਦੇ ਘਰ ਇੱਕ ਬਿਮਾਰ ਬਜ਼ੁਰਗ ਨੂੰ ਫਿਜ਼ਿਓਥਰੈਪੀ ਦੀ ਲੋੜ ਸੀ ਅਤੇ ਇਸ ਦੇ ਲਈ ਨੇੜੇ ਦੇ ਇੱਕ ਫਿਜੀਓਥਰੈਪਿਸਟ ‌ਪਤੀ-ਪਤਨੀ ਦੀਆਂ ਸੇਵਾਵਾਂ ਲਈਆਂ ਗਈਆਂ ਸਨ। 

ਜਿਨਾਂ ਨੇ ਉਹਨਾਂ ਦੇ ਘਰ ਆ ਕੇ ਬੀਮਾਰ ਬਜ਼ੁਰਗ ਦੀ ਫਿਜ਼ਿਓਥਰੈਪੀ ਕਰਨੀ ਸ਼ੁਰੂ ਕਰ ਦਿੱਤੀ। ਇਸ ਜੋੜੇ ਨੇ ਪਰਿਵਾਰ ਨਾਲ ਪਰਿਵਾਰਕ ਸਬੰਧ ਬਣਾ ਲਏ। ਜਦੋਂ ਪਰਿਵਾਰ 'ਤੇ ਪੂਰਾ ਵਿਸ਼ਵਾਸ ਬਣ ਗਿਆ ਤਾਂ 24 ਸਤੰਬਰ ਨੂੰ ਇਨ੍ਹਾਂ ਵੱਲੋਂ ਕੋਈ ਨਸ਼ੀਲਾ ਪਦਾਰਥ ਸਾਰੇ ਘਰ ਦੇ ਮੈਂਬਰਾਂ ਨੂੰ ਪਿਲਾ ਕੇ ਬੇਹੋਸ਼ ਕਰਕੇ ਉਹਨਾਂ ਦੇ ਘਰ ਵਿੱਚੋਂ 70 ਗ੍ਰਾਮ ਦੇ ਕਰੀਬ ਸੋਨੇ ਦੇ ਗਹਿਣੇ ਅਤੇ 70 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ ਗਈ। 

ਧਾਰੀਵਾਲ ਪੁਲਿਸ ਵੱਲੋਂ ਇਸ ਜੋੜੇ ਖਿਲਾਫ ਮਾਮਲਾ ਦਰਜ ਕਰ ਇਹਨਾਂ ਦੀ ਤਲਾਸ਼ ਕੀਤੀ ਜਾ ਰਹੀ ਸੀ ਅਤੇ ਅੱਜ ਪੁਲਿਸ ਨੂੰ ਉਸ ਸਮੇਂ ਇਹਨਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਹੋ ਗਈ, ਜਦੋਂ ਇਹ ਹਿਮਾਚਲ ਤੋਂ ਇੱਕ ਕਾਰ 'ਤੇ ਸਵਾਰ ਹੋ ਕੇ ਆ ਰਹੇ ਸਨ। 


ਗੱਲਬਾਤ ਦੌਰਾਨ ਐੱਸ.ਐੱਚ.ਓ ਧਾਰੀਵਾਲ ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਪਤੀ-ਪਤਨੀ ਲੋਕਾਂ ਨੂੰ ਲਗਾਤਾਰ ਆਪਣਾ ਸ਼ਿਕਾਰ ਬਣਾ ਰਹੇ ਸਨ। ਵਿਨੇ ਨੰਦਾ ਅਤੇ ਸ਼ਾਲੂ ਨੰਦਾ ਨਾਮਕ ਪਤੀ-ਪਤਨੀ ਦੇ ਉੱਪਰ ਪਹਿਲਾਂ ਤੋਂ ਹੀ ਚਾਰ ਅਜਿਹੇ ਮਾਮਲੇ ਵੱਖ-ਵੱਖ ਥਾਣਿਆਂ ਦੇ ਵਿੱਚ ਦਰਜ ਹਨ।

ਇਸ ਲੁਟੇਰੇ ਪਤੀ ਪਤਨੀ ਦੇ ਨਾਲ ਉਹਨਾਂ ਦੇ ਡਰਾਈਵਰ ਦੀ ਗ੍ਰਿਫ਼ਤਾਰੀ ਵੀ ਕੀਤੀ ਗਈ ਹੈ ਅਤੇ ਇਹ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਡਰਾਈਵਰ ਦਾ ਇਹਨਾਂ ਦੇ ਕਾਰਨਾਮਿਆਂ ਵਿੱਚ ਕਿੰਨਾ ਕੁ ਹੱਥ ਹੈ। ਇਸ ਤੋਂ ਇਲਾਵਾ ਇਹ ਹਿਮਾਚਲ ਪ੍ਰਦੇਸ਼ ਵਿੱਚ ਵੀ ਕੋਈ ਅਜਿਹਾ ਕਾਰਨਾਮਾ ਹੀ ਨਾ ਕਰਕੇ ਆਏ ਹੋਣ। ਸਰਬਜੀਤ ਸਿੰਘ ਨੇ ਦੱਸਿਆ ਕਿ ਇਹ ਪੁੱਛਗਿਛ ਵੀ ਇਨਾ ਪਾਸੋਂ ਕੀਤੀ ਜਾ ਰਹੀ ਹੈ। ਫਿਲਹਾਲ ਇਹਨਾਂ ਦਾ ਇੱਕ ਦਿਨ ਦਾ ਅਦਾਲਤ ਤੋਂ ਰਿਮਾਂਡ ਲਿਆ ਗਿਆ ਹੈ ਤਾਂ ਜੋ ਹੋਰ ਖੁਲਾਸੇ ਹੋ ਸਕਣ।

ਇਹ ਵੀ ਪੜ੍ਹੋ: ਨਸ਼ਾ ਤਸਕਰੀ ਦੇ ਮੁੱਦੇ 'ਤੇ ਪੰਜਾਬ ਪੁਲਿਸ ਦੀ ਢਿੱਲੀ ਕਾਰਵਾਈ; ਅਦਾਲਤ ਵੱਲੋਂ ਡੀਜੀਪੀ ਸਣੇ ਹੋਰਾਂ ਨੂੰ ਨੋਟਿਸ ਜਾਰੀ

Related Post