ਗਿ. ਰਘਬੀਰ ਸਿੰਘ ਵੱਲੋਂ SGPC ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਯਤਨ ਤੇਜ਼ ਕਰਨ ਦੇ ਆਦੇਸ਼

By  Jasmeet Singh November 9th 2023 02:00 PM -- Updated: November 9th 2023 02:09 PM

ਅੰਮ੍ਰਿਤਸਰ: ਸਿੱਖਾਂ ਦੇ ਸਰਵਉੱਚ ਸੰਸਥਾਂ ਸ੍ਰੀ ਅਕਾਲ ਸਾਹਿਬ ਦੇ ਜੱਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਨੇ ਬਿਆਨ ਜਾਰੀ ਕਰਦਿਆਂ ਕਿਹਾ ਕਿ ਸਾਲ 2012 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਪੰਜ ਸਿੰਘ ਸਾਹਿਬਾਨ ਵੱਲੋਂ ਆਦੇਸ਼ ਕੀਤਾ ਗਿਆ ਸੀ ਕਿ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਲਈ ਹਰ ਸੰਭਵ ਯਤਨ ਕੀਤੇ ਜਾਣ।

ਦੱਸ ਦੇਈਏ ਕਿ ਸਿੰਘ ਸਾਹਿਬ ਨੇ ਪੰਜ ਸਿੰਘ ਸਾਹਿਬਾਨ ਵੱਲੋਂ ਹੋਏ ਆਦੇਸ਼ ਨੂੰ ਲਾਗੂ ਕਰਵਾਉਣ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਉਹ ਸਿੱਖ ਸੰਗਤ, ਦਲ ਪੰਥ, ਸਮੁੱਚੀਆਂ ਨਿਹੰਗ ਸਿੰਘ ਜਥੇਬੰਦੀਆਂ, ਸੰਪਰਦਾਵਾਂ, ਸਿੱਖ ਜਥੇਬੰਦੀਆਂ, ਸਿੰਘ ਸਭਾਵਾਂ, ਟਕਸਾਲਾਂ, ਸੰਤਾਂ-ਮਹਾਪੁਰਸ਼ਾਂ, ਵਿਦਵਾਨਾਂ, ਬੁੱਧੀ ਜੀਵੀਆਂ ਅਤੇ ਸਮੁੱਚੇ ਸਿੱਖ ਪੰਥ ਨੂੰ ਨਾਲ ਲੈ ਕੇ ਵੱਡੀ ਰਣਨੀਤੀ ਉਲੀਕੇ। ਜਿਸ ਨਾਲ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਅਤੇ ਪਿਛਲੇ ਸੰਘਰਸ਼ ਦੌਰਾਨ ਜੇਲ੍ਹਾਂ ਵਿਚ ਬੰਦ ਲੰਮੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ ਤੁਰੰਤ ਰਿਹਾਅ ਕਰਵਾਇਆ ਜਾ ਸਕੇ।

ਸਿੰਘ ਸਾਹਿਬ ਨੇ ਕਿਹਾ ਕਿ ਦੇਸ਼ ਅਜਾਦ ਹੋਣ ਤੋਂ ਬਾਅਦ ਦੇਸ਼ ਦੇ ਸੰਵਿਧਾਨ ਅਨੁਸਾਰ ਸਟੇਟਾਂ ਦੀਆਂ ਵਿਧਾਨ ਸਭਾ ਦੇ ਮੈਂਬਰ, ਕੇਂਦਰ ਸਰਕਾਰ ਦੇ ਮੈਂਬਰ ਪਾਰਲੀਮੈਂਟ ਚੋਣ ਪ੍ਰਕਿਰਿਆ ਰਾਹੀਂ ਲੋਕਾਂ ਦੀਆਂ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਅਤੇ ਪ੍ਰਧਾਨ ਮੰਤਰੀ/ਦੇਸ਼ ਦਾ ਰਾਸ਼ਟਰਪਤੀ ਵੀ ਇਸੇ ਵਿਧੀ ਨਾਲ ਚੋਣ ਪ੍ਰਕਿਰਿਆ ਰਾਹੀਂ ਹੀ ਚੁਣਿਆ ਜਾਂਦਾ ਹੈ ਅਤੇ ਅੱਗੇ ਸੂਬਿਆਂ ਦੇ ਗਵਰਨਰਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਇਸੇ ਤਰ੍ਹਾਂ ਦੇਸ਼ ਅਜਾਦ ਹੋਣ ਤੋਂ ਪਹਿਲਾਂ 1925 ਤੋਂ ਹੀ ਵੋਟਾਂ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਦੀ ਚੋਣ ਹੁੰਦੀ ਹੈ, ਜਿਨ੍ਹਾਂ ਵਿਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇਦਾਰ ਅਤੇ ਪ੍ਰਧਾਨ ਚੁਣਿਆ ਜਾਂਦਾ ਹੈ। ਵੱਡੇ ਲੋਕ ਤੰਤਰ ਦੀ ਦੁਹਾਈ ਦੇਣ ਵਾਲੇ ਹੁਕਮਰਾਨ, ਦੇਸ਼ ਦੇ ਸੰਵਿਧਾਨ ਅਨੁਸਾਰ ਚੁਣੀ ਹੋਈ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਦੇ ਮਾਮਲੇ ’ਤੇ ਦਸਖਤੀ ਮੁਹਿੰਮ ਦੌਰਾਨ ਸੰਗਤਾਂ ਵੱਲੋਂ ਲੱਖਾਂ ਦੀ ਗਿਣਤੀ ਵਿਚ ਭਰੇ ਗਏ ਫਾਰਮਾਂ ਨੂੰ ਲੈਣ ਲਈ ਪੰਜਾਬ ਦੇ ਗਵਰਨਰ ਵੱਲੋਂ ਮਿਲਣ ਦਾ ਸਮਾਂ ਨਾ ਦੇਣਾ ਬਹੁਤ ਹੀ ਮੰਦਭਾਗਾ, ਸਿੱਖ ਕੌਮ ਨਾਲ ਬਹੁਤ ਵੱਡੀ ਬੇਇੰਨਸਾਫੀ ਅਤੇ ਦੇਸ਼ ਦੇ ਸੰਵਿਧਾਨ ਦੀ ਵੀ ਉਲੰਘਣਾ ਹੈ।

ਸਿੰਘ ਸਾਹਿਬ ਦਾ ਕਹਿਣਾ ਕਿ ਦੇਸ਼ ਦੀ ਅਜਾਦੀ ਲਈ ਵੱਡੀਆਂ ਕੁਰਬਾਨੀਆਂ ਕਰਨ ਵਾਲੀ ਸਿੱਖ ਕੌਮ ਨਾਲ ਸਰਕਾਰਾਂ ਵੱਲੋਂ ਅਜਿਹੇ ਕੀਤੇ ਜਾ ਰਹੇ ਵਿਹਾਰ ਨੂੰ ਸਿੱਖ ਕੌਮ ਕਦੇ ਬਰਦਾਸ਼ਤ ਨਹੀਂ ਕਰੇਗੀ। ਭਾਈ ਬਲਵੰਤ ਸਿੰਘ ਰਾਜੋਆਣਾ ਦੇ ਕੇਸ ’ਤੇ ਕੇਂਦਰ ਸਰਕਾਰ ਜਲਦ ਤੋਂ ਜਲਦ ਰਿਹਾਈ ਦਾ ਐਲਾਨ ਕਰੇ ਅਤੇ ਲੰਮੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਕੌਮੀ ਯੋਧਿਆਂ ਨੂੰ ਤੁਰੰਤ ਰਿਹਾਅ ਕਰਕੇ ਸਿੱਖ ਕੌਮ ਦੇ ਹਿਰਦਿਆਂ ਨੂੰ ਸ਼ਾਂਤ ਕਰੇ, ਇਸੇ ਵਿਚ ਹੀ ਦੇਸ਼ ਦੀ ਭਲਾਈ ਹੈ ਕਿਉਂਕਿ ਸਿੱਖਾਂ ਨੇ ਦੇਸ਼ ਦੀ ਹਰ ਮੁਸ਼ਕਲ ਸਮੇਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿੱਤਾ ਹੈ।

ਇਹ ਵੀ ਪੜ੍ਹੋ: ਭਾਈ ਰਾਜੋਆਣਾ ਨੇ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਲਿਖਿਆ ਪੱਤਰ; ਕੀਤੀ ਇਹ ਮੰਗ

Related Post