PTC News
Search

ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਵਿਖੇ ਹੋਈ ਭਾਰੀ ਬਰਫ਼ਬਾਰੀ

Hemkund Sahib Snowfall: ਹੇਮਕੁੰਟ ਸਾਹਿਬ ਤੇ ਨੇੜਲੇ ਖੇਤਰਾਂ ਵਿੱਚ ਅੱਜ ਤਾਜ਼ਾ ਬਰਫਬਾਰੀ ਹੋਈ ਜਿਸ ਕਾਰਨ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ ਦਾ ਪਹਾੜੀ ਇਲਾਕਾ ਚਿੱਟੀ ਬਰਫ਼ ਦੀ ਚਾਦਰ ਨਾਲ ਢਕਿਆ ਗਿਆ।

By  Amritpal Singh September 26th 2026 04:19 PM

Hemkund Sahib Snowfall: ਹੇਮਕੁੰਟ ਸਾਹਿਬ ਤੇ ਨੇੜਲੇ ਖੇਤਰਾਂ ਵਿੱਚ ਅੱਜ ਤਾਜ਼ਾ ਬਰਫਬਾਰੀ ਹੋਈ ਜਿਸ ਕਾਰਨ ਗੁਰਦੁਆਰਾ ਸਾਹਿਬ ਅਤੇ ਆਲੇ-ਦੁਆਲੇ ਦਾ ਪਹਾੜੀ ਇਲਾਕਾ ਚਿੱਟੀ ਬਰਫ਼ ਦੀ ਚਾਦਰ ਨਾਲ ਢਕਿਆ ਗਿਆ। ਉੱਚੇ ਪਹਾੜਾਂ ’ਤੇ ਬਰਫ਼ਬਾਰੀ ਅਤੇ ਹੇਠਲੇ ਇਲਾਕਿਆਂ ਵਿੱਚ ਮੀਂਹ ਕਾਰਨ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਬਰਫ਼ ਨਾਲ ਢਕੇ ਪਹਾੜਾਂ ਦਾ ਮਨਮੋਹਕ ਨਜ਼ਾਰਾ ਸ਼ਰਧਾਲੂਆਂ ਲਈ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਅਤੇ ਇਸ ਦੌਰਾਨ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਣ ਦੇ ਨਾਲ ਕੁਦਰਤ ਦੇ ਇਸ ਖ਼ੂਬਸੂਰਤ ਰੂਪ ਨੂੰ ਵੀ ਦੇਖ ਰਹੇ ਹਨ।

ਹੇਮਕੁੰਟ ਸਾਹਿਬ ਸਮੁੰਦਰ ਤਲ ਤੋਂ ਲਗਪਗ 15 ਹਜ਼ਾਰ ਫੁੱਟ ਦੀ ਉਚਾਈ ’ਤੇ ਸਥਿਤ ਹੈ, ਜਿਸ ਕਾਰਨ ਇੱਥੇ ਮੌਸਮ ਵਿੱਚ ਥੋੜ੍ਹਾ ਜਿਹਾ ਬਦਲਾਅ ਵੀ ਤਾਪਮਾਨ ’ਤੇ ਵੱਡਾ ਅਸਰ ਪਾਉਂਦਾ ਹੈ। ਅੱਜ ਵੀ ਚਮੋਲੀ ਦੇ ਉੱਚੇ ਇਲਾਕਿਆਂ ਵਿੱਚ ਬਰਫ਼ਬਾਰੀ ਜਾਰੀ ਰਹਿਣ ਦੀਆਂ ਰਿਪੋਰਟਾਂ ਹਨ। ਹੇਮਕੁੰਟ ਸਾਹਿਬ ਨੇੜੇ ਅੱਜ ਤਾਪਮਾਨ ਕਰੀਬ 7 ਤੋਂ 11 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿ ਸਕਦਾ ਹੈ। ਸਵੇਰੇ ਇੱਥੇ ਤਾਪਮਾਨ ਲਗਪਗ 9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ ਬਣੀ ਹੋਈ ਹੈ।


ਬਰਫ਼ ਪੈਣ ਕਾਰਨ ਹੇਮਕੁੰਟ ਸਾਹਿਬ ਵੱਲ ਜਾਣ ਵਾਲੇ ਪੈਦਲ ਰਸਤੇ ਦੇ ਕਈ ਹਿੱਸੇ ਤਿਲਕਣ ਵਾਲੇ ਹੋ ਗਏ ਹਨ। ਇਸ ਕਾਰਨ ਸ਼ਰਧਾਲੂਆਂ ਨੂੰ ਪੈਦਲ ਚੱਲਣ ਸਮੇਂ ਵਧੇਰੇ ਸਾਵਧਾਨੀ ਵਰਤਣੀ ਪੈ ਰਹੀ ਹੈ। ਮੌਸਮ ਖ਼ਰਾਬ ਹੋਣ ਦੇ ਬਾਵਜੂਦ ਸ਼ਰਧਾਲੂਆਂ ਦੀ ਯਾਤਰਾ ਨੂੰ ਸੁਚਾਰੂ ਬਣਾਈ ਰੱਖਣ ਲਈ ਪੁਲੀਸ ਅਤੇ ਐੱਸਡੀਆਰਐੱਫ ਦੇ ਜਵਾਨ ਵੱਖ-ਵੱਖ ਥਾਵਾਂ ’ਤੇ ਤਾਇਨਾਤ ਹਨ।


ਜਵਾਨ ਬਰਫ਼ਬਾਰੀ ਅਤੇ ਤਿਲਕਣ ਵਾਲੇ ਰਸਤਿਆਂ ਵਿੱਚ ਸ਼ਰਧਾਲੂਆਂ ਦੀ ਮਦਦ ਕਰ ਰਹੇ ਹਨ। ਜਿੱਥੇ ਲੋੜ ਪੈ ਰਹੀ ਹੈ, ਉੱਥੇ ਪੁਲਿਸ ਮੁਲਾਜ਼ਮ ਸ਼ਰਧਾਲੂਆਂ ਨੂੰ ਸਹਾਰਾ ਦੇ ਕੇ ਮੁਸ਼ਕਲ ਰਸਤਿਆਂ ਤੋਂ ਪਾਰ ਕਰਵਾ ਰਹੇ ਹਨ। ਇਸ ਦੇ ਨਾਲ ਹੀ ਯਾਤਰਾ ਦੌਰਾਨ ਕਿਸੇ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਨਾ ਵਾਪਰੇ, ਇਸ ਲਈ ਸੁਰੱਖਿਆ ਪ੍ਰਬੰਧਾਂ ’ਤੇ ਵੀ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।


ਹੇਮਕੁੰਟ ਸਾਹਿਬ ਯਾਤਰਾ ਦੇ ਮਹੱਤਵਪੂਰਨ ਪੜਾਅ ਘੰਘੜੀਆ ਵਿਖੇ ਵੀ ਪੁਲਿਸ ਵੱਲੋਂ ਸਥਿਤੀ ’ਤੇ ਨਜ਼ਰ ਰੱਖੀ ਜਾ ਰਹੀ ਹੈ। ਮੌਸਮ ਅਤੇ ਰਸਤੇ ਦੀ ਸਥਿਤੀ ਦੇ ਅਨੁਸਾਰ ਜਵਾਨਾਂ ਨੂੰ ਜ਼ਰੂਰੀ ਹਦਾਇਤਾਂ ਦਿੱਤੀਆਂ ਜਾ ਰਹੀਆਂ ਹਨ।


ਪੁਲਿਸ ਅਤੇ ਐੱਸਡੀਆਰਐੱਫ ਵੱਲੋਂ ਸ਼ਰਧਾਲੂਆਂ ਨੂੰ ਮੌਸਮ ਦੀ ਸਥਿਤੀ ਨੂੰ ਧਿਆਨ ਵਿੱਚ ਰੱਖਦਿਆਂ ਸਾਵਧਾਨੀ ਨਾਲ ਯਾਤਰਾ ਕਰਨ ਲਈ ਕਿਹਾ ਜਾ ਰਿਹਾ ਹੈ। ਚਮੋਲੀ ਜ਼ਿਲ੍ਹੇ ਦੇ ਉੱਚੇ ਇਲਾਕਿਆਂ ਵਿੱਚ ਅੱਜ ਵੀ ਮੀਂਹ ਅਤੇ ਬਰਫ਼ਬਾਰੀ ਦਾ ਦੌਰ ਜਾਰੀ ਰਹਿਣ ਕਾਰਨ ਠੰਢ ਹੋਰ ਵਧ ਗਈ ਹੈ।


ਇਸੇ ਦੌਰਾਨ ਹੇਮਕੁੰਟ ਸਾਹਿਬ ਵਿੱਚ ਇਸ ਸਾਲ ਸ਼ਰਧਾਲੂਆਂ ਦੀ ਵੱਡੀ ਆਮਦ ਵੀ ਜਾਰੀ ਹੈ। ਜ਼ਿਕਰਯੋਗ ਹੈ ਕਿ 25 ਸਤੰਬਰ ਤੱਕ ਲਗਪਗ 3.40 ਲੱਖ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਚੁੱਕੇ ਸਨ ਅਤੇ ਯਾਤਰਾ ਦੇ ਬਾਕੀ ਦਿਨਾਂ ਵਿੱਚ ਹੋਰ ਸ਼ਰਧਾਲੂਆਂ ਦੇ ਪੁੱਜਣ ਦੀ ਉਮੀਦ ਹੈ।

Related Post