ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਇਹ ਜ਼ਿੰਦਗੀ ਦਾ ਕਾਰਵਾਂ ਦਾ ਹੋਇਆ ਭਰਵਾਂ ਲੋਕ-ਅਰਪਣ ਸਮਾਗਮ

By  Jasmeet Singh November 4th 2023 06:54 PM
ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਇਹ ਜ਼ਿੰਦਗੀ ਦਾ ਕਾਰਵਾਂ ਦਾ ਹੋਇਆ ਭਰਵਾਂ ਲੋਕ-ਅਰਪਣ ਸਮਾਗਮ

ਚੰਡੀਗੜ੍ਹ : ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਵਿਖੇ ਉੱਘੇ ਲੇਖਕ, ਪੱਤਰਕਾਰ ਅਤੇ ਅਨੁਵਾਦਕ ਪ੍ਰਵੇਸ਼ ਸ਼ਰਮਾ ਦੀ ਸਵੈ-ਜੀਵਨੀ ਦਾ ਲੋਕ-ਅਰਪਣ ਅਤੇ ਵਿਚਾਰ ਚਰਚਾ ਸਮਾਗਮ ਕਰਵਾਇਆ ਗਿਆ ਜਿਸ ਵਿਚ ਵੱਡੀ ਗਿਣਤੀ ਵਿਚ ਲੇਖਕ, ਪੱਤਰਕਾਰ, ਬੁੱਧੀਜੀਵੀ ਤੇ ਪਰਿਵਾਰ ਨਾਲ ਸਬੰਧਿਤ ਵਿਅਕਤੀ ਸ਼ਾਮਿਲ ਹੋਏ।

ਆਏ ਮਹਿਮਾਨਾਂ ਨੂੰ ਜੀ ਆਇਆਂ ਕੰਹਿਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇ ਆਖਿਆ ਕਿ ਪ੍ਰਵੇਸ਼ ਸ਼ਰਮਾ ਨੇ ਆਪਣੀਆਂ ਮਿੱਠੀਆਂ ਕੌੜੀਆਂ ਯਾਦਾਂ ਕੱਠੀਆਂ ਕਰਕੇ ਬਾਕਮਾਲ ਪੁਸਤਕ ਸਿਰਜੀ ਹੈ।

ਮੰਚ ਸੰਚਾਲਨ ਕਰਦਿਆਂ ਜਨਰਲ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਕਿ ਪ੍ਰਵੇਸ਼ ਸ਼ਰਮਾ ਨੇ ਹੁਣ ਤੱਕ 65 ਤੋਂ ਵੱਧ ਕਿਤਾਬਾਂ ਦਾ ਅਨੁਵਾਦ ਕੀਤਾ ਹੈ ਜਿਨ੍ਹਾਂ ਵਿਚ ਪੰਜਾਬੀ ਤੋਂ ਅੰਗਰੇਜ਼ੀ ਤੇ ਹਿੰਦੀ ਅਤੇ ਅੰਗਰੇਜ਼ੀ ਤੇ ਉਰਦੂ ਤੋਂ ਪੰਜਾਬੀ ਦੀਆਂ ਕਿਤਾਬਾਂ ਸ਼ਾਮਿਲ ਹਨ।

 ਆਪਣੇ ਸੰਬੋਧਨ ਵਿਚ ਮੁੱਖ ਮਹਿਮਾਨ ਡਾ. ਸਤੀਸ਼ ਕੁਮਾਰ ਵਰਮਾ ਨੇ ਕਿਹਾ ਕਿ ਅਸਲ ਵਿਚ ਅਤੀਤ ਨੂੰ ਭੁਲਾ ਕੇ 'ਭਲਕ' ਦੀ ਆਸ ਨਾਲ ਜੀਊਣ ਦੀ ਆਸ ਹੀ 'ਇਹ ਜ਼ਿੰਦਗੀ ਦਾ ਕਾਰਵਾਂ' ਹੈ, ਜਿਸਨੂੰ ਵੇਖਣਾ, ਪਾਖਣਾ, ਨਿਹਾਰਨਾ, ਸਵੀਕਾਰਨਾ ਤੇ ਦੁਲਾਰਨਾ ਕਿਸੇ ਕਾਮਿਲ ਦਾਨਿਸ਼ਵਰ ਦੇ ਹਿੱਸੇ ਆਂਉਦਾ ਹੈ।

ਕਿਤਾਬ ਤੇ ਮੁੱਖ ਪਰਚਾ ਪੇਸ਼ ਕਰਦਿਆਂ ਪ੍ਰੀਤਮ ਸਿੰਘ ਰੁਪਾਲ ਨੇ ਕਿਹਾ ਕਿ ਇਸ ਵਿੱਚ ਬੜੇ ਬੇਬਾਕ ਤਰੀਕੇ ਨਾਲ ਜੀਵਨ ਦੀਆਂ ਘਟਨਾਵਾਂ ਪਿਰੋ ਕੇ ਸਹਿਜ ਰੂਪ ਵਿਚ ਸਵੈ-ਜੀਵਨੀ ਦਾ ਸਿਰਜਣ ਹੋਇਆ ਹੈ। ਭਾਸ਼ਾ ਦੀ ਮਰਿਆਦਾ 'ਚ ਰੰਹਿਦਿਆਂ ਲੇਖਕ ਨੇ ਆਪਣੇ ਨਿਵੇਕਲੇ ਅਨੁਭਵ ਸਾਂਝੇ ਕੀਤੇ ਹਨ।

ਵਿਸ਼ੇਸ਼ ਮਹਿਮਾਨ ਵਜੋਂ ਬੋਲਦਿਆਂ ਅਮਰਜੀਤ ਸਿੰਘ ਵੜੈਚ ਨੇ ਕਿਹਾ ਕਿ ਪ੍ਰਵੇਸ਼ ਸ਼ਰਮਾ ਦੀ ਲੇਖਣੀ ਮਿਆਰ ਦੀਆਂ ਸਾਰੀਆਂ ਸ਼ਰਤਾਂ ਪੂਰੀਆਂ ਕਰਦੀ ਹੈ।

ਦੂਜੇ ਵਿਸ਼ੇਸ਼ ਮਹਿਮਾਨ ਸੁਰਜੀਤ ਸਿੰਘ ਨੇ ਕਿਹਾ ਕਿ ਪ੍ਰਵੇਸ਼ ਸ਼ਰਮਾ  ਸੱਚ ਦਾ ਪਹਿਰੇਦਾਰ ਹੈ ਜਿਸ ਨੇ ਅਲੋਚਨਾ ਤੋਂ ਕਦੇ ਮੁਨਕਰ ਹੋਣਾ ਨਹੀਂ ਸਿੱਖਿਆ।

ਪ੍ਰੋ: ਦਿਲਬਾਗ ਸਿੰਘ ਨੇ ਕਿਹਾ ਪ੍ਰਵੇਸ਼ ਸ਼ਰਮਾ ਦੀਆਂ ਦੋਵੇਂ ਕਿਤਾਬਾਂ 'ਮਾਂ ਕੰਹਿਦੀ ਹੁੰਦੀ ਸੀ' ਅਤੇ 'ਇਹ ਜ਼ਿੰਦਗੀ ਦਾ ਕਾਰਵਾਂ' ਵਾਰ ਵਾਰ ਪੜ੍ਹਨ ਵਾਲੀਆਂ ਹਨ।

ਪ੍ਰਵੇਸ਼ ਸ਼ਰਮਾ ਨੇ ਲੇਖਣੀ, ਪੱਤਰਕਾਰਤਾ ਤੇ ਅਨੁਵਾਦ ਖੇਤਰ ਵਿਚ ਬਹੁਤ ਪਿਆਰ ਮਿਲਣ ਨੂੰ ਆਪਣਾ ਸਰਮਾਇਆ ਦਸਦਿਆਂ ਕਿਹਾ ਕਿ ਕਾਰਵਾਂ ਦੇ ਗੁਜ਼ਰਨ ਤੋਂ ਬਾਅਦ ਬਚੀ ਧੂੜ ਹੀ ਸਾਡਾ ਹਿੱਸਾ ਹੁੰਦੀ ਹੈ ਤੇ ਅਸੀਂ ਉਸ ਧੂੜ ਵਿਚੋਂ ਹੀ ਯਾਦਾਂ ਦੇ ਮੋਤੀ ਚੁਗਣੇ ਹੁੰਦੇ ਹਨ।

ਅਮੂਲਯ ਸ਼ੁਕਲਾ ਨੇ ਪ੍ਰਵੇਸ਼ ਸ਼ਰਮਾ ਦੀ ਸ਼ਖ਼ਸੀਅਤ ਨੂੰ ਕਈ ਸ਼ੇਅਰਾਂ ਦਾ ਹਵਾਲਾ ਦੇ ਕੇ ਮੁਹੱਬਤ ਦੀ ਨਿੱਘ ਕਰਾਰ ਦਿੱਤਾ।

ਉੱਤਰੀ ਅਮਰੀਕਾ ਲੇਖਕ ਸਭਾ ਦੇ ਪ੍ਰਧਾਨ ਪ੍ਰਿਤਪਾਲ ਸਿੰਘ ਗਿੱਲ ਨੇ ਕਿਹਾ ਕਿ ਮਿਆਰੀ ਸਾਹਿਤ ਪੰਜਾਬੀ ਭਾਸ਼ਾ ਦੇ ਸੁਰੱਖਿਅਤ ਭਵਿੱਖ ਦੀ ਭਰਵੀਂ ਉਮੀਦ ਹੈ।

ਪਰਮਿੰਦਰ ਸਿੰਘ ਗਿੱਲ ਨੇ ਕਿਹਾ ਕਿ ਇਹ ਕਿਤਾਬ ਬੜੇ ਪਾਠਕਾਂ ਨੂੰ ਸੇਧ ਦੇਣ ਵਾਲੀ ਹੈ।

ਦਵਿੰਦਰ ਸਿੰਘ ਨੇ ਆਕਾਸ਼ਵਾਣੀ ਵਿਚ ਪ੍ਰਵੇਸ਼ ਸ਼ਰਮਾ ਦੇ ਸਾਥ ਨੂੰ ਜਜ਼ਬਾਤੀ ਰੌਂਅ ਵਿਚ ਯਾਦ ਕੀਤਾ।

ਆਪਣੇ ਪ੍ਰਧਾਨਗੀ ਭਾਸ਼ਣ ਵਿਚ ਜੰਗ ਬਹਾਦਰ ਗੋਇਲ ਨੇ ਕਿਹਾ ਕਿ ਪ੍ਰਵੇਸ਼ ਸ਼ਰਮਾ ਦੀ ਸ਼ਖ਼ਸੀਅਤ ਤੇ ਲੇਖਣੀ ਅਗਰਬੱਤੀ ਦੀ ਖੁਸ਼ਬੋ ਵਰਗੀ ਹੈ। ਉਨ੍ਹਾਂ ਦੀ ਵਿਅੰਗ ਕਹਿਣ ਦੀ ਕਲਾ ਅਦਭੁਤ ਹੈ ਜਿਸ ਵਿਚ ਹਮੇਸ਼ਾ ਚੜ੍ਹਦੀ ਕਲਾਦੀ ਗੱਲ ਕੀਤੀ ਗਈ ਹੈ।

ਅਨੁਵਾਦਕ ਦੇ ਤੌਰ ਤੇ ਪ੍ਰਵੇਸ਼ ਸ਼ਰਮਾ ਦਾ ਨਾਮ ਮੂਹਰਲੀ ਕਤਾਰ ਵਿਚ ਹੈ । ਇਹ ਸਵੈ-ਜੀਵਨੀ ਕਾਰਵਾਂ ਗੁਜ਼ਰਨ ਤੋਂ ਬਾਅਦ ਉੱਡਦੀ ਧੂੜ ਵਿਚੋਂ ਸੋਨ ਕਿਰਨਾਂ ਦੀ ਤਲਾਸ਼ ਦਾ ਐਲਾਨਨਾਮਾ ਹੈ।

ਆਪਣੇ ਧੰਨਵਾਦੀ ਸ਼ਬਦਾਂ ਵਿਚ ਪੰਜਾਬੀ ਲੇਖਕ ਸਭਾ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ  ਇਸ ਸਵੈ-ਜੀਵਨੀ ਦੀ ਤੁਲਨਾ ਪਹਿਲਾਂ ਛਪੀਆਂ ਮਿਆਰੀ ਸਵੈ-ਜੀਵਨੀਆਂ ਨਾਲ ਕੀਤੀ।

Related Post