Ludhiana News : ਜਗਰਾਓਂ ਚ ਰੂਹ ਕੰਬਾਊ ਹਾਦਸਾ, ਦੋ ਮਾਸੂਮ ਭੈਣ-ਭਰਾਵਾਂ ਉਪਰ ਪਲਟਿਆ ਤੇਜ਼ ਰਫ਼ਤਾਰ ਟਰੱਕ

Ludhiana News : ਪੁਲਿਸ ਨੇ ਦੋਵਾਂ ਬੱਚਿਆਂ ਦੀਆਂ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਸਰਕਾਰੀ ਹਸਪਤਾਲ ਦੇ ਮੁਰਦਾਘਰ ਵਿੱਚ ਰੱਖ ਦਿੱਤਾ। ਹਾਦਸੇ ਤੋਂ ਬਾਅਦ ਟਰੱਕ ਡਰਾਈਵਰ ਗੱਡੀ ਛੱਡ ਕੇ ਮੌਕੇ ਤੋਂ ਭੱਜ ਗਿਆ ਅਤੇ ਪੁਲਿਸ ਹੁਣ ਉਸਦੀ ਭਾਲ ਕਰ ਰਹੀ ਹੈ।

By  KRISHAN KUMAR SHARMA December 31st 2025 10:24 AM -- Updated: December 31st 2025 12:04 PM

Ludhiana News : ਲੁਧਿਆਣਾ ਦੇ ਜਗਰਾਉਂ (Jagraon News) ਸਥਿਤ ਸਿੱਧਵਾ ਬੇਟ ਰੋਡ 'ਤੇ ਅੱਜ ਦੁਪਹਿਰ 3:00 ਵਜੇ ਇੱਕ ਦਿਲ ਦਹਿਲਾ ਦੇਣ ਵਾਲਾ ਸੜਕ ਹਾਦਸਾ ਵਾਪਰਿਆ। ਇੱਕ ਤੇਜ਼ ਰਫ਼ਤਾਰ ਟਰੱਕ ਪਲਟਣ ਕਾਰਨ ਦੋ ਮਾਸੂਮ ਬੱਚਿਆਂ ਦੀ ਮੌਕੇ 'ਤੇ ਹੀ ਦਰਦਨਾਕ ਮੌਤ (Brother Sister Death in Truck Accident) ਹੋ ਗਈ। ਮ੍ਰਿਤਕਾਂ ਦੀ ਪਛਾਣ ਪੰਜ ਸਾਲਾ ਗੋਪਾਲ ਅਤੇ ਸੱਤ ਸਾਲਾ ਪਿੰਕੀ ਵਜੋਂ ਹੋਈ ਹੈ, ਜੋ ਕਿ ਭੈਣ-ਭਰਾ ਹਨ।

ਜਾਣਕਾਰੀ ਅਨੁਸਾਰ, ਪੱਥਰਾਂ ਨਾਲ ਲੱਦਿਆ ਇੱਕ ਟਰੱਕ ਅਚਾਨਕ ਬੇਕਾਬੂ ਹੋ ਕੇ ਸੜਕ ਕੰਢੇ ਬਣੀ ਝੋਪੜੀ 'ਤੇ ਜਾ ਪਲਟਿਆ। ਇਸ ਭਿਆਨਕ ਹਾਦਸੇ ਵਿੱਚ ਝੋਪੜੀ ਵਿੱਚ ਸੌਂ ਰਹੇ ਦੋ ਮਾਸੂਮ ਬੱਚਿਆਂ ਦੀ ਜਾਨ ਚਲੀ ਗਈ, ਜਦਕਿ ਦੋ ਹੋਰ ਬੱਚੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।

ਪ੍ਰਾਪਤ ਜਾਣਕਾਰੀ ਅਨੁਸਾਰ, ਸਿੱਧਵਾਂ ਬੇਟ ਵਾਲੇ ਪਾਸੇ ਤੋਂ ਆ ਰਿਹਾ ਇਹ ਟਰੱਕ ਜਗਰਾਉਂ ਨੇੜੇ ਬਣੀ ਸੇਮ ਦੇ ਨੇੜੇ ਅਚਾਨਕ ਪਲਟ ਗਿਆ। ਜਿੱਥੇ ਟਰੱਕ ਪਲਟਿਆ, ਉਥੇ ਖਿਡਾਉਣੇ ਵੇਚਣ ਵਾਲੇ ਮਜ਼ਦੂਰ ਪਰਿਵਾਰ ਨੇ ਆਪਣੇ ਬੱਚਿਆਂ ਸਮੇਤ ਝੋਪੜੀ ਪਾ ਰੱਖੀ ਸੀ। ਟਰੱਕ ਦੇ ਪਲਟਣ ਨਾਲ ਭਾਰੀ ਪੱਥਰ ਝੋਪੜੀ 'ਤੇ ਡਿੱਗ ਪਏ, ਜਿਸ ਕਾਰਨ ਸੱਤ ਸਾਲਾ ਬੱਚੀ ਪਿੰਕੀ ਅਤੇ ਉਸ ਦੇ ਪੰਜ ਸਾਲਾ ਭਰਾ ਗੋਪਾਲ ਪੱਥਰਾਂ ਹੇਠ ਦਬ ਕੇ ਮੌਕੇ 'ਤੇ ਹੀ ਮਾਰੇ ਗਏ।

ਘਟਨਾ ਸਥਾਨ ਮੌਕੇ 'ਤੇ ਪੁੱਜੀ ਰਾਹਤ ਟੀਮ ਨੇ ਦੋ ਘੰਟੇ ਦੀ ਸਖ਼ਤ ਜੱਦੋ-ਜਹਿਦ ਤੋਂ ਬਾਅਦ ਦੋ ਹੋਰ ਬੱਚਿਆਂ ਸਨਦੀਪ ਤੇ ਮਨਦੀਪ ਨੂੰ ਪੱਥਰਾਂ ਹੇਠੋਂ ਜਿਉਂਦਾ ਕੱਢ ਲਿਆ, ਪਰ ਉਨ੍ਹਾਂ ਦੀ ਹਾਲਤ ਵੀ ਗੰਭੀਰ ਦੱਸੀ ਜਾ ਰਹੀ ਹੈ ਜ਼ੋ ਕਿ ਜਗਰਾਓਂ ਸਿਵਲ ਹਸਪਤਾਲ ਵਿਚ ਜੇਰੇ ਇਲਾਜ ਹਨ । ਇਸ ਦਰਮਿਆਨ ਟਰੱਕ ਵਿੱਚ ਫਸਿਆ ਡਰਾਈਵਰ ਅਗਲੇ ਸ਼ੀਸ਼ੇ ਨੂੰ ਤੋੜ ਕੇ ਮੌਕੇ ਤੋਂ ਫਰਾਰ ਹੋ ਗਿਆ।

ਇਹ ਹਾਦਸਾ ਸੜਕ ਕੰਢੇ ਰਹਿ ਰਹੇ ਗਰੀਬ ਮਜ਼ਦੂਰ ਪਰਿਵਾਰਾਂ ਦੀ ਅਸੁਰੱਖਿਅਤ ਜ਼ਿੰਦਗੀ ਦੀ ਇੱਕ ਹੋਰ ਦਰਦਨਾਕ ਦਾਸਤਾਨ ਬਿਆਨ ਕਰਦਾ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਫਰਾਰ ਡਰਾਈਵਰ ਦੀ ਭਾਲ ਜਾਰੀ ਹੈ।

Related Post