Jandiala Guru ਵਿਖੇ ਇੱਕ ਘਰ 'ਚ ਵੱਡੀ ਲੁੱਟ, ਪਰਿਵਾਰ ਨੂੰ ਬੰਧਕ ਬਣਾ ਕੇ ਸੋਨਾ ਤੇ ਨਕਦੀ ਲੈ ਗਏ ਲੁਟੇਰੇ
Jandiala Guru News : ਅੰਮ੍ਰਿਤਸਰ ਜ਼ਿਲ੍ਹੇ ਦੇ ਜੰਡਿਆਲਾ ਗੁਰੂ ਇਲਾਕੇ ਵਿੱਚ ਮੰਗਲਵਾਰ ਤੜਕੇ ਇੱਕ ਘਰ ਵਿੱਚ ਲੁੱਟ ਦੀ ਗੰਭੀਰ ਵਾਰਦਾਤ ਸਾਹਮਣੇ ਆਈ ਹੈ। ਤੜਕਸਾਰ ਕਰੀਬ 3 ਵਜੇ ਦੇ ਆਸ-ਪਾਸ 10 ਤੋਂ 12 ਅਣਪਛਾਤੇ ਨੌਜਵਾਨ ਇੱਕ ਰਿਹਾਇਸ਼ੀ ਘਰ ਵਿੱਚ ਜ਼ਬਰਦਸਤੀ ਦਾਖ਼ਲ ਹੋ ਗਏ। ਲੁਟੇਰਿਆਂ ਨੇ ਖੁਦ ਨੂੰ ਪੁਲਿਸ ਕਰਮੀ ਦੱਸ ਕੇ ਪਰਿਵਾਰ ਦਾ ਭਰੋਸਾ ਜਿੱਤਿਆ ਅਤੇ ਫਿਰ ਅਚਾਨਕ ਡਰਾ ਧਮਕਾ ਕੇ ਸਾਰੇ ਪਰਿਵਾਰ ਨੂੰ ਇੱਕ ਕਮਰੇ ਵਿੱਚ ਬੰਧਕ ਬਣਾ ਦਿੱਤਾ।
ਘਰ ਦੀ ਮਾਲਕਣ ਜਸਬੀਰ ਕੌਰ ਨੇ ਦੱਸਿਆ ਕਿ ਲੁਟੇਰੇ ਹਥਿਆਰਾਂ ਨਾਲ ਲੈਸ ਸਨ ਅਤੇ ਉਨ੍ਹਾਂ ਕੋਲ ਡੰਡੇ ਤੇ ਨੁਕੀਲੇ ਹਥਿਆਰ ਸਨ। ਲੁਟੇਰਿਆਂ ਨੇ ਪਰਿਵਾਰ ਨੂੰ ਕਮਰੇ ਵਿੱਚ ਬੰਦ ਕਰ ਬਾਹਰੋਂ ਕੁੰਡੀ ਲਾ ਦਿੱਤੀ ਅਤੇ ਫਿਰ ਬੇਰੋਕਟੋਕ ਘਰ ਦੇ ਹਰ ਕਮਰੇ ਦੀ ਤਲਾਸ਼ੀ ਲੈਂਦੇ ਰਹੇ। ਇਸ ਦੌਰਾਨ ਅਲਮਾਰੀਆਂ, ਬਕਸੇ ਅਤੇ ਹੋਰ ਸਾਮਾਨ ਉਲਟ-ਪਲਟ ਕਰਕੇ ਸੋਨੇ ਦੇ ਗਹਿਣੇ ਅਤੇ ਕੁਝ ਨਕਦੀ ਲੁੱਟ ਲਈ ਗਈ।
ਜਸਬੀਰ ਕੌਰ ਮੁਤਾਬਕ ਘਟਨਾ ਸਮੇਂ ਘਰ ਦਾ ਇੱਕ ਮੈਂਬਰ ਸਬਜ਼ੀ ਮੰਡੀ ਗਿਆ ਹੋਇਆ ਸੀ, ਜਿਸ ਦਾ ਲੁਟੇਰਿਆਂ ਨੇ ਫਾਇਦਾ ਚੁੱਕਿਆ। ਲੁਟੇਰੇ ਘਰ ਦਾ ਮੁੱਖ ਦਰਵਾਜ਼ਾ ਜ਼ਬਰ ਨਾਲ ਨਹੀਂ ਤੋੜਿਆ, ਸਗੋਂ ਕਿਰਚ ਜਾਂ ਕਿਸੇ ਨੁਕੀਲੇ ਸੰਦ ਨਾਲ ਕੁੰਡੀ ਖੋਲ੍ਹ ਕੇ ਅੰਦਰ ਦਾਖ਼ਲ ਹੋਏ। ਵਾਰਦਾਤ ਤੋਂ ਬਾਅਦ ਲੁਟੇਰੇ ਆਸਾਨੀ ਨਾਲ ਫਰਾਰ ਹੋ ਗਏ।
ਘਟਨਾ ਦੀ ਸੂਚਨਾ ਮਿਲਦੇ ਹੀ ਜੰਡਿਆਲਾ ਗੁਰੂ ਥਾਣਾ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਪੀੜਤ ਪਰਿਵਾਰ ਦੇ ਬਿਆਨ ਦਰਜ ਕੀਤੇ। ਪੁਲਿਸ ਨੇ ਅਣਪਛਾਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਲਾਕੇ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲੀ ਜਾ ਰਹੀ ਹੈ, ਜਿਸ ਵਿੱਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੁਟੇਰੇ ਵਾਰਦਾਤ ਤੋਂ ਪਹਿਲਾਂ ਬਾਹਰ ਖੜ੍ਹ ਕੇ ਆਪਸ ਵਿੱਚ ਗੱਲਬਾਤ ਕਰ ਰਹੇ ਹਨ ਅਤੇ ਫਿਰ ਯੋਜਨਾਬੱਧ ਢੰਗ ਨਾਲ ਘਰ ਵਿੱਚ ਦਾਖ਼ਲ ਹੁੰਦੇ ਹਨ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਗੰਭੀਰ ਹੈ ਅਤੇ ਕਈ ਟੀਮਾਂ ਬਣਾਕੇ ਦੋਸ਼ੀਆਂ ਦੀ ਤਲਾਸ਼ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਅਤੇ ਸਥਾਨਕ ਲੋਕਾਂ ਨੇ ਪੁਲਿਸ ਤੋਂ ਰਾਤੀ ਗਸ਼ਤ ਤੇ ਸੁਰੱਖਿਆ ਵਧਾਉਣ ਦੀ ਮੰਗ ਕੀਤੀ ਹੈ।
- PTC NEWS