AAP ਸਰਕਾਰ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵਾਂਗ ਕੰਮ ਕਰ ਰਹੀ ਹੈ, ਇੱਕ ਸਰਕਾਰ ਵਾਂਗ ਨਹੀਂ : ਸੁਖਬੀਰ ਸਿੰਘ ਬਾਦਲ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇੱਕ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਕ ਇਵੈਂਟ ਮੈਨੇਜਮੈਂਟ ਕੰਪਨੀ ਵਾਂਗ ਕੰਮ ਕਰ ਰਹੀ ਹੈ, ਇੱਕ ਸਰਕਾਰ ਵਾਂਗ ਨਹੀਂ। ਅੱਜ ਦਾ ਸਪੈਸ਼ਲ ਸੈਸ਼ਨ ਸਿਰਫ਼ ਇੱਕ ਮੀਡੀਆ ਸਟੰਟ ਹੈ, ਪਿਛਲੇ ਸੈਸ਼ਨਾਂ ਵਾਂਗ ਇਸ ਤੋਂ ਵੀ ਪੰਜਾਬੀਆਂ ਨੂੰ ਕੋਈ ਅਸਲ ਲਾਭ ਨਹੀਂ ਮਿਲਣਾ।
ਆਪ ਸਰਕਾਰ ਨੇ ਪਹਿਲਾਂ ਵੀ ਕਈ ਵਾਰੀ ਅਜਿਹੇ ਵਿਸ਼ੇਸ਼ ਸੈਸ਼ਨ ਬੁਲਾਏ ਹਨ ਪਰ ਬੀਬੀਐੱਮਬੀ (BBMB), ਆਰਡੀਐੱਫ (RDF), ਨਸ਼ਿਆਂ (Drugs) ਅਤੇ ਹੜ੍ਹ ਪੀੜਤਾਂ ਦੀ ਮਦਦ ਤੇ ਮੁੜ ਵਸੇਬੇ ਸੰਬੰਧੀ ਪਾਸ ਕੀਤੇ ਪ੍ਰਸਤਾਵਾਂ ‘ਤੇ ਕੋਈ ਢੰਗ ਦਾ ਅਮਲ ਨਹੀਂ ਕੀਤਾ ਗਿਆ। ਸ਼੍ਰੋਮਣੀ ਅਕਾਲੀ ਦਲ ਮੰਗ ਕਰਦਾ ਹੈ ਕਿ ਆਪ ਸਰਕਾਰ ਜਵਾਬ ਦੇਵੇ ਕਿ ਉਹ ਝੂਠੀਆਂ ਮਸ਼ਹੂਰੀਆਂ ਤੇ ਪ੍ਰਚਾਰ ਤੋਂ ਸਿਵਾਏ ਵੀਬੀ ਜੀ ਰਾਮ ਜੀ (VB G RAM G) ਦੇ ਲਾਭਪਾਤਰੀਆਂ ਦੇ ਹਿੱਤ ਵਿੱਚ ਅਸਲ ਵਿੱਚ ਕੀ ਕਰਨ ਜਾ ਰਹੀ ਹੈ ।
ਕਿਉੁਂਕਿ ਮਨਰੇਗਾ ਦੇ ਮਾਮਲੇ ਵਿੱਚ ਆਪ ਸਰਕਾਰ ਦਾ ਰਿਕਾਰਡ ਬਹੁਤ ਹੀ ਨਿਰਾਸ਼ਾਜਨਕ ਰਿਹਾ ਹੈ, ਗਰੀਬਾਂ ਨੂੰ ਸਾਲਾਨਾ ਔਸਤਨ ਸਿਰਫ਼ 25-30 ਦਿਨਾਂ ਦਾ ਕੰਮ ਮਿਲਦਾ ਸੀ, ਜੋ ਪੂਰੇ ਦੇਸ਼ ਵਿੱਚੋਂ ਸਭ ਤੋਂ ਘੱਟ ਸੀ, ਕਿਉਂਕਿ ਸੂਬਾ ਸਰਕਾਰ ਸਕੀਮ ਲਈ ਸੂਬੇ ਵੱਲੋਂ ਦਿੱਤੀ ਜਾਣ ਵਾਲੀ 10 ਫ਼ੀਸਦੀ ਰਕਮ ਦੇਣ ਵਿੱਚ ਵੀ ਅਸਫ਼ਲ ਰਹੀ। ਗਰੀਬਾਂ ਨੂੰ ਲਾਭ ਪਹੁੰਚਾਉਣ ਦੀ ਬਜਾਏ, ਇਸ ਸਰਕਾਰ ਨੇ ਕਰੋੜਾਂ ਰੁਪਏ ਆਪਣੀ ਝੂਠੀ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ‘ਤੇ ਉਡਾ ਦਿੱਤੇ। ਪੰਜਾਬ ਦੇ “ਕਿਰਤੀ ਮਜ਼ਦੂਰ ਭਾਈਚਾਰੇ” ਨੂੰ ਅਸਲ ਰੋਜ਼ਗਾਰ ਦੀ ਲੋੜ ਹੈ, ਇਸ ਤਮਾਸ਼ੇ ਦੀ ਨਹੀਂ।
- PTC NEWS