Sukhbir Singh Badal ਨੇ ਸਨੌਰ ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ’ਤੇ ਜਤਾਇਆ ਗਹਿਰਾ ਦੁੱਖ
Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਟਵੀਟ ਕਰਦਿਆਂ ਕਿਹਾ ਕਿ ਕੱਲ੍ਹ ਸਨੌਰ (ਪਟਿਆਲਾ) ਵਿਖੇ ਵਾਪਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਮੰਦਭਾਗੀ ਘਟਨਾ ’ਤੇ ਗਹਿਰਾ ਦੁੱਖ ਅਤੇ ਰੋਸ ਪ੍ਰਗਟ ਕਰਦਾ ਹਾਂ ਅਤੇ ਮੰਗ ਕਰਦਾ ਹਾਂ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ। ਆਮ ਆਦਮੀ ਪਾਰਟੀ ਦੀ ਸਰਕਾਰ ਦੌਰਾਨ ਪੰਜਾਬ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਘਟਨਾਵਾਂ ਲਗਾਤਾਰ ਵੱਧ ਰਹੀਆਂ ਹਨ ਅਤੇ ਸਰਕਾਰ ਇਹਨਾਂ ਨੂੰ ਰੋਕਣ ਵਿੱਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋ ਰਹੀ ਹੈ।
ਉਨਾਂ ਕਿਹਾ ਕਿ ਇੱਕ ਰਿਪੋਰਟ ਮੁਤਾਬਿਕ ਪਿਛਲੇ ਚਾਰ ਸਾਲਾਂ ਅੰਦਰ ਤਕਰੀਬਨ 100 ਦੇ ਕਰੀਬ ਅਜਿਹੀਆਂ ਹਿਰਦੇ ਵਲੂੰਧਰੇ ਜਾਣ ਵਾਲੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ, ਪਰ ਇਹ ਸਰਕਾਰ ਅਜਿਹੇ ਭਾਵੁਕ ਮੌਕਿਆਂ 'ਤੇ ਵੀ ਕੇਵਲ ਸਿਆਸਤ ਹੀ ਖੇਡਦੀ ਰਹੀ ਹੈ।
ਵੱਡੀ ਬੇਸ਼ਰਮੀ ਦੀ ਗੱਲ ਤਾਂ ਇਹ ਹੈ ਕਿ ਇਸ ਸਰਕਾਰ ਨੇ ਆਪ ਸੁਲਤਾਨਪੁਰ ਲੋਧੀ ਵਿਖੇ ਗੁਰੂ ਘਰ 'ਚ ਜੋੜਿਆਂ ਸਮੇਤ ਪੁਲਿਸ ਵਾੜ ਕੇ ਫਾਇਰਿੰਗ ਵੀ ਕਰਵਾਈ, ਸ੍ਰੀ ਅਖੰਡ ਪਾਠ ਸਾਹਿਬ ਖੰਡਿਤ ਕੀਤੇ ਅਤੇ ਫ਼ਿਰ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਬਜਾਏ ਇਸ ਖ਼ਬਰ ਨੂੰ ਦਬਾਉਣ ਲਈ ਹਰ ਹੀਲਾ ਵਰਤਿਆ। ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਹਾਂ ਕਿ ਇਨ੍ਹਾਂ ਭਾਈਚਾਰਕ ਸਾਂਝ ਨੂੰ ਲਾਂਬੂ ਲਾਉਣ ਵਾਲੇ ਫਰੇਬੀਆਂ ਨੂੰ ਪਛਾਣੀਏ ਕਿਉਂਕਿ ਇਹਨਾਂ ਦੇ ਵਿਧਾਇਕ ਅਤੇ ਹੋਰ ਆਗੂ ਆਪ ਮਾਨਯੋਗ ਅਦਾਲਤਾਂ ਵੱਲੋਂ ਬੇਅਦਬੀਆਂ ਦੇ ਦੋਸ਼ੀ ਕਰਾਰ ਦਿੱਤੇ ਜਾ ਚੁੱਕੇ ਹਨ।
- PTC NEWS