Mansa 'ਚ ਸੰਘਣੀ ਧੁੰਦ ਕਾਰਨ ਪਿਕਅੱਪ ਗੱਡੀ ਨਹਿਰ 'ਚ ਡਿੱਗੀ, 14 ਲੋਕ ਸਨ ਸਵਾਰ
Mansa News : ਮਾਨਸਾ ਜ਼ਿਲ੍ਹੇ ਦੇ ਬਰੇਟਾ ਨੇੜੇ ਧੁੰਦ ਕਾਰਨ ਇੱਕ ਬੋਲੈਰੋ ਪਿਕਅੱਪ ਗੱਡੀ ਨਹਿਰ ਵਿੱਚ ਡਿੱਗ ਗਈ ਹੈ। ਸਥਾਨਕ ਲੋਕਾਂ ਨੇ 13 ਸਵਾਰੀਆਂ ਅਤੇ ਇੱਕ ਬੱਚੇ ਸਮੇਤ ਕੁੱਲ 14 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਇਹ ਘਟਨਾ ਬਰੇਟਾ ਦੇ ਨੇੜੇ ਬਖਸ਼ੀਵਾਲਾ ਪਿੰਡ ਨੇੜੇ ਨਹਿਰ ਦੇ ਕੰਢੇ ਸਵੇਰੇ 11 ਵਜੇ ਵਾਪਰੀ। ਸੰਘਣੀ ਧੁੰਦ ਕਾਰਨ ਇੱਕ ਬੋਲੈਰੋ ਪਿਕਅੱਪ ਅਤੇ ਇੱਕ ਆਲਟੋ ਕਾਰ ਵਿਚਕਾਰ ਟੱਕਰ ਹੋ ਗਈ। ਟੱਕਰ ਤੋਂ ਬਾਅਦ ਬੋਲੈਰੋ ਪਿਕਅੱਪ ਗੱਡੀ ਬੇਕਾਬੂ ਹੋ ਕੇ ਨਹਿਰ ਵਿੱਚ ਡਿੱਗ ਗਈ। ਕਾਰ ਵਿੱਚ ਸਵਾਰ ਲੋਕ ਵੀ ਸੁਰੱਖਿਅਤ ਹਨ।
ਭੋਗ ਸਮਾਗਮ 'ਤੇ ਜਾ ਰਹੇ ਸੀ ਸਾਰੇ
ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਵਿੱਚ ਸਵਾਰ ਲੋਕ ਬਖਸ਼ੀਵਾਲਾ ਪਿੰਡ ਤੋਂ ਸੇਖੂਵਾਸ 'ਚ ਕਿਸੇ ਭੋਗ ਸਮਾਗਮ 'ਚ ਜਾ ਰਹੇ ਸਨ। ਹਾਦਸੇ ਦੀ ਖ਼ਬਰ ਮਿਲਦੇ ਹੀ ਨੇੜਲੇ ਪਿੰਡ ਵਾਸੀ ਤੁਰੰਤ ਮੌਕੇ 'ਤੇ ਪਹੁੰਚੇ ਅਤੇ ਆਪਣੀ ਮੁਸਤੈਦੀ ਨਾਲ ਨਹਿਰ ਵਿੱਚ ਡਿੱਗੀ ਗੱਡੀ ਵਿੱਚੋਂ ਸਾਰੇ 14 ਲੋਕਾਂ ਨੂੰ ਬਚਾਉਣ ਵਿੱਚ ਮਦਦ ਕੀਤੀ।
ਮਾਮਲੇ ਦੀ ਜਾਂਚ ਕਰ ਰਹੀ ਪੁਲਿਸ
ਬਰੇਟਾ ਪੁਲਿਸ ਸਟੇਸ਼ਨ ਦੇ ਇੰਚਾਰਜ ਮੇਲਾ ਸਿੰਘ ਅਤੇ ਕੁਲਦੀਪ ਸਿੰਘ ਨੇ ਘਟਨਾ ਦੀ ਪੁਸ਼ਟੀ ਕੀਤੀ। ਉਨ੍ਹਾਂ ਦੱਸਿਆ ਕਿ ਸਵੇਰ ਦੀ ਧੁੰਦ ਕਾਰਨ ਬਖਸ਼ੀਵਾਲਾ ਨਹਿਰ ਨੇੜੇ ਟੱਕਰ ਹੋਈ, ਜਿਸ ਕਾਰਨ ਬੋਲੇਰੋ ਗੱਡੀ ਨਹਿਰ ਵਿੱਚ ਡਿੱਗ ਗਈ। ਅਧਿਕਾਰੀਆਂ ਨੇ ਇਹ ਵੀ ਪੁਸ਼ਟੀ ਕੀਤੀ ਕਿ ਗੱਡੀ ਵਿੱਚ ਸਵਾਰ ਸਾਰੇ ਲੋਕਾਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।
- PTC NEWS