Shiromani Akali Dal ਨੇ AAP ਸਰਕਾਰ ਵੱਲੋਂ ਵਿਧਾਨ ਸਭਾ 'ਚ ਪੇਸ਼ ਕੀਤੇ ਮਨਰੇਗਾ ਸਕੀਮ ਸਬੰਧੀ ਪ੍ਰਸਤਾਵ 'ਤੇ ਚੁੱਕੇ ਸਵਾਲ
Shiromani Akali Dal : ਸ਼੍ਰੋਮਣੀ ਅਕਾਲੀ ਦਲ ,ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਵਿਧਾਨ ਸਭਾ ਵਿੱਚ ਮਨਰੇਗਾ ਸਕੀਮ ਸੰਬੰਧੀ ਪ੍ਰਸਤਾਵ ਪਾਸ ਕਰਦੇ ਸਮੇਂ ਆਪਣੇ ਸਿਆਸੀ ਹਿੱਤਾਂ ਨੂੰ ਪ੍ਰੇਰਿਤ ਅਤੇ ਚਲਾਕੀਆਂ ਨਾਲ ਬੋਲੇ ਝੂਠਾਂ ਦੀ ਸਖ਼ਤ ਨਿੰਦਾ ਕਰਦਾ ਹੈ। ਆਮ ਆਦਮੀ ਪਾਰਟੀ ਪੰਜਾਬੀਆਂ ਨੂੰ ਇਹ ਕਹਿ ਕੇ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਇਸ ਮਸਲੇ ’ਤੇ ਚੁੱਪ ਰਿਹਾ ਹੈ, ਜਦਕਿ ਸੱਚ ਇਸਦੇ ਬਿਲਕੁਲ ਉਲਟ ਹੈ । ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਹਾਂ ਸਰਕਾਰਾਂ ਵੱਲੋਂ ਮਨਰੇਗਾ ਸਕੀਮ ਵਿੱਚ ਕੀਤੇ ਵੱਡੇ ਭ੍ਰਿਸ਼ਟਾਚਾਰਾਂ ਨੂੰ ਵਾਰ-ਵਾਰ ਬੇਨਕਾਬ ਕੀਤਾ ਹੈ ।
ਅਸਲ ਹਕੀਕਤ ਇਹ ਹੈ ਕਿ ਭਗਵੰਤ ਮਾਨ ਸਰਕਾਰ ਮਨਰੇਗਾ ਸਕੀਮ ਲਾਗੂ ਕਰਨ ਦੇ ਮਾਮਲੇ ਵਿੱਚ ਦੇਸ਼ ਦੇ ਬਾਕੀ ਸਾਰੇ ਸੂਬਿਆਂ ਤੋਂ ਪੱਛੜੀ ਹੈ, ਕਿਉਂਕਿ ਇਹ ਸਕੀਮ ਵਿੱਚ ਆਪਣਾ ਬਣਦਾ 10 ਫ਼ੀਸਦੀ ਹਿੱਸਾ ਪਾਉਣ ਤੋਂ ਵੀ ਅਸਮਰੱਥ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਇਸ ਭ੍ਰਿਸ਼ਟਾਚਾਰ ਦੀ ਨਿਰਪੱਖ ਜਾਂਚ ਦੀ ਮੰਗ ਕਰਦਾ ਹੈ, ਜਿਸਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਸਰਕਾਰ ਨੇ ਹਰ ਸਾਲ ਇਸ ਸਕੀਮ ਰਾਹੀਂ ਗਰੀਬਾਂ ਨੂੰ ਮਿਲਣ ਵਾਲੇ ਸੈਂਕੜੇ ਕਰੋੜਾਂ ਰੁਪਏ ਆਪਣੇ ਝੂਠੇ ਪ੍ਰਚਾਰ ਅਤੇ ਫੋਕੀ ਇਸ਼ਤਿਹਾਰਬਾਜ਼ੀ ਦੇ ਸਟੰਟਾਂ ’ਤੇ ਖਰਚ ਕੀਤੇ ਹਨ। ਆਪਣੀਆਂ ਨਾਕਾਮੀਆਂ ਦਾ ਠੀਕਰਾ ਦੂਜਿਆਂ ਸਿਰ ਭੰਨਣ ਅਤੇ ਵਿਧਾਨ ਸਭਾ ਵਿੱਚ ਸਿਆਸੀ ਮਕਸਦ ਲਈ ਪ੍ਰਸਤਾਵ ਪਾਸ ਕਰਕੇ ਘਟੀਆ ਰਾਜਨੀਤੀ ਕਰਨ ਨਾਲੋਂ, ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬੀਆਂ ਨੂੰ ਇਸ ਗੱਲ ਦਾ ਜਵਾਬ ਦੇਵੇ ਕਿ ਉਸਨੇ ਮਨਰੇਗਾ ਸਕੀਮ ਦੇ ਲਾਭ ਪੰਜਾਬੀਆਂ ਨੂੰ ਕਿਉਂ ਨਹੀਂ ਦਿੱਤੇ।
- PTC NEWS