ਜਨਮ ਦਿਨ ਦਾ ਕੇਕ ਕੱਟਣ ਨੂੰ ਲੈ ਕੇ ਹੋਇਆ ਝਗੜਾ ,ਚੱਲੀਆਂ ਗੋਲ਼ੀਆਂ
ਲੁਧਿਆਣਾ : ਬੀਤੀ ਰਾਤ ਤਾਜਪੁਰ ਰੋਡ ਤੇ ਪੁਨੀਤ ਨਗਰ ਚ ਜਨਮਦਿਨ ਦੀ ਪਾਰਟੀ ਮਨਾ ਰਹੇ ਨੌਜਵਾਨਾਂ ਵੱਲੋਂ ਹੁੱਲੜਬਾਜ਼ੀ ਕਰਨ ਦੇ ਚਲਦਿਆਂ ਇਕ ਵਿਅਕਤੀ ਵੱਲੋਂ ਰੋਕਿਆ ਗਿਆ ਤਾਂ ਤਕਰਾਰ ਇੰਨਾ ਵਧ ਗਿਆ ਕਿ ਉੱਥੇ ਕੁਝ ਹੁੱਲੜਬਾਜ਼ਾਂ ਨੇ ਗੋਲ਼ੀਆਂ ਚਲਾ ਦਿੱਤੀਆਂ। ਇਸ ਨਾਲ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ। ਮੌਕੇ ਉਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਚਸ਼ਮਦੀਦਾਂ ਅਨੁਸਾਰ ਇਕ ਨੌਜਵਾਨ ਦਾ ਜਨਮਦਿਨ ਮਨਾਉਣ ਮੌਕੇ ਰੋਡ ਉਤੇ ਕੇਕ ਕੱਟਣ ਨੂੰ ਲੈ ਕੇ ਝਗੜਾ ਸ਼ੁਰੂ ਹੋਇਆ। ਨੌਜਵਾਨ ਰੋਡ ਉਤੇ ਕੇਕ ਕੱਟਣ ਨੂੰ ਮਨ੍ਹਾਂ ਕਰ ਰਹੇ ਸਨ। ਇਸ ਦੌਰਾਨ ਵਿਵਾਦ ਇੰਨਾ ਵਧ ਗਿਆ ਕਿ ਕੁਝ ਨੌਜਵਾਨਾਂ ਨੇ ਗੋਲ਼ੀ ਚਲਾ ਦਿੱਤੀ। ਇਸ ਦੌਰਾਨ ਇਸ ਨੌਜਵਾਨ ਦੇ ਮੋਢੇ ਅਤੇ ਇਕ ਦੇ ਲੱਤ ਉਤੇ ਗੋਲ਼ੀ ਲੱਗੀ ਹੈ। ਜਿਹੜੇ ਕਿ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹਨ। ਹੁੱਲੜਬਾਜ਼ਾਂ ਨੇ ਚਾਰ ਤੋਂ ਪੰਜ ਗੱਡੀਆਂ ਦੀ ਭੰਨਤੋੜ ਵੀ ਬੁਰੀ ਤਰ੍ਹਾਂ ਕੀਤੀ। ਇਸ ਤੋਂ ਇਲਾਵਾ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਮੁਲਜ਼ਮਾਂ ਦੀ ਪਛਾਣ ਹੋ ਚੁੱਕੀ ਹੈ। ਪੁਲਿਸ ਨੂੰ ਚਾਰ ਤੋਂ ਪੰਜ ਚੱਲੇ ਹੋਏ ਖੋਲ ਬਰਾਮਦ ਹੋਏ ਹਨ। ਪੁਲਿਸ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਪੁਲਿਸ ਦਾ ਕਹਿਣਾ ਹੈ ਕਿ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਫਿਲਹਾਲ ਉਨ੍ਹਾਂ ਦੀ ਜਾਨ ਨੂੰ ਕੋਈ ਖ਼ਤਰਾ ਨਹੀਂ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹੁੱਲੜਬਾਜ਼ਾਂ ਨੇ ਗੁੰਡਾਗਰਦੀ ਦਾ ਨੰਗਾ ਨਾਚ ਕੀਤਾ ਹੈ। ਜਿਸ ਕਾਰਨ ਇਲ਼ਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਲੋਕ ਕਾਫੀ ਡਰੇ ਹੋਏ ਅਤੇ ਮੁਲਜ਼ਮ ਖ਼ਿਲਾਫ਼ ਸਖ਼ਤ ਕਾਰਵਾਈ ਕਰਨ ਦੀ ਮੰਗ ਕਰ ਰਹੇ ਹਨ। ਇਹ ਵੀ ਪੜ੍ਹੋ : ਗੁਰੂਹਰਸਹਾਏ 'ਚ ਅੱਗ ਲੱਗਣ ਨਾਲ ਕਈ ਏਕੜ ਕਣਕ ਸੜ ਕੇ ਹੋਈ ਸੁਆਹ