ਅਣਪਛਾਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ, ਸਟੇਸ਼ਨ 'ਤੇ ਸੁੱਟੀ ਲਾਸ਼
ਫਗਵਾੜਾ: ਫਗਵਾੜਾ 'ਚ ਅਣਪਛਾਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਕਾਤਲਾਂ ਨੇ ਉਸ ਦੀ ਲਾਸ਼ ਪਿੰਡ ਚਹੇੜੂ ਰੇਲਵੇ ਸਟੇਸ਼ਨ ਦੇ ਨੇੜੇ ਸੁੱਟਣ ਦੀ ਸਨਸਨੀਖੇਜ਼ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਕ ਜਿਸ ਅਣਪਛਾਤੇ ਨੌਜਵਾਨ ਦਾ ਕਤਲ ਕੀਤਾ ਗਿਆ ਹੈ ਉਸ ਦੇ ਸਿਰ ਤੇ ਕਾਤਲਾਂ ਨੇ ਬੇਰਹਿਮੀ ਨਾਲ ਤੇਜ਼ਧਾਰ ਦਾਤਰਾਂ ਨਾਲ ਕਈ ਵਾਰ ਕੀਤੇ ਹਨ। ਕਤਲ ਦਾ ਸ਼ਿਕਾਰ ਹੋਏ ਨੌਜਵਾਨ ਦੀ ਉਮਰ 24- 25 ਸਾਲ ਦੇ ਆਸਪਾਸ ਜਾਪ ਰਹੀ ਹੈ ਅਤੇ ਉਸ ਦੀ ਇਕ ਬਾਂਹ ਤੇ ਅੰਗਰੇਜ਼ੀ 'ਚ ਨਾਮ ਲਿਖੇ ਹੋਏ ਸ਼ਬਦਾਂ ਨਾਲ ਟੈਟੂ ਆਦਿ ਬਣੇ ਹੋਏ ਹਨ।
ਗੱਲਬਾਤ ਕਰਦੇ ਹੋਏ ਜੀਆਰਪੀ ਦੇ ਐਸਐਚਓ ਬਲਬੀਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਨੌਜਵਾਨ ਦੀ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਹੈ ਅਤੇ ਇਸ ਦੀ ਸ਼ਨਾਖਤ ਲਈ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਪੁਲਸ ਨੇ ਅਣਪਛਾਤੇ ਕਾਤਲਾਂ ਖ਼ਿਲਾਫ਼ ਧਾਰਾ 302,201,34 ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਇੰਜ ਜਾਪ ਰਿਹਾ ਹੈ ਕਿ ਨੌਜਵਾਨ ਦਾ ਬਹੁਤ ਹੀ ਬੇਰਹਿਮੀ ਨਾਲ ਕਤਲ ਕਿਸੇ ਹੋਰ ਥਾਂ ਤੇ ਕਰਕੇ ਕਾਤਲਾਂ ਨੇ ਉਸ ਦੀ ਲਾਸ਼ ਨੂੰ ਪਿੰਡ ਚਹੇੜੂ ਰੇਲਵੇ ਸਟੇਸ਼ਨ ਦੇ ਲਾਗੇ ਲਾਵਾਰਸ ਥਾਂ ਤੇ ਸੋਚੇ ਸਮਝੇ ਪਲੈਨ ਮੁਤਾਬਕ ਸੁੱਟਿਆ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਨੂੰ ਮੌਕੇ ਤੇ ਖੂਨ ਦੇ ਨਿਸ਼ਾਨ ਵੀ ਵੇਖਣ ਨੂੰ ਨਹੀਂ ਮਿਲੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨ ਦੇ ਸਿਰ ਤੇ ਤੇਜ਼ਧਾਰ ਦਾਤਰਾਂ ਨਾਲ ਬਹੁਤ ਹੀ ਬੇਰਹਿਮੀ ਨਾਲ ਕਈ ਡੂੰਘੇ ਵਾਰ ਕੀਤੇ ਗਏ ਹਨ।
ਇਹ ਪੁੱਛੇ ਜਾਣ ਤੇ ਕਿ ਇਹ ਕਤਲ ਕਿਉਂ ਕੀਤਾ ਗਿਆ ਹੋ ਸਕਦਾ ਹੈ ਉਨ੍ਹਾਂ ਕਿਹਾ ਕਿ ਹਾਲੇ ਤੱਕ ਕੀਤੀ ਗਈ ਪੁਲਸ ਪੜਤਾਲ 'ਚ ਕੁਝ ਵੀ ਪਤਾ ਨਹੀਂ ਲੱਗ ਸਕਿਆ ਹੈ ਅਤੇ ਪੁਲਸ ਵੱਲੋਂ ਕਤਲ ਕੀਤੇ ਗਏ ਨੌਜਵਾਨ ਦੀ ਅਸਲ ਪਛਾਣ ਨੂੰ ਲੈ ਕੇ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮ੍ਰਿਤਕ ਨੌਜਵਾਨ ਦੀ ਪਛਾਣ ਹੋਣ ਤੋਂ ਬਾਅਦ ਪੁਲਸ ਅਗਲੀ ਕਾਰਵਾਈ ਨੂੰ ਅੰਜਾਮ ਦੇਵੇਗੀ। ਉਨ੍ਹਾਂ ਕਿਹਾ ਕਿ ਜੇਕਰ 72 ਘੰਟੇ ਬੀਤਨ ਤੋਂ ਬਾਅਦ ਬੀ ਕਤਲ ਕੀਤੇ ਗਏ ਨੌਜਵਾਨ ਦੀ ਪਛਾਣ ਨਹੀਂ ਹੁੰਦੀ ਹੈ ਤਾਂ ਪੁਲਸ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਤੈਅਸ਼ੁਦਾ ਕਾਨੂੰਨ ਮੁਤਾਬਕ ਬਣਦੀ ਕਾਨੂੰਨੀ ਕਾਰਵਾਈ ਨੂੰ ਪੂਰਾ ਕਰੇਗੀ।
ਇਹ ਵੀ ਪੜ੍ਹੋ : ਜਹਾਜ਼ ਦੀ ਵਿੰਡਸ਼ੀਲਡ 'ਚ ਆਈਆਂ ਤਰੇੜਾਂ, ਗੋਰਖਪੁਰ ਜਾਣ ਵਾਲੀ ਉਡਾਣ ਮੁੰਬਈ ਪਰਤੀ
ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਕਤਲ ਕੀਤਾ ਗਿਆ ਅਣਪਛਾਤਾ ਨੌਜਵਾਨ ਇਲਾਕੇ 'ਚ ਇਸ ਯੂਨੀਵਰਸਿਟੀ ਦਾ ਵਿਦਿਆਰਥੀ ਹੋਵੇ। ਇਸ ਦੌਰਾਨ ਫਗਵਾੜਾ ਦੇ ਪਿੰਡ ਚਹੇੜੂ ਅਤੇ ਆਸ ਪਾਸ ਦੇ ਪਿੰਡਾਂ ਚ ਨੌਜਵਾਨ ਦੇ ਬਹੁਤ ਹੀ ਬੇਰਹਿਮੀ ਨਾਲ ਕੀਤੇ ਗਏ ਕਤਲ ਤੋਂ ਬਾਅਦ ਪਿੰਡ ਵਾਸੀਆਂ ਚ ਕਾਤਲਾਂ ਨੂੰ ਲੈ ਕੇ ਭਾਰੀ ਡਰ ਅਤੇ ਦਹਿਸ਼ਤ ਪਾਈ ਜਾ ਰਹੀ ਹੈ। ਖ਼ਬਰ ਲਿਖੇ ਜਾਣ ਤੱਕ ਪੁਲਸ ਵੱਲੋਂ ਕਤਲਕਾਂਡ ਦੀ ਜਾਂਚ ਕੀਤੀ ਜਾ ਰਹੀ ਹੈ।
(ਮੁਨੀਸ਼ ਬਾਵਾ ਦੀ ਰਿਪੋਰਟ)
-PTC News