ਝਾੜੀਆਂ 'ਚੋਂ ਮਿਲੀ ਔਰਤ ਦੀ ਸੜੀ ਹੋਈ ਲਾਸ਼, ਇਲਾਕੇ 'ਚ ਸਨਸਨੀ
ਜਲੰਧਰ : ਮਕਸੂਦਾਂ ਨਾਲ ਲੱਗਦੇ ਜ਼ਿੰਦਾ ਰੋਡ ਨੇੜੇ ਇਕ ਔਰਤ ਦੀ ਸੜੀ ਹੋਈ ਲਾਸ਼ ਬਰਾਮਦ ਹੋਣ ਨਾਲ ਇਲਾਕੇ ਵਿੱਚ ਸਨਸਨੀ ਫੈਲ ਗਈ। ਮੌਕੇ ਉੱਤੇ ਪੁੱਜੀ ਪੁਲਿਸ ਨੇ ਕਤਲ ਦਾ ਸ਼ੱਕ ਜ਼ਾਹਿਰ ਕੀਤਾ। ਸੂਚਨਾ ਮਿਲਦਿਆਂ ਹੀ ਏਸੀਪੀ ਸੁਖਜਿੰਦਰ ਸਿੰਘ, ਏਸੀਪੀ ਸੋਮਨਾਥ ਤੇ ਥਾਣਾ 1 ਦੇ ਇੰਚਾਰਜ ਸੁਰਜੀਤ ਸਿੰਘ ਮੌਕੇ ਉਤੇ ਪੁੱਜੇ ਤੇ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਕੇ ਜਾਂਚ ਸ਼ੁਰੂ ਕਰ ਦਿੱਤੀ। ਕੁਝ ਬੱਚੇ ਜ਼ਿੰਦਾ ਰੋਡ ਉਤੇ ਬਣੇ ਕੱਚੇ ਰਸਤੇ ਉਤੇ ਕ੍ਰਿਕਟ ਖੇਡ ਰਹੇ ਸਨ।
ਇਸ ਦੌਰਾਨ ਉਨ੍ਹਾਂ ਦੀ ਗੇਂਦ ਝਾੜੀਆਂ ਵਿੱਚ ਚਲੀ ਗਈ। ਜਦੋਂ ਇਕ ਬੱਚਾ ਗੇਂਦ ਚੁੱਕਣ ਲਈ ਗਿਆ ਤਾਂ ਉੱਥੇ ਸੜੀ ਹੋਈ ਲਾਸ਼ ਬਰਾਮਦ ਹੋਈ। ਉਨ੍ਹਾਂ ਨੇ ਇਸ ਜਾਣਕਾਰੀ ਉਥੇ ਲੋਕਾਂ ਨੂੰ ਦਿੱਤੀ। ਰੇਹੜੀ ਵਾਲੇ ਨੇ ਲੋਕਾਂ ਨੂੰ ਇਕੱਠੇ ਕਰ ਲਿਆ, ਜਿਸ ਤੋਂ ਬਾਅਦ ਪੁਲਿਸ ਨੂੰ ਸੂਚਨਾ ਦਿੱਤੀ। ਏਸੀਪੀ ਸੁਖਜਿੰਦਰ ਸਿੰਘ ਨੇ ਦੱਸਿਆ ਕਿ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਔਰਤ ਦੀ ਸ਼ਨਾਖਤ ਲਈ ਕੋਸ਼ਿਸ਼ ਕੀਤੀ ਜਾ ਰਹੀ।
ਲਾਸ਼ ਨੂੰ ਕਬਜ਼ੇ ਉਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਕੇ ਥਾਣਾ-1 ਦੀ ਪੁਲਿਸ ਨੇ ਵਾਰਦਾਤ ਵਾਲੀ ਥਾਂ ਦੇ ਆਸ-ਪਾਸ ਦੇ ਇਲਾਕਿਆਂ ਦੇ ਨਾਲ-ਨਾਲ ਹੋਰ ਕਸਬਿਆਂ ਵਿੱਚ ਵੀ ਔਰਤ ਦੇ ਲਾਪਤਾ ਹੋਣ ਸਬੰਧੀ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਥਾਣਾ ਸਦਰ ਦੀ ਪੁਲਿਸ ਨੇ ਇਸ ਘਟਨਾ ਬਾਰੇ ਜਲੰਧਰ ਸ਼ਹਿਰੀ ਤੇ ਦਿਹਾਤੀ ਥਾਣਿਆਂ ਦੀ ਪੁਲਿਸ ਨੂੰ ਵੀ ਸੂਚਿਤ ਕਰ ਦਿੱਤਾ ਤੇ ਆਪਣੇ-ਆਪਣੇ ਇਲਾਕਿਆਂ ਵਿੱਚ ਲਾਪਤਾ ਔਰਤ ਬਾਰੇ ਪੁੱਛ-ਪੜਤਾਲ ਕਰਨ ਲਈ ਕਿਹਾ।
ਇਸ ਤੋਂ ਇਲਾਵਾ ਦੇਰ ਰਾਤ ਤੱਕ ਪੁਲਿਸ ਨੇ ਘਟਨਾ ਵਾਲੀ ਥਾਂ ਦੇ ਆਲੇ-ਦੁਆਲੇ ਮੁੱਖ ਮਾਰਗ ਉਤੇ ਲੱਗੇ ਸੀਸੀਟੀਵੀ ਕੈਮਰਿਆਂ ਨੂੰ ਵੀ ਖੰਗਾਲਣਾ ਸ਼ੁਰੂ ਕਰ ਦਿੱਤਾ ਸੀ। ਪੁਲਿਸ ਨੇ ਇਸ ਮਾਮਲੇ ਸਬੰਧੀ ਆਲੇ-ਦੁਆਲੇ ਲੋਕਾਂ ਤੋਂ ਬਾਰੀਕੀ ਨਾਲ ਪੁੱਛਗਿਛ ਕੀਤੀ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
ਇਹ ਵੀ ਪੜ੍ਹੋ : ਤੇਲੰਗਾਨਾ ਵਿੱਚ ਸਨ ਸਟ੍ਰੋਕ ਕਾਰਨ 17 ਲੋਕਾਂ ਦੀ ਹੋਈ ਮੌਤ